ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭਰੋਸੇ ਯੋਗਤਾ ਬਹਾਲ ਕਰਨ ਲਈ ਚੋਣਾਂ ਦੀ ਵਿਧੀ ਤੇ ਪ੍ਰਬੰਧਕੀ ਢਾਂਚੇ ਵਿੱਚ ਸੁਧਾਰਾਂ ਦੀ ਲੋੜ : ਬੱਬੀ ਬਾਦਲ


ਐਸ ਏ ਐਸ ਨਗਰ, 17 ਨਵੰਬਰ (ਸ.ਬ.) ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਯੂਥ ਵਿੰਗ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹੀ ਅਰਥਾਂ ਵਿੱਚ ਸਿੱਖਾਂ ਦੀ ਖੁਦ-ਮੁਖਤਿਆਰ ਧਾਰਮਿਕ ਸੰਸਥਾ ਬਣਾਉਣ ਲਈ ਅਤੇ ਮਿਥੇ          ਸਮੇਂ ਤੇ ਚੋਣਾਂ ਕਰਵਾਉਣ ਲਈ ਸਿੱਖ ਪੰਥ ਸਥਾਈ ਗੁਰਦੁਆਰਾ ਕਮਿਸ਼ਨ ਸਥਾਪਤ ਕਰਕੇ ਦਿੱਲੀ ਦਰਬਾਰ ਦੀ ਸਿਆਸੀ ਚੁੰਗਲ ਤੋਂ ਮੁਕਤ ਕਰਵਾਉਣ ਦੇ ਨਾਲ ਨਾਲ ਸ੍ਰੋਮਣੀ ਕਮੇਟੀ ਉੱਤੇ ਕਾਬਜ ਬਾਦਲ ਦਲ ਕੋਲੋਂ ਅਜਾਦ ਕਰਵਾਕੇ ਗੁਰੂ ਘਰਾਂ ਦਾ ਪ੍ਰਬੰਧ ਸਹੀ ਸੇਵਾ ਭਾਵਨਾ ਵਾਲੇ ਲੋਕਾਂ ਦੇ ਹੱਥ ਦੇਣਾ ਸਮੇ ਦੀ ਮੰਗ ਹੈ| 
ਸ੍ਰੋਮਣੀ ਕਮੇਟੀ ਦੇ 100 ਸਾਲ ਪੂਰੇ ਹੋਣ ਤੇ ਸਿੱਖ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਉਹਨਾਂ ਕਿਹਾ ਕਿ ਮੌਜੂਦਾ ਗੁਰਦੁਆਰਾ ਐਕਟ ਰਾਹੀਂ ਮਿਲੇ ਅਧਿਕਾਰਾਂ ਦੀ ਦੁਰ ਵਰਤੋਂ ਕੀਤੀ ਜਾ ਰਹੀ ਹੈ| ਪੰਜਾਬ ਅਤੇ  ਦਿੱਲੀ ਦੇ ਹਾਕਮ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਕਦੇ ਵੀ ਸਮੇਂ ਸਿਰ ਕਮੇਟੀ ਦੀ ਚੋਣ ਨਹੀਂ ਕਰਵਾਉਦੇ| ਉਨ੍ਹਾਂ ਕਿਹਾ ਕਿ ਐਕਟ ਵਿੱਚ ਕੋਈ ਵੀ ਅਜੇਹੀ ਮੱਦ ਨਹੀਂ ਕਿ ਚੋਣਾਂ ਹਰ ਹਾਲਤ ਵਿੱਚ ਪੰਜਾਂ ਸਾਲਾਂ ਬਾਅਦ ਹੀ ਹੋਣਗੀਆਂ ਅਤੇ ਨਾ ਹੀ ਮਿਆਦ ਖਤਮ ਹੋਣ ਤੇ ਕਮੇਟੀ ਹਾਊਸ ਨੂੰ ਭੰਗ ਕਰਨ ਦੀ ਮਦ ਹੈ ਅਤੇ ਮੌਜੂਦਾ ਗੁਰਦੁਆਰਾ ਐਕਟ, ਜਿਹੜਾ ਅੰਗਰੇਜ਼ਾਂ ਨੇ 100 ਸਾਲ ਪਹਿਲਾਂ, ਸਿੱਖ ਧਾਰਮਿਕ ਸੰਸਥਾਵਾਂ ਉੱਤੇ ਕੰਟਰੋਲ ਰੱਖਣ ਥੋਪਿਆ ਸੀ, ਜਿਉਂ ਦਾ ਤਿਉਂ ਚਲਦਾ ਆ ਰਿਹਾ ਹੈ|
ਉਹਨਾਂ ਕਿਹਾ ਕਿ 1966 ਵਿੱਚ   ਪੰਜਾਬੀ ਸੂਬੇ ਦੇ ਬਣਨ ਪਿੱਛੋਂ, ਕੇਂਦਰ ਸਰਕਾਰ ਨੇ ਸ੍ਰੋਮਣੀ ਕਮੇਟੀ ਨੂੰ ਅੰਤਰ-ਰਾਜੀ ਕਾਰਪੋਰੇਸ਼ਨ ਐਲਾਣ ਦਿੱਤਾ| ਪੰਜਾਬ ਸਰਕਾਰ ਤੋਂ ਗੁਰਦੁਆਰਾ ਐਕਟ ਦਾ ਕੰਟਰੋਲ ਖੋਹਕੇ ਕੇਂਦਰ ਸਰਕਾਰ ਨੇ ਪਾਰਲੀਮੈਂਟ ਅਤੇ ਕੇਂਦਰੀ ਗ੍ਰਹਿ ਵਿਭਾਗ ਨੂੰ ਦੇ ਦਿੱਤਾ ਹੈ ਜਦੋਂਕਿ            ਕਮੇਟੀ ਦੇ 170 ਮੈਂਬਰਾਂ ਵਿੱਚੋਂ ਸਿਰਫ 12 ਮੈਂਬਰ ਹਰਿਆਣਾਂ ਅਤੇ ਇੱਕ-ਇੱਕ ਮੈਂਬਰ ਹਿਮਾਚਲ ਅਤੇ ਚੰਡੀਗੜ੍ਹ ਵਿੱਚੋਂ ਚੁਣੇ ਜਾਂਦੇ ਹਨ ਅਤੇ ਸ਼੍ਰੋਮਣੀ ਕਮੇਟੀ ਦੇ ਡੇਢ ਸੌ ਤੋਂ ਵੱਧ ਮੈਂਬਰਾਂ ਦੀ ਚੋਣ ਪੰਜਾਬ ਵਿੱਚੋਂ ਹੋਣ ਕਰਕੇ, ਗੁਰਦੁਆਰਾ ਐਕਟ ਪੰਜਾਬ ਸਰਕਾਰ ਅਧੀਨ ਹੀ ਹੋਣਾ ਚਾਹੀਦਾ ਹੈ|
ਇਸ ਮੌਕੇ ਸਿੱਖ ਬੁੱਧੀਜੀਵੀ ਅਤੇ  ਸ੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਗੁਰਪ੍ਰਤਾਪ ਸਿੰਘ ਰਿਆੜ ਨੇ ਮੋਜੂਦਾ ਕਮੇਟੀ ਨੂੰ ਆਤਮ ਚਿੰਤਨ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਸ੍ਰੋਮਣੀ ਕਮੇਟੀ ਵੱਲੋਂ ਸ਼ਤਾਬਦੀ ਸਮਾਗਮਾਂ ਨੂੰ ਸਿਆਸੀ ਹਿੱਤਾਂ ਲਈ ਵਰਤਣਾ ਮੰਦਭਾਗਾ ਹੈ|  ਇਸ ਮੌਕੇ ਬਲਬੀਰ ਸਿੰਘ ਖਾਲਸਾ, ਜਵਾਲਾ ਸਿੰਘ ਖਾਲਸਾ, ਹਰਪਾਲ ਸਿੰਘ, ਜਸਰਾਜ ਸਿੰਘ ਸੋਨੂੰ, ਮੰਗਲ ਸਿੰਘ, ਰਣਧੀਰ ਸਿੰਘ, ਇਕਬਾਲ ਸਿੰਘ, ਜਸਵਿੰਦਰ ਸਿੰਘ ਖਾਲਸਾ, ਬਾਬਾ ਨਰਿੰਦਰ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਗੁਰਸੇਵਕ ਸਿੰਘ ਸੇਖਨ ਮਾਜਰਾ, ਜਗਦੀਪ ਸਿੰਘ, ਪ੍ਰੀਤਮ ਸਿੰਘ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *