ਸਾਂਬਾ ਵਿੱਚ ਅੱਤਵਾਦੀ ਜ਼ਹੂਰ ਗ੍ਰਿਫ਼ਤਾਰ, 3 ਭਾਜਪਾ ਆਗੂਆਂ ਦੀ ਹੱਤਿਆ ਵਿੱਚ ਸੀ ਸ਼ਾਮਲ

ਜੰਮੂ, 13 ਫਰਵਰੀ (ਸ.ਬ.) ਅੱਤਵਾਦ ਖ਼ਿਲਾਫ਼ ਜੰਗ ਲੜ ਰਹੀ ਜੰਮੂ-ਕਸ਼ਮੀਰ ਪੁਲੀਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪਿਛਲੇ ਸਾਲ ਕੁਲਗਾਮ ਵਿੱਚ ਤਿੰਨ ਭਾਜਪਾ ਆਗੂਆਂ ਤੇ ਪੁਲੀਸ ਮੁਲਾਜ਼ਮ ਦੀ ਹੱਤਿਆ ਵਿੱਚ ਸ਼ਾਮਲ ਦਿ ਰਜਿਸਟੈਂਸ ਫਰੰਟ (ਟੀਆਰਐਫ) ਦੇ ਸਿਖਰਲੇ ਅੱਤਵਾਦੀ ਨੂੰ ਜ਼ਿਲ੍ਹਾ ਸਾਂਬਾ ਤੋਂ ਗ੍ਰਿਫ਼ਤਾਰ ਕੀਤਾ ਹੈ। ਅੱਤਵਾਦੀ ਨੂੰ ਗ੍ਰਿਫ਼ਤਾਰ ਕਰਨ ਲਈ ਅਨੰਤਨਾਗ ਪੁਲੀਸ ਦੀ ਵਿਸ਼ੇਸ਼ ਟੀਮ ਸਾਂਬਾ ਆਈ ਸੀ। 12-13 ਫਰਵਰੀ ਦੀ ਅੱਧੀ ਰਾਤ ਨੂੰ ਪੁਲੀਸ ਦੀ ਇਸ ਵਿਸ਼ੇਸ਼ ਟੀਮ ਨੇ ਜ਼ਿਲ੍ਹਾ ਸਾਂਬਾ ਵਿੱਚ ਜਿਸ ਜਗ੍ਹਾ ਇਹ ਅੱਤਵਾਦੀ ਲੁਕਿਆ ਹੋਇਆ ਸੀ, ਛਾਪਾ ਮਾਰਿਆ ਤੇ ਇਸ ਨੂੰ ਗ੍ਰਿਫ਼ਤਾਰ ਕਰ ਲਿਆ। ਅੱਤਵਾਦੀ ਨੂੰ ਕਸ਼ਮੀਰ ਲਿਜਾਇਆ ਗਿਆ ਹੈ।

ਆਈਜੀ ਕਸ਼ਮੀਰ ਵਿਜੈ ਕੁਮਾਰ ਨੇ ਖ਼ੁਦ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਗ੍ਰਿਫ਼ਤਾਰ ਅੱਤਵਾਦੀ ਦੀ ਪਛਾਣ ਜ਼ਹੂਰ ਅਹਿਮ ਰਾਥਰ ਉਰਫ਼ ਸਾਹਿਲ ਉਰਫ਼ ਖ਼ਾਲਿਦ ਵਜੋਂ ਹੋਈ ਹੈ। ਆਈਜੀਪੀ ਨੇ ਕਿਹਾ ਕਿ ਹੱਤਿਆ ਦੇ ਬਾਅਦ ਤੋਂ ਹੀ ਪੁਲੀਸ ਇਸ ਦੀ ਸਰਗਰਮੀ ਨਾਲ ਤਲਾਸ਼ ਕਰ ਰਹੀ ਸੀ। ਬੀਤੇ ਦਿਨੀਂ ਭਰੋਸੇਯੋਗ ਸੂਤਰਾਂ ਤੋਂ ਅਨੰਤਨਾਗ ਪੁਲੀਸ ਨੂੰ ਇਹ ਜਾਣਕਾਰੀ ਮਿਲੀ ਕਿ ਜ਼ਹੂਰ ਜ਼ਿਲ੍ਹਾ ਸਾਂਬਾ ਵਿੱਚ ਲੁਕਿਆ ਹੋਇਆ ਹੈ। ਸੂਚਨਾ ਮਿਲਦੇ ਹੀ ਅਨੰਤਨਾਗ ਪੁਲੀਸ ਦੀ ਵਿਸ਼ੇਸ਼ ਟੀਮ ਉਸ ਦੀ ਫੜੋ-ਫੜੀ ਲਈ ਜੰਮੂ ਲਈ ਰਵਾਨਾ ਹੋ ਗਈ। ਬੀਤੀ ਰਾਤ ਪੁਲੀਸ ਨੇ ਦੱਸੇ ਗਏ ਟਿਕਾਣੇ ਤੇ ਅਚਾਨਕ ਛਾਪਾ ਮਾਰਿਆ ਤੇ ਜ਼ਹੂਰ ਨੂੰ ਜ਼ਿੰਦਾ ਫੜ ਲਿਆ।

ਜਿਕਰਯੋਗ ਹੈ ਕਿ ਜ਼ਹੂਰ ਨੇ ਬੀਤੇ ਵਰ੍ਹੇ 29 ਅਕਤੂਬਰ ਨੂੰ ਕੁਲਗਾਮ ਦੇ ਵਾਈਕੇ ਪੋਰਾ ਵਿੱਚ ਤਿੰਨ ਭਾਜਪਾ ਵਰਕਰਾਂ ਫਿਦਾ ਹੁਸੈਨ ਯਾਟੂ, ਉਮੇਰ ਰਸ਼ੀਦ ਬੇਗ ਤੇ ਉਰ ਰਮਜ਼ਾਨ ਹਾਜ਼ਮ ਦੀ ਹੱਤਿਆ ਕਰ ਦਿੱਤੀ ਸੀ। ਇਹ ਤਿੰਨੋਂ ਭਾਜਪਾ ਆਗੂ ਜਦੋਂ ਇਕ ਕਾਰ ਵਿੱਚ ਜਾ ਰਹੇ ਸਨ, ਉਦੋਂ ਰਾਤ ਕਰੀਬ 8.20 ਵਜੇ ਸਾਹਮਣਿਓਂ ਆਏ ਅੱਤਵਾਦੀਆਂ ਨੇ ਉਨ੍ਹਾਂ ਤੇ ਅੰਨ੍ਹੇਵਾਹ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੰਭੀਰ ਰੂਪ ਵਿੱਚ ਜ਼ਖ਼ਮੀ ਤਿੰਨਾਂ ਨੌਜਵਾਨਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ। ਸਥਾਨਕ ਲੋਕਾਂ ਨੇ ਪੁਲੀਸ ਨੂੰ ਦੱਸਿਆ ਕਿ ਹਮਲਾਵਰ ਇਕ ਆਲਟੋ ਕਾਰ ਵਿੱਚ ਭੱਜ ਗਏ। ਜਾਂਚ ਕਰਨ ਤੇ ਟੀਆਰਐਫ ਅੱਤਵਾਦੀ ਜ਼ਹੂਰ ਦਾ ਨਾਂ ਸਾਹਮਣੇ ਆਇਆ। ਇਸ ਤੋਂ ਇਲਾਵਾ ਜ਼ਹੂਰ ਨੇ ਉਸੇ ਸਾਲ ਫੂਰਾ ਵਿੱਚ ਇਕ ਪੁਲੀਸ ਮੁਲਾਜ਼ਮ ਦੀ ਵੀ ਹੱਤਿਆ ਕਰ ਦਿੱਤੀ ਸੀ। ਇਨ੍ਹਾਂ ਹੱਤਿਆਵਾਂ ਤੋਂ ਬਾਅਦ ਹੀ ਜ਼ਹੂਰ ਗਾਇਬ ਸੀ। ਆਈਜੀਪੀ ਵਿਜੈ ਕੁਮਾਰ ਨੇ ਦੱਸਿਆ ਕਿ ਦਿ ਰਜਿਸਟੈਂਸ ਫਰੰਟ ਲਸ਼ਕਰ-ਏ-ਤਇਬਾ ਦਾ ਹੀ ਇਕ ਹੋਰ ਸੰਗਠਨ ਹੈ।

Leave a Reply

Your email address will not be published. Required fields are marked *