ਸਾਊਦੀ ਅਰਬ ਨੇ 39,000 ਪਾਕਿ ਨਾਗਰਿਕਾਂ ਨੂੰ ਦੇਸ਼ ਵਿੱਚੋਂ ਕੱਢਿਆ

ਰਿਆਧ, 8 ਫਰਵਰੀ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ 7 ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ਤੇ ਅਮਰੀਕਾ ਵਿੱਚ ਦਾਖਲ ਹੋਣ ਤੇ ਪਾਬੰਦੀ ਲਾਉਣ ਦਾ ਹੁਕਮ ਜਾਰੀ ਹੋਇਆ ਤਾਂ ਹੜਕੰਪ ਮਚ ਗਿਆ| ਟਰੰਪ ਦੇ ਇਸ ਹੁਕਮ ਦੀ ਹਰ ਪਾਸੇ ਆਲੋਚਨਾ ਹੋਈ ਅਤੇ ਕੁਝ ਦੇਸ਼ਾਂ ਨੇ ਇਸ ਨੂੰ ਅਮਰੀਕਾ ਦਾ ਅੰਦਰੂਨੀ ਮਾਮਲਾ ਦੱਸਿਆ| ਹੁਣ ਮੁਸਲਿਮ ਬਹੁਲ ਦੇਸ਼ ਸਾਊਦੀ ਅਰਬ ਨੇ ਵੀਜ਼ਾ ਉਲੰਘਣ ਦੇ ਮਾਮਲਿਆਂ ਵਿੱਚ ਮਹਜ 4 ਮਹੀਨੇ ਦੌਰਾਨ ਤਕਰੀਬਨ 39,000 ਪਾਕਿਸਤਾਨੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ| ਇੱਥੋਂ ਤੱਕ ਕਿ ਇਕ ਸੀਨੀਅਰ ਸੁਰੱਖਿਆ ਅਧਿਕਾਰੀ ਨੂੰ ਹੁਕਮ ਦਿੱਤਾ ਗਿਆ ਹੈ ਕਿ ਪਾਕਿਸਤਾਨੀਆਂ ਨੂੰ ਦੇਸ਼ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਉਨ੍ਹਾਂ ਦੀ ਚੰਗੀ ਤਰ੍ਹਾਂ ਨਾਲ ਜਾਂਚ ਕੀਤੀ ਜਾਵੇ, ਕਿਉਂਕਿ ਡਰ ਹੈ ਕਿ ਉਨ੍ਹਾਂ ਵਿੱਚੋਂ ਕੁਝ ਆਈ. ਐਸ. ਆਈ. ਐਸ. ਦੇ ਹਮਦਰਦ ਹੋ ਸਕਦੇ ਹਨ|
ਸਾਊਦੀ ਗਜ਼ਟ ਨੇ ਸੁਰੱਖਿਆ ਸੂਤਰਾਂ ਦੇ ਹਵਾਲੇ ਤੋਂ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਰਿਹਾਇਸ਼ ਅਤੇ ਕੰਮ ਦੇ ਨਿਯਮਾਂ ਦੇ ਉਲੰਘਣ ਮਾਮਲਿਆਂ ਵਿੱਚ ਤਕਰੀਬਨ 39,000 ਪਾਕਿਸਤਾਨੀਆਂ ਨੂੰ ਵਾਪਸ ਭੇਜਿਆ ਗਿਆ ਹੈ| ਸੂਤਰਾਂ ਮੁਤਾਬਕ ਅੱਤਵਾਦੀ ਕਾਰਵਾਈ ਵਿੱਚ ਕਈ ਪਾਕਿਸਤਾਨੀ ਨਾਗਰਿਕਾਂ ਦੀ ਸ਼ਮੂਲੀਅਤ ਚਿੰਤਾ ਦਾ ਵਿਸ਼ਾ ਹੈ| ਸੂਤਰਾਂ ਨੇ ਦੱਸਿਆ ਕਿ ਬਹੁਤ ਸਾਰੇ ਪਾਕਿਸਤਾਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ, ਚੋਰੀ, ਜਾਅਲਸਾਜ਼ੀ ਅਤੇ ਹਿੰਸਾ ਦੇ ਅਪਰਾਧਾਂ ਵਿੱਚ ਫੜੇ ਗਏ ਹਨ| ਜਿਸ ਦੇ ਮੱਦੇਨਜ਼ਰ ਸ਼ੂਰਾ ਪਰੀਸ਼ਦ ਦੀ ਸੁਰੱਖਿਆ ਕਮੇਟੀ ਦੇ ਪ੍ਰਧਾਨ ਅਬਦੁੱਲਾ ਅਲ-ਸਦਾਉਨ ਨੇ ਸਾਊਦੀ ਅਰਬ ਵਿੱਚ ਕੰਮ ਲਈ ਨਿਯੁਕਤੀ ਤੋਂ ਪਹਿਲਾਂ ਪਾਕਿਸਤਾਨੀਆਂ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ| ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਨਾਲ ਨੇੜਤਾ ਦੀ ਵਜ੍ਹਾ ਤੋਂ ਪਾਕਿਸਤਾਨ ਖੁਦ ਅੱਤਵਾਦ ਤੋਂ ਪੀੜਤ ਹੈ|

Leave a Reply

Your email address will not be published. Required fields are marked *