ਸ਼ੌਰਿਆ ਚੱਕਰ ਵਿਜੇਤਾ ਬਲਵਿੰਦਰ ਸਿੰਘ ਭੀੱਖੀਵਿੰਡ ਦੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ : ਰਘੁਨਾਥ ਸਿੰਘ


ਐਸ ਏ ਐਸ ਨਗਰ, 19 ਅਕਤੂਬਰ  (ਸ.ਬ.) ਸ਼ੌਰਿਆ ਚੱਕਰ ਪ੍ਰਾਪਤ ਸੀ ਪੀ ਆਈ (ਐਮ) ਦੇ ਸਾਬਕਾ ਸੂਬਾ ਕਮੇਟੀ ਮੈਂਬਰ ਕਾਮਰੇਡ ਬਲਵਿੰਦਰ ਸਿੰਘ ਭੀਖੀਵਿੰਡ ਦੇ ਕਤਲ ਦੀ ਘੋਰ ਨਿੰਦਾ ਕਰਦਿਆਂ ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਨੇ ਮੰਗ ਕੀਤੀ ਹੈ ਕਿ ਕਾਮਰੇਡ ਬਲਵਿੰਦਰ ਸਿੰਘ ਭੀਖੀਵਿੰਡ ਦੇ ਕਤਲ ਦੀ ਗਹਿਰਾਈ ਵਿੱਚ ਉਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ| ਉਹਨਾਂ ਮੰਗ ਕੀਤੀ ਹੈ ਕਿ ਇਹ ਵੀ ਜਾਂਚ ਕੀਤੀ ਜਾਵੇ ਕਿ ਬਲਵਿੰਦਰ ਸਿੰਘ ਤੋਂ ਸੁਰਖਿਆ ਕਿਉਂ ਵਾਪਿਸ ਲਈ ਗਈ ਅਤੇ ਕਿਸ ਸਰਕਾਰੀ ਅਧਿਕਾਰੀ ਨੇ ਸੁਰੱਖਿਆ ਵਾਪਿਸ ਲਏ ਜਾਣ ਦੇ ਹੁਕਮ ਜਾਰੀ ਕੀਤੇ ਹਨ| 
ਇੱਥੇ ਜਾਰੀ ਬਿਆਨ ਵਿਚ ਉਹਨਾਂ ਕਿਹਾ ਕਿ ਬਲਵਿੰਦਰ ਸਿੰਘ ਭੀਖੀਵਿੰਡ ਲਾਲ ਝੰਡੇ ਦਾ ਉਹ                ਦਲੇਰ ਸਿਪਾਹੀ ਸੀ ਜੋ ਸੀਸ ਤਲੀ ਤੇ ਧਰਕੇ ਖਾਲਿਸਤਾਨੀ ਦਹਿਸ਼ਤਗਰਦਾਂ ਨਾਲ ਲੜਦਾ ਰਿਹਾ| ਉਸਦੀ ਅਤੇ ਉਸਦੇ ਪਰਿਵਾਰ ਦੀ ਅੱਤਵਾਦ ਵਿਰੁੱਧ ਸੰਘਰਸ਼ ਵਿੱਚ ਦ੍ਰਿੜਤਾ ਅਤੇ ਦਲੇਰੀ ਸਦਕਾ ਹੀ ਉਸਨੂੰ ਅਤੇ ਪਰਿਵਾਰ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਉਹ ਹਮੇਸ਼ਾ ਅੱਤਵਾਦੀ ਦਹਿਸ਼ਤਗਰਦਾਂ ਦੀਆਂ ਅਖਾਂ ਵਿੱਚ ਰੜਕਦਾ ਰਹਿੰਦਾ ਸੀ| 
ਉਹਨਾਂ ਕਿਹਾ ਕਿ ਕਾਮਰੇਡ ਬਲਵਿੰਦਰ ਸਿੰਘ ਭੀਖੀਵਿੰਡ ਉਹਨਾਂ ਸਾਰੇ ਲੋਕਾਂ ਲਈ ਇਕ ਮਿਸਾਲ ਸੀ ਜੋ ਦਹਿਸ਼ਤਗਰਦਾਂ ਵਿਰੁੱਧ ਲੋਕਾਂ ਨੂੰ ਜਾਗਰੂਕ ਅਤੇ ਲਾਮਬੰਦ ਕਰਕੇ                     ਬੇਕਿਰਕੀ ਨਾਲ ਲੜਾਈ ਲੜ ਰਹੇ ਸਨ| ਦੇਸ਼ ਦੀ ਏਕਤਾ-ਅਖੰਡਤਾ ਅਤੇ ਫਿਰਕੂ ਅਮਨ ਅਤੇ ਸਦਭਾਵਨਾ ਦੀ ਰਾਖੀ ਲਈ ਪਾਏ ਯੋਗਦਾਨ ਲਈ ਮਿਹਨਤਕਸ਼, ਅਮਨ ਅਤੇ ਇਨਸਾਫ ਪਸੰਦ ਲੋਕ ਹਮੇਸ਼ਾਂ ਕਾਮਰੇਡ ਬਲਵਿੰਦਰ ਸਿੰਘ ਭੀਖੀਵਿੰਡ ਨੂੰ ਯਾਦ ਕਰਦੇ ਰਹਿਣਗੇ| 
ਰਘੁਨਾਥ ਸਿੰਘ ਨੇ ਮੰਗ ਕੀਤੀ ਕਿ ਕਾਮਰੇਡ ਬਲਵਿੰਦਰ ਸਿੰਘ ਦਾ ਨਾਂ ਵੀ ਉਹਨਾਂ ਸ਼ਹੀਦਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਜਾਵੇ ਜਿਨ੍ਹਾਂ ਨੇ ਅੱਤਵਾਦ-ਵੱਖਵਾਦ ਵਿਰੁੱਧ ਸੰਘਰਸ਼ ਦੌਰਾਨ ਆਪਣੇ ਜੀਵਨ ਬਲੀਦਾਨ ਕੀਤੇ ਅਤੇ ਨਾਲ ਹੀ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਦੇ ਪਰਿਵਾਰ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ| ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਕਾਮਰੇਡ ਬਲਵਿੰਦਰ ਸਿੰਘ ਭੀਖੀਵਿੰਡ ਦੇ ਕਤਲ ਦੀ ਉਚ ਪੱਧਰੀ ਜਾਂਚ ਕਰਵਾਕੇ ਸਾਰੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਨਾ ਕੀਤਾ ਤਾਂ ਮਿਹਨਤਕਸ਼, ਜਮਹੂਰੀਅਤ, ਅਮਨ ਅਤੇ ਇਨਸਾਫ ਪਸੰਦ ਲੋਕ ਚੁੱਪ ਨਹੀ ਬੈਠਣਗੇ ਅਤੇ ਹਰ ਰੰਗ ਦੇ ਫਿਰਕੂ ਅਨਸਰਾਂ ਵਿਰੁੱਧ ਸੰਘਰਸ਼ ਜਾਰੀ ਰਖਿਆ ਜਾਵੇਗਾ|

Leave a Reply

Your email address will not be published. Required fields are marked *