ਸਾਊਦੀ ਅਰਬ ਵਿੱਚ ਪਹਿਲੀ ਵਾਰੀ ਮਹਿਲਾ ਮੈਰਾਥਨ ਦਾ ਕੀਤਾ ਗਿਆ ਆਯੋਜਨ

ਰਿਆਦ , 6 ਮਾਰਚ (ਸ.ਬ.) ਸੁਧਾਰਾਂ ਵੱਲ ਵੱਧ ਰਹੇ ਸਾਊਦੀ ਅਰਬ ਵਿਚ ਇਸ ਵਾਰੀ ਔਰਤਾਂ ਲਈ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ| ਸਾਊਦੀ ਅਰਬ ਵਿਚ ਵੱਡੀ ਗਿਣਤੀ ਵਿਚ ਔਰਤਾਂ ਨੇ ਪਹਿਲੀ ਵਾਰੀ ਮੈਰਾਥਨ ਵਿਚ ਭਾਗ ਲਿਆ| ਅਲ-ਅਹਸਾ-ਰਨਸ ਨਾਂ ਦੀ ਤਿੰਨ ਕਿਲੋਮੀਟਰ ਦੀ ਦੌੜ ਸ਼ਨੀਵਾਰ ਨੂੰ ਅਲ-ਅਹਸਾ ਦੇ ਪੂਰਬੀ ਸੂਬੇ ਵਿਚ ਹੋਈ| ਇਸ ਦੌੜ ਵਿਚ ਲੱਗਭਗ 1500 ਔਰਤਾਂ ਨੇ ਭਾਗ ਲਿਆ| ਇਸ ਦੌੜ ਵਿਚ ਹਰ ਵਰਗ ਦੀਆਂ ਔਰਤਾਂ ਨੇ ਹਿੱਸਾ ਲਿਆ ਜਿਨ੍ਹਾਂ ਵਿਚ ਪੇਸ਼ੇਵਰ, ਸ਼ੁਕੀਨ, ਬਜ਼ੁਰਗ ਅਤੇ ਜਵਾਨ ਆਦਿ ਸਨ| ਅਜਿਹਾ ਪਹਿਲੀ ਵਾਰੀ ਹੋਇਆ ਹੈ, ਜਦੋਂ ਇੱਥੇ ਇੰਨਾ ਵੱਡਾ ਆਯੋਜਨ ਕੀਤਾ ਗਿਆ ਹੈ| ਸਾਊਦੀ ਸਰਕਾਰ ਦੇ ਇਸ ਕਦਮ ਨੂੰ ਖੇਡਾਂ ਵਿਚ ਔਰਤਾਂ ਦੇ ਹਿੱਸਾ ਲੈਣ ਨੂੰ ਉਤਸ਼ਾਹਿਤ ਕਰਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ|
ਇਸ ਦੌੜ ਵਿਚ ਮਿਜ਼ਨਾ ਅਲ-ਨਾਸਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ| ਉਸ ਨੇ 15 ਮਿੰਟਾਂ ਵਿਚ ਦੌੜ ਪੂਰੀ ਕਰ ਲਈ| ਖੇਡਾਂ ਦੇ ਸਾਊਦੀ ਜਨਰਲ ਡਾਇਰੈਕਟਰ ਅਤੇ ਅਲ-ਅਹਸਾ ਨਗਰ ਪਾਲਿਕਾ ਨੇ ਮੈਰਾਥਨ ਨੂੰ ਸਪਾਂਸਰ ਕੀਤਾ| ਮੀਡੀਆ ਰਿਪੋਰਟਾਂ ਮੁਤਾਬਕ ਇਹ ਮੈਰਾਥਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਆਯੋਜਿਤ ਕੀਤੀ ਗਈ| ਇਸ ਵਿਚ ਔਰਤਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ| ਦੱਸਣਯੋਗ ਹੈ ਕਿ ਸਾਊਦੀ ਅਰਬ ਵਿਚ ਸੁਧਾਰਵਾਦੀ ਮੁਹਿੰਮ ਜਾਰੀ ਹੈ| ਇਸ ਦੌਰਾਨ ਔਰਤਾਂ ਨੂੰ ਉਤਾਸ਼ਾਹਿਤ ਕਰਨ ਲਈ ਨਵੇਂ-ਨਵੇਂ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ|
ਮੈਰਾਥਨ ਦੌੜ ਦੌਰਾਨ ਔਰਤਾਂ ਆਪਣੀ ਰਵਾਇਤੀ ਇਸਲਾਮੀ ਪੁਸ਼ਾਕ ਵਿਚ ਨਜ਼ਰ ਆਈਆਂ| ਉਹ ਕਾਫੀ ਉਤਸ਼ਾਹਿਤ ਨਜ਼ਰ ਆ ਰਹੀਆਂ ਸਨ| ਉਧਰ ਆਯੋਜਨ ਨਾਲ ਜੁੜੇ ਇਕ ਅਧਿਕਾਰੀ ਮਲਿਕ ਅਲ ਮੂਸਾ ਵੱਲੋਂ ਕਿਹਾ ਗਿਆ ਕਿ ਇਹ ਮੈਰਾਥਨ ਔਰਤਾਂ ਦੀ ਖੇਡਾਂ ਵਿਚ ਦਿਲਚਸਪੀ ਵਧਾਉਣ ਲਈ ਆਯੋਜਿਤ ਕੀਤੀ ਗਈ ਸੀ| ਸੂਤਰਾਂ ਮੁਤਾਬਕ ਅਗਲੇ ਮਹੀਨੇ ਦੇ ਸ਼ੁਰੂਆਤੀ ਹਫਤੇ ਵਿਚ ਇਕ ਹੋਰ ਮਹਿਲਾ ਮੈਰਾਥਨ ਦਾ ਆਯੋਜਨ ਹੋਵੇਗਾ, ਜਿਸ ਦੀ ਮੇਜ਼ਬਾਨੀ ਸਾਊਦੀ ਅਰਬ ਦਾ ਪਵਿੱਤਰ ਸ਼ਹਿਰ ਮੱਕਾ ਕਰੇਗਾ|

Leave a Reply

Your email address will not be published. Required fields are marked *