ਸ਼ਹਿਰ ਵਿੱਚ ਭਿਖਾਰੀਆਂ ਦੀ ਲਗਾਤਾਰ ਵੱਧਦੀ ਗਿਣਤੀ ਕਾਰਨ ਲੋਕ ਪਰੇਸ਼ਾਨ

ਸ਼ਹਿਰ ਵਿੱਚ ਭਿਖਾਰੀਆਂ ਦੀ ਲਗਾਤਾਰ ਵੱਧਦੀ ਗਿਣਤੀ ਕਾਰਨ ਲੋਕ ਪਰੇਸ਼ਾਨ
ਮਾਰਕੀਟਾਂ ਅਤੇ ਟ੍ਰੈਫਿਕ ਲਾਈਟਾਂ ਤੇ ਭਿਖਾਰੀਆਂ ਦੀ ਭਰਮਾਰ, ਪੁਲੀਸ ਨਹੀਂ ਕਰਦੀ ਭਿਖਾਰੀਆਂ ਦੇ ਖਿਲਾਫ ਕਾਰਵਾਈ
ਐਸ.ਏ.ਐਸ.ਨਗਰ, 18 ਸਤੰਬਰ (ਆਰ.ਪੀ.ਵਾਲੀਆ) ਪਿਛਲੇ ਕੁੱਝ ਸਮੇਂ ਦੌਰਾਨ ਸ਼ਹਿਰ ਵਿੱਚ ਭਿਖਾਰੀਆਂ ਦੀ ਗਿਣਤੀ ਲਗਾਤਰ ਵੱਧ ਰਹੀ ਹੈ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ               ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ| ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਵੱਡੀ ਗਿਣਤੀ ਵਿੱਚ ਅਜਿਹੇ ਭਿਖਾਰੀ ਆਮ ਦਿਖ ਜਾਂਦੇ ਹਨ ਜਿਹੜੇ ਸਾਰਾ ਦਿਨ  ਇਨ੍ਹਾਂ ਸੜਕਾਂ ਤੇ ਘੁੰਮ ਕੇ ਭੀਖ ਮੰਗਦੇ ਨਜਰ ਆਉਂਦੇ ਹਨ| ਇਹਨਾਂ ਵਿੱਚ ਛੋਟੇ ਬੱਚੇ ਅਤੇ ਔਰਤਾਂ ਸ਼ਾਮਿਲ ਹੁੰਦੀਆਂ ਹਨ ਅਤੇ ਸ਼ਹਿਰ ਦੀ ਲੱਗਭੱਗ ਹਰੇਕ ਮਾਰਕੀਟ ਅਤੇ ਚੌਂਕ ਤੇ ਇਨ੍ਹਾਂ ਭਿਖਾਰੀਆਂ ਨੂੰ ਆਮ                               ਦੇਖਿਆ ਜਾ ਸਕਦਾ ਹੈ| 
ਇਹ ਭਿਖਾਰੀ ਆਉਂਦੇ ਜਾਂਦੇ ਲੋਕਾਂ ਤੋਂ ਕਿਸੇ ਨਾ ਕਿਸੇ ਚੀਜ ਦੀ ਮੰਗ ਕਰਦੇ ਹਨ ਅਤੇ ਮਾਰਕੀਟ ਵਿੱਚ ਆਉਣ ਵਾਲੇ ਲੋਕਾਂ ਦੇ ਪਿੱਛੇ ਲਗ ਕੇ ਉਦੋਂ ਤੱਕ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਜਦੋਂ ਤੱਕ ਕਿ ਸਾਹਮਣੇ ਵਾਲਾ ਇਨਾਂ ਨੂੰ ਕੁਝ ਦੇ ਨਾ ਦੇਵੇ| ਇਸਦੇ ਨਾਲ ਹੀ ਸ਼ਹਿਰ ਦੇ ਲੱਗਭੱਗ ਹਰੇਕ ਚੌਂਕ ਤੇ ਇਨ੍ਹਾਂ ਨੂੰ ਭੀਖ ਮੰਗਦੇ ਦੇਖਿਆ ਜਾ ਸਕਦਾ ਹੈ| ਇਹ ਲੋਕ ਚੌਂਕਾਂ ਤੇ ਰੈਡ ਲਾਇਟ ਹੋਣ ਤੇ ਉੱਥੇ ਖੜੇ ਵਾਹਨ ਚਾਲਕਾਂ ਦੇ ਮਗਰ  ਲਗ ਜਾਂਦੇ ਹਨ ਅਤੇ ਜਦੋਂ ਤੱਕ ਸਾਹਮਣੇ ਵਾਲਾ ਇਨ੍ਹਾਂ ਨੂੰ ਕੁਝ ਦੇ ਨਹੀਂ ਦਿੰਦਾ ਇਹ ਲੋਕ ਉੱਥੋਂ ਨਹੀਂ ਜਾਂਦੇ| ਇਹਨ੍ਹਾਂ ਵਿਚੋਂ ਕੁਝ ਅਜਿਹੇ ਵੀ ਹਨ ਜੋ ਕਿ ਮੰਗ ਪੂਰੀ ਨਾ ਹੋਣ ਤੇ ਸਾਹਮਣੇ ਵਾਲੇ ਨੂੰ ਮੰਦੀ ਸ਼ਬਦਾਵਲੀ ਅਤੇ ਗਾਲ੍ਹਾਂ ਤੱਕ ਕੱਢਦੇ ਹਨ ਜਿਸ ਨਾਲ ਮਾਹੌਲ ਤਨਾਅਪੂਰਨ ਹੋ ਜਾਂਦਾ ਹੈ| 
ਸਥਾਨਕ ਫੇਜ਼ 3ਬੀ2 ਦੇ ਦੁਕਾਨਦਾਰ ਸ੍ਰ. ਅਮਰੀਕ ਸਿੰਘ ਸਾਜਨ ਨੇ ਇਸ ਸੰਬੰਧੀ ਕਿਹਾ ਕਿ ਇਹ ਲੋਕ ਸਾਰਾ ਦਿਨ ਮਾਰਕੀਟ ਵਿੱਚ ਘੁੰਮਦੇ ਹਨ ਅਤੇ ਇੱਥੇ ਗੰਦਗੀ ਵੀ ਫੈਲਾਉਂਦੇ ਹਨ| ਉਹਨਾਂ ਕਿਹਾ ਕਿ ਇਹ ਮੰਗਤੇ ਮਾਰਕੀਟ ਵਿੱਚ ਆਉਣ ਵਾਲੇ ਤਕਰੀਬਨ ਹਰੇਕ ਵਿਅਕਤੀ ਦੇ ਪਿੱਛੇ ਪੈ ਜਾਂਦੇ ਹਨ ਅਤੇ ਇਸ ਦੌਰਾਨ ਜੇਕਰ ਕੋਈ ਵਿਅਕਤੀ ਇਨ੍ਹਾਂ ਨੂੰ ਕੁਝ ਦੇਣ ਤੋਂ ਇਨਕਾਰ ਕਰ ਦਵੇ ਤਾਂ ਇਹ ਉਸਨੂੰ ਮੰਦਾ ਚੰਗਾ ਬੋਲਦੇ ਹਨ| ਉਹਨਾਂ ਕਿਹਾ ਕਿ ਅੱਜ ਕਲ੍ਹ ਕੋਰੋਨਾ ਕਾਲ ਦੇ ਚਲਦੇ ਇਨ੍ਹਾਂ ਕਾਰਨ ਇਸ ਮਾਹਾਂਮਾਰੀ ਦੇ ਪ੍ਰਸਾਰ ਵਿੱਚ ਵਾਧਾ ਹੋਣ ਦਾ ਡਰ ਬਣਿਆ ਰਹਿੰਦਾ ਹੈ ਕਿਉਂਕਿ ਇਹ ਲੋਕ ਥਾਂ-ਥਾਂ ਜਾ ਕੇ ਭੀਖ ਮੰਗਦੇ ਹਨ ਅਤੇ ਸਫਾਈ ਵਿਵਸਥਾ ਦਾ ਬਿਲੱਕੁਲ ਕੋਈ ਧਿਆਨ ਨਹੀਂ ਦਿੰਦੇ ਜਿਸ ਕਾਰਨ ਇਨ੍ਹਾਂ ਨਾਲ ਹੋਰਨਾਂ ਲੋਕਾਂ ਤੱਕ ਇਹ ਬੀਮਾਰੀ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ| ਉਹਨਾਂ ਹਲਕਾ ਵਿਧਾਇਕ ਅਤੇ ਪੰਜਾਬ ਦੇ ਕੈਬਿਨੇਟ ਮੰਤਰੀ ਸ੍ਰ. ਬਲਬੀਰ ਸਿੰਘ ਨੂੰ ਅਪੀਲ ਕੀਤੀ ਕਿ ਸ਼ਹਿਰ ਵਿੱਚ ਘੁੰਮਦੇ ਇਨ੍ਹਾਂ ਭਿਖਾਰੀਆਂ ਨੂੰ ਫੜ੍ਹ ਕੇ ਕਾਬੂ ਕੀਤਾ ਜਾਵੇ ਤਾਂ ਜੋ ਇਨ੍ਹਾਂ ਕਾਰਨ ਸ਼ਹਿਰ ਦਾ ਮਾਹੌਲ ਖਰਾਬ ਨਾ ਹੋਵੇ| 
ਇਸ ਸੰਬਧੀ ਫੇਜ਼ 3 ਬੀ 2 ਦੀ ਮਾਰਕੀਟ ਦੇ ਦੁਕਾਨਦਾਰਾਂ ਦੀ                     ਜੱਥੇਬੰਦੀ ਟ੍ਰੇਡਰਜ ਵੇਲਫੇਅਰ                 ਐਸੋਸੀਏਸ਼ਨ ਦੇ ਇੱਕ ਵਫਦ ਵਲੋਂ ਮੁਹਾਲੀ ਦੇ ਐਸ ਡੀ ਐਮ ਨੂੰ ਮਿਲ ਕੇ ਇਸ ਸਮੱਸਿਆ ਦੇ ਹੱਲ ਲਈ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ| ਮਾਰਕੀਟ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ. ਅਕਵਿੰਦਰ ਸਿੰਘ ਗੋਸਲ ਨੇ ਦੱਸਿਆ ਕਿ ਵਫਦ ਨੇ ਐਸ ਡੀ ਐਮ ਨੂੰ ਦੱਸਿਆ ਕਿ ਇਹ ਮੰਗਤੇ ਸਾਰਾ ਦਿਨ ਮਾਰਕੀਟ ਵਿੱਚ ਆਉਣ ਵਾਲੇ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ ਅਤੇ ਇਹਨਾਂ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ| ਵਫਦ ਵਿੱਚ ਮਾਰਕੀਟ ਦੇ ਚੇਅਰਮੈਨ ਕੁਲਦੀਪ ਸਿੰਘ ਕਟਾਣੀ, ਪ੍ਰਧਾਨ ਸ੍ਰ. ਦਿਲਾਵਰ ਸਿੰਘ, ਸਕੱਤਰ ਸ੍ਰੀ ਰਾਜੀਵ ਭਾਟੀਆ ਤੋਂ ਇਲਾਵਾ ਸ੍ਰੀ ਸੁਸ਼ੀਲ ਵਰਮਾ ਅਤੇ ਜਤਿੰਦਰਪਾਲ ਢੀਂਗਰਾ ਵੀ ਸ਼ਾਮਿਲ ਸਨ|

Leave a Reply

Your email address will not be published. Required fields are marked *