ਸਾਉਣੀ ਦੀਆਂ ਫਸਲਾਂ ਦੇ ਸਮਰਥਨ ਮੁੱਲ ਵਿੱਚ ਕੇਂਦਰ ਸਰਕਾਰ ਵਲੋਂ ਕੀਤਾ ਵਾਧਾ ਕਿਸਾਨਾਂ ਨਾਲ ਵੱਡਾ ਧੋਖਾ : ਲਖੋਵਾਲ

ਐਸ.ਏ.ਐਸ. ਨਗਰ, 2 ਜੂਨ (ਸ.ਬ.) ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਪ੍ਰਧਾਨ ਸ. ਅਜਮੇਰ ਸਿੰਘ ਲਖੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਸਾਉਣੀ ਦੀਆਂ ਫਸਲਾਂ ਵਿੱਚ ਕੀਤਾ ਵਾਧਾ ਬਹੁਤ ਹੀ ਘੱਟ ਹੈ ਅਤੇ ਝੋਨੇ ਦੇ ਰੇਟ ਵਿੱਚ ਸਿਰਫ 53 ਰੁ: ਦਾ ਕੀਤਾ ਵਾਧਾ (ਜੋ ਕੀਮਤ ਦਾ 2.5 ਫੀਸਦੀ ਬਣਦਾ ਹੈ) ਕਿਸਾਨਾਂ ਨਾਲ ਧੋਖਾ ਹੈ| ਉਹਨਾਂ ਕਿਹਾ ਕਿ ਬਾਕੀ ਫਸਲਾਂ ਵਿੱਚ ਕੀਤਾ ਵਾਧਾ ਵੀ 2 ਤੋਂ 3 ਫੀਸਦੀ ਬਣਦਾ ਹੈ ਜਦੋਂਕਿ ਕਿਸਾਨਾਂ ਦਾ ਖਰਚਾ, ਲੇਬਰ, ਤੇਲ, ਬੀਜ਼, ਕੀੜੇਮਾਰ ਦਵਾਈਆਂ ਅਤੇ ਆਮ ਵਰਤੋਂ ਦੇ ਸਮਾਨ ਦੀਆਂ ਕੀਮਤਾਂ ਵਿੱਚ ਪਿਛਲੇ ਸਮੇਂ ਦੌਰਾਨ ਦੁੱਗਣਾ ਵਾਧਾ ਹੋਇਆ ਹੈ|
ਉਹਨਾਂ ਕਿਹਾ ਕਿ ਪਿਛਲੇ ਰੇਟਾਂ ਦੇ ਹਿਸਾਬ ਨਾਲ ਰੇਟ ਬਣਾਇਆ ਜਾਵੇ ਤਾਂ ਵੀ ਝੋਨੇ ਦਾ ਰੇਟ ਯੂਨੀਵਰਸਿਟੀ ਮੁਤਾਬਿਕ 3000 ਰੁਪਏ ਕੁਇੰਟਲ ਬਣਦਾ ਹੈ ਅਤੇ ਨਰਮੇ ਦਾ ਰੇਟ 8500 ਰੁਪਏ ਕੁਇੰਟਲ ਬਣਦਾ ਹੈ ਇਸਦੇ ਨਾਲ ਹੀ ਬਾਕੀ ਫਸਲਾਂ ਦੇ ਵੀ ਰੇਟ ਘੱਟ ਹਨ| ਉਹ ਫਸਲਾਂ (ਐਮ. ਐਸ. ਪੀ.) ਘੱਟੋ ਘੱਟ ਸਹਾਇਕ ਮੁੱਲ ਤੇ ਵੀ ਨਹੀਂ ਖਰੀਦਿਆਂ ਜਾਂਦੀਆਂ ਅਤੇ ਮੰਡੀਆਂ ਵਿੱਚ ਇਨ੍ਹਾਂ ਫਸਲਾਂ ਦੀ ਲੁੱਟ ਕੀਤੀ ਜਾਂਦੀ ਹੈ|
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਵੋਟਾਂ ਤਾਂ ਕਿਸਾਨਾਂ ਤੋਂ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਲਈ ਲਈਆਂ ਸਨ ਪਰ ਹੁਣ ਉਨ੍ਹਾਂ ਨੂੰ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਭਾਅ ਕਿਉਂ ਨਹੀਂ ਦਿੱਤੇ ਜਾ ਰਹੇ| ਉਹਨਾਂ ਕਿਹਾ ਕਿ ਇੰਨੇ ਕੁ ਭਾਅ ਨਾਲ ਤਾਂ ਉਨ੍ਹਾਂ ਦੇ ਖਰਚੇ ਵੀ ਪੂਰੇ ਨਹੀਂ ਹੋਣਗੇ| ਉਹਨਾਂ ਕਿਹਾ ਕਿ  ਘੱਟ ਭਾਅ ਮਿਲਣ ਕਾਰਨ ਕਿਸਾਨਾਂ ਸਿਰ ਕਰਜਾਂ ਚੜ੍ਹਿਆ ਹੈ, ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਕਿਸਾਨਾਂ ਦੇ ਜਿਣਸਾਂ ਦੇ ਭਾਅ ਸਿਰਫ 1966-67 ਤੋਂ 20 ਗੁਣਾ ਵਧੇ ਹਨ ਅਤੇ ਬਾਕੀ ਚੀਜ਼ਾਂ ਦੇ ਰੇਟ 100 ਤੋਂ 200 ਗੁਣਾ ਵਧੇ ਹਨ| 
ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਬਾਹਰਲੇ ਸੂਬਿਆਂ ਤੋਂ ਲੇਬਰ ਮੰਗਵਾ ਕੇ ਦਿੱਤੀ ਜਾਵੇ, ਲੇਬਰ ਆਉਣ ਲਈ ਤਿਆਰ ਕਰਨ ਦੇ ਪ੍ਰਬੰਧ ਸਰਕਾਰ ਕਰੇ ਅਤੇ ਟਿਊਬਵੈਲਾਂ ਤੇ ਬਿਜਲੀ ਰੋਜ਼ਾਨਾਂ 10 ਘੰਟੇ ਦਿੱਤੀ ਜਾਵੇ ਤਾਂ ਕਿ ਉਹ ਫਸਲ ਦੀ ਬਿਜਾਈ ਕਰ ਸਕਣ| ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀਆਂ ਇਨ੍ਹਾਂ ਮੰਗਾਂ ਵੱਲ ਧਿਆਨ ਨਾਂ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡਾ ਸ਼ੰਘਰਸ਼ ਕੀਤਾ ਜਾਵੇਗਾ|

Leave a Reply

Your email address will not be published. Required fields are marked *