ਸਾਡੇ ਦੇਸ਼ ਦੀਆਂ ਸਿਆਸੀ ਪਾਰਟੀਆਂ ਨੂੰ ਸਿਰਫ ਚੋਣਾਂ ਮੌਕੇ ਹੀ ਆਉਂਦੀ ਹੈ ਆਮ ਲੋਕਾਂ ਦੀ ਯਾਦ

ਭਾਰਤ ਵਿੱਚ ਹੱਲਚਲ ਦਾ ਦੌਰ ਸਿਰਫ ਉਦੋਂ ਹੀ ਦੇਖਿਆ ਜਾਂਦਾ ਹੈ ਜਦੋਂ ਰਾਜਸੀ ਪਾਰਟੀਆਂ ਵਿਚਲਾ ਮੌਸਮ ਬਦਲਦਾ ਹੈ ਭਾਵ ਚੋਣਾਂ ਦਾ ਸਮਾਂ ਹੁੰਦਾ ਹੈ ਜਿਸ ਨਾਲ ਭਾਰਤ ਦੀ ਜਨਤਾ ਵਿੱਚ ਵੀ ਹਿਲਜੁਲ ਦਿਖਾਈ ਦਿੰਦੀ ਹੈ ਕਿਉਂਕਿ ਇਸੇ ਸਮੇਂ ਵਿੱਚ ਰਾਜਸੀ ਆਗੂਆਂ ਵਿੱਚ ਲੋਕਾਂ ਨੂੰ ਆਪਣੇ ਵੱਲ ਖਿਚਣ ਲਈ ਨਵੀਂ ਨਵੀਂ ਪ੍ਰਤੀਕ੍ਰਿਆ ਦੇਖਣ ਨੂੰ ਮਿਲਦੀ ਹੈ| ਇਹ ਗੱਲ ਵੀ ਨਹੀਂ ਹੈ ਕਿ ਸਿਆਸੀ ਪਾਰਟੀ ਦੀਆਂ ਇਹਨਾਂ ਚਾਲਾਂ ਵਿੱਚ ਆਮ ਜਨਤਾ ਦਾ  ਕੋਈ ਹਿੱਸਾ ਨਾ ਹੋਵੇ| ਇਹ ਸਿਆਸੀ ਚਾਲਾਂ ਉਦੋਂ ਹੀ ਸਫਲ ਹੁੰਦੀਆਂ ਹਨ ਜਦੋਂ ਉਸਨੂੰ ਜਨਤਾ ਦਾ ਵੀ ਭਰਵਾ ਹੁੰਗਾਰਾ ਮਿਲਦਾ ਹੈ|
ਅੱਜ ਦੇ ਦੌਰ ਵਿੱਚ ਚਾਹੇ ਤਾਂ ਉਹ ਅਕਾਲੀ ਦਲ ਹੋਵੇ ਜਾਂ ਕਾਂਗਰਸ, ਆਮ ਆਦਮੀ ਪਾਰਟੀ ਹੋਵੇ ਜਾਂ ਕੋਈ ਵੀ ਹੋਰ ਸਿਆਸੀ ਪਾਰਟੀਆਂ ਕਿਉਂ ਨਾ ਹੋਵੇ, ਚੋਣਾਂ ਨੇੜੇ ਆਉਣ ਸਾਰ ਇਹ ਸਾਰੀਆਂ ਪਾਰਟੀਆਂ ਆਪਣਾ ਕੋਈ ਨਵਾਂ ਰੂਪ ਪੇਸ਼ ਕਰਦੀਆਂ ਹਨ| ਇਹ ਸਿਲਸਿਲਾ ਸਾਰੀਆਂ ਹੀ ਪਾਰਟੀਆਂ ਵਿੱਚ ਨਾਲੋਂ ਨਾਲ ਚਲਣਾ ਸੁਰੂ ਹੋ ਜਾਂਦਾ ਹੈ ਪਰੰਤੂ ਜੇਕਰ ਦੇਖਿਆ ਜਾਵੇ ਤਾਂ ਇਸ ਵਿੱਚ ਸਭ ਤੋਂ ਵੱਡਾ ਰੋਲ ਆਮ ਲੋਕਾਂ ਦਾ ਹੁੰਦਾ ਹੈ ਜੋ ਕਿ ਨਵੇਂ ਸੋਨੇ ਦੀ ਚਮਕ ਨੂੰ ਦੇਖ ਕੇ ਖਿਚੇ ਚਲੇ ਜਾਂਦੇ ਹਨ|
ਅੱਜ ਕੱਲ ਦੀਆਂ ਨਵੀਆਂ ਨਵੀਆਂ ਸਿਆਸੀ ਚਾਲਾਂ ਜਿਵੇਂ ਸਿਆਸੀ ਪਾਰਟੀਆਂ ਵੱਲੋਂ ਮੁਫਤ ਮੋਬਾਇਲ ਦੇਣੇ ਜਾਂ ਰਸੋਈ ਗੈਸਾਂ ਵੰਡਣੀਆਂ, ਟੁਟੀਆਂ ਸੜਕਾਂ ਵੱਲ ਧਿਆਨ ਦੇਣਾ ਜਾਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਵਰਦੀਆਂ ਵੰਡਣੀਆਂ ਇਹ ਸਭ ਤਾਂ ਆਮ ਗੱਲ ਹੋ ਗਈ ਹੈ ਅਤੇ ਜਨਤਾ ਵੀ ਇਨ੍ਹਾਂ ਦਾ ਇਸ ਸਮੇਂ ਪੂਰਾ ਪੂਰਾ ਫਾਇਦਾ ਉਠਾਉਣ ਵਿੱਚ ਕੋਈ ਕਸਰ ਨਹੀਂ ਛੱਡਦੀ| ਮੌਜੂਦਾ ਦੌਰ ਵਿੱਚ ਵੋਟਾਂ ਆਉਣ ਨਾਲ ਲੋਕਾਂ ਵਿੱਚ ਵੀ ਇਹ ਸਮਝ ਬਣ ਗਈ ਹੈ ਕਿ ਚਾਹੇ ਪੂਰੇ ਕਾਰਜਕਾਲ ਦੌਰਾਨ ਕੁਝ ਨਾ ਹੋਵੇ ਪਰ ਚੋਣਾਂ ਦੇ ਦੌਰਾਨ ਉਹਨਾਂ ਦੀਆਂ ਮੰਗਾਂ ਵੱਲ ਜਰੂਰ ਧਿਆਨ ਦਿੱਤਾ ਜਾਵੇਗਾ ਚਾਹੇ ਉਹ ਸਿਕਾਇਤਾਂ ਦੂਰ ਹੋਣ ਚਾਹੇ ਨਾ ਹੋਣ ਪਰ ਫੇਰ ਵੀ ਇੱਕ ਤਸਲੀ ਰਹਿੰਦੀ ਹੈ| ਕੁਝ ਹੱਦ ਤੱਕ ਤਾਂ ਹਲਕੇ ਦੇ ਕੰਮ ਕੀਤੇ ਜਾਣਗੇ| ਜੋ ਕਿ ਬੀਤੇ ਸਮੇਂ ਦੇ ਜਖਮਾਂ ਤੇ ਮੱਲਮ ਦਾ ਕੰਮ ਵੀ
ਕਰਨਗੇ|
ਸਿਆਸੀ ਲੀਡਰਾਂ ਵੱਲੋਂ ਜਨਤਾ ਦੇ ਨਾਲ ਨਾਲ ਕੁਦਰਤੀ ਨੁਕਸਾਨ ਵਿੱਚ ਵੀ ਆਪਣਾ ਯੋਗਦਾਨ ਪਾਇਆ ਜਾਂਦਾ ਹੈ ਜਿਸ ਦੌਰਾਨ ਇੱਕ ਪਾਰਟੀ ਦੇ ਆਗੂਆਂ ਵਲੋਂ ਦੂਜੀਆਂ ਪਾਰਟੀਆਂ ਦੇ ਆਗੂਆਂ ਦੇ ਪੁਤਲੇ ਸਾੜ ਸਾੜ ਕੇ ਰੋਸ ਤਾਂ ਦਿਖਾਇਆ ਜਾਂਦਾ ਹੈ ਪਰ ਉਸ ਦੇ ਨਾਲ ਨਾਲ ਉਹ ਨੁਕਸਾਨ ਵੀ ਪੂਰੇ ਉਤਸਾਹ ਨਾਲ ਕਰਦੇ ਹਨ| ਕੁਝ ਨਵਾਂ ਕਰਨ ਦੇ ਚੱਕਰਾਂ ਤੇ ਲੋਕਾਂ ਦਾ ਧਿਆਨ ਆਪਣੇ ਵੱਲ ਕਰਨ ਲਈ ਸਿਆਸੀ ਪਾਰਟੀਆਂ ਵਿੱਚ ਵੀ ਹੁਣ ਇਕ ਨਵਾਂ ਦੌਰ ਚਲ ਪਿਆ| ਸਿਆਸੀ ਪਾਰਟੀਆਂ ਵੱਲੋਂ ਹੁਣ ਇਹ ਨਹੀਂ ਦੇਖਿਆ ਜਾਂਦਾ ਹੈ ਕਿ ਕਿਹੜਾ ਆਗੂ ਹੈ ਜੋ ਆਪਣਾ ਕੰਮ ਸਮਝ ਕੇ ਆਪਣੇ ਹਲਕੇ ਦਾ ਕੰਮ ਮਿਹਨਤ ਤੇ ਤਰਕੀ ਪੂਰਵਕ ਕਰਨਗੇ ਬਲਕਿ ਕੁੱਝ  ਸਿਆਸੀ ਪਾਰਟੀਆਂ ਖਰੀਦੋ ਫਰੋਖਤ ਵਿੱਚ ਭਰੋਸਾ ਰੱਖਦੀਆਂ ਹਨ ਭਾਵ ਚੋਣਾਂ ਦੇ ਸਮੇਂ ਉਹ ਆਪਣੀਆਂ ਕੁਝ ਸਹੂਲੀਅਤਾਂ ਦੇਖ ਕੇ ਟਿਕਟਾਂ ਵੇਚਦੀਆਂ ਹਨ ਅਤੇ ਇਸ ਦੌਰਾਨ ਪੁਰਾਣੇ ਉਮੀਦਵਾਰਾਂ ਨੂੰ ਗਿਣਤੀ ਵਿੱਚ ਵੀ ਨਹੀਂ ਲਿਆ ਜਾਂਦਾ ਜਿਸ ਕਰਕੇ ਪਾਰਟੀਆਂ ਦੇ ਵੀ ਪੁਰਾਣੇ ਮੈਂਬਰ ਦਲ ਬਦਲੀ ਵੱਲ ਧਿਆਨ ਦਿੰਦੇ ਹਨ ਜਿਸ ਨਾਲ ਪਾਰਟੀ ਨੂੰ ਤਾਂ ਨੁਕਸਾਨ ਹੁੰਦਾ ਹੀ ਹੈ ਪਰ ਉਸ ਹਲਕੇ ਨੂੰੰ ਵੀ ਅਪਣਾ ਚੰਗਾ ਉਮੀਦਵਾਰ ਗੁਆਉਣਾ ਪੈਂਦਾ ਹੈ| ਨਵੇਂ ਆਏ ਉਮੀਦਵਾਰ ਵੀ ਉਥੇ ਦੀ ਜਨਤਾ ਵਿੱਚ ਆਪਣੀ ਨਵੀਂ ਪਹਿਚਾਣ ਬਨਾਉਣ ਲਈ ਤੇ ਜਿੱਤ ਹਾਸਿਲ ਕਰਨ ਲਈ ਆਮ ਤੇ ਭੋਲੀ ਭਾਲੀ ਜਨਤਾ ਨੂੰ ਖੁਦ ਗਲਤ ਆਦਤਾਂ ਵਿੱਚ ਪਾਉਂਦੇ ਹਨ ਅਤੇ ਇਸਦਾ ਮੁੱਖ ਨਿਸ਼ਾਨਾ ਨੌਜਵਾਨ ਪੀੜੀ ਬਣਦੀ ਹੈ| ਇਸ ਦੌਰਾਨ ਨੌਜਵਾਨਾਂ ਨੂੰ ਸ਼ਰਾਬ ਤੇ ਹੋਰਨਾਂ ਨਸ਼ਿਆਂ ਦਾ ਸ਼ੌਕੀਨ ਬਣਾ ਦਿੱਤਾ ਜਾਂਦਾ ਹੈ ਕਿਉਂਕਿ ਉਮੀਦਵਾਰ ਨੂੰ ਵੀ ਨੌਜਵਾਨਾਂ ਕੋਲੋਂ ਆਪਣੀਆਂ ਰੈਲੀਆਂ ਕਢਣ ਤੇ ਪ੍ਰਚਾਰ ਕਰਨ ਲਈ ਵੱਡਾ ਹੁੰਗਾਰਾ ਚਾਹੀਦਾ ਹੁੰਦਾ ਹੈ ਜੋ ਕਿ ਚੋਣ ਜਿੱਤਣ ਲਈ ਇਕ ਜੜ੍ਹੀ ਬੂਟੀ ਦਾ ਕੰਮ ਕਰਦੀ ਹੈ|
ਇਨ੍ਹਾਂ ਦਿਨਾਂ ਵਿੱਚ ਹਰ ਪਾਰਟੀ ਦੇ ਉਮੀਦਵਾਰ ਆਪਣਾ ਆਪਣਾ ਦਾਉ ਖੇਡਦੇ ਹਨ ਤੇ ਚੋਣਾਂ ਦੇ ਦੌਰਾਨ ਵੱਖ ਵੱਖ ਰਾਜਨੀਤਿਕ ਪਾਰਟੀਆਂ ਵਲੋਂ ਮੁਫਤ ਦਾ ਸਮਾਨ ਵੰਡਣਾ  ਜਿਵੇਂ ਰੂਟੀਨ ਬਣਦਾ ਜਾ ਰਿਹਾ ਹੈ| ਜਨਤਾ ਵੀ ਇਸ ਸਾਰੇ ਕੁੱਝ ਦਾ ਮਜਾ ਲੈਂਦੀ ਹੈ ਕਿਉਂਕਿ ਨਾ ਤਾਂ ਜਨਤਾ ਉਮੀਦਵਾਰਾਂ ਤੋਂ ਕੋਈ ਵਾਧੂ ਰੱਖਦੀ ਹੈ ਤੇ ਨਾ ਹੀ ਉਮੀਦਵਾਰ ਜਿਆਦਾ ਦੂਰ ਦੀ ਸੋਚ ਕੇ ਸਿਰ ਦਰਦੀ ਲੈਂਦੇ ਹਨ| ਉੱਝ ਵੀ ਉਹ ਚੋਣਾਂ ਜਿੱਤਣ ਲਈ ਆਪਣਾ ਪੂਰਾ ਜੋਰ (ਅਤੇ ਧਨ) ਲੱਗਾ ਚੁੱਕੇ ਹੁੰਦੇ ਹਨ|
ਨਾ ਤਾਂ ਇਹ ਸਿਆਸੀ ਪਾਰਟੀਆਂ ਦਾ ਦੌਰ ਖਤਮ ਹੋਣਾ ਹੈ ਤੇ ਨਾ ਹੀ ਇਹ ਜਨਤਾ ਦਾ ਖੋਖਲਾ ਰੁਪ ਜੋ ਸਿਰਫ ਕੁਝ ਮੁਫਤ ਦੇ ਤੋਹਫੇ ਤੇ ਕੁਝ ਪੁਰਾਣੀਆਂ ਸਮਸਿਆਵਾਂ ਦੇ ਹੱਲ ਹੋ ਜਾਣ ਤੇ ਖੁਸ ਹੋ ਜਾਂਦੀ ਹੈ| ਨੌਜਵਾਨ ਪੀੜੀ ਮੁਫਤ ਦੀ ਸ਼ਰਾਬ ਤੇ ਪਾਰਟੀਆਂ ਵਿੱਚ ਹੀ ਆਪਣਾ ਉਮੀਦਵਾਰ ਚੁਣ ਲੈਂਦੀ ਹੈ| ਜਿਨ੍ਹਾਂ ਕਾਰਨ ਕੁਝ ਅਜਿਹੇ ਉਮੀਦਵਾਰ ਜੋ ਦਿਲ ਤੋਂ ਲੋਕਾਂ ਲਈ ਕੁਝ ਕਰ ਸਕਦੇ ਹਨ| ਉਹ ਵੀ ਆਮ ਜਨਤਾ ਦੀ ਭੀੜ ਵਿੱਚ ਛੁਪ ਜਾਂਦੇ ਹਨ|
ਸਵਾਲ ਤਾਂ ਇਨ੍ਹਾਂ ਦਿਨਾਂ ਵਿੱਚ ਕਈ ਪੈਦਾ ਹੁੰਦੇ ਹਨ ਚਾਹੇ ਨਵੇਂ ਉਮੀਦਵਾਰ ਖੜੇ ਹੋਣ ਜਾਂ ਮੁਫਤ ਵਿੱਚ ਸਮਾਨ ਵੰਡਣ, ਸਮਸਿਆਵਾਂ ਨੂੰ ਹੱਲ ਕਰਨਾ ਹੋਵੇ ਇਹ ਸਰਗਰਮੀਆਂ ਸਿਰਫ ਚੋਣਾਂ ਦੇ ਦੌਰਾਨ ਹੀ ਦੇਖਣ ਨੂੰ ਮਿਲਦੀਆਂ ਹਨ| ਇਸ ਦੇ ਨਾਲ ਨਾਲ ਸਿਆਸੀ ਪਾਰਟੀਆਂ ਵਲੋਂ ਇੱਕ ਦੂਜੇ ਉੱਤੇ ਇਲਜਾਮ ਲਗਾਉਣੇ ਵੀ ਕੋਈ ਨਵਾਂ ਕੰਮ ਨਹੀ ਹੈ| ਇਸ ਤਰ੍ਹਾਂ ਸਿਆਸੀ ਪਾਰਟੀਆਂ ਜਨਤਾ ਨੂੰ ਕੁਝ ਸਮੇਂ ਲਈ ਗੁੰਮਰਾਹ ਕਰ ਦਿੰਦੀਆਂ ਹਨ ਅਤੇ ਇਸ ਚੱਕਰ ਵਿੱਚ ਜਨਤਾ ਘੁਣ ਵਾਂਗ ਪਿਸੀ ਜਾਂਦੀ ਹੈ ਜੋ ਕਿ ਕੁਝ ਦੇਰ ਲਈ ਤਾਂ ਇੰਨਾ ਉਮੀਦਵਾਰਾਂ ਦੀਆਂ ਗੱਲਾਂ ਵਿੱਚ ਆ ਜਾਂਦੀਆਂ ਹਨ ਪਰ ਜਦੋਂ ਚੋਣਾਂ ਦਾ ਦੌਰ ਖਤਮ ਹੋ ਜਾਂਦਾ ਹੈ ਤਾਂ ਜਨਤਾ ਦੀ ਸੁਣਨ ਵਾਲਾ ਕੋਈ ਵੀ ਨਹੀਂ ਹੁੰਦਾ|
ਇਹ ਕਹਾਵਤ ਬਹੁਤ ਵਾਰ ਸੁਣੀ ਹੋਵੇਗੀ ਕਿ ਜੰਗ ਵਿੱਚ ਜਿੱਤਣ ਲਈ ਸਭ ਕੁਝ ਜਾਇਜ ਹੈ ਪਰ ਸਾਡੇ ਦੇਸ਼ ਵਿੱਚ ਤਾਂ ਇਹ ਜੰਗ ਹਰ 5 ਸਾਲ ਬਾਅਦ ਆਉਣ ਵਾਲੇ ਮੌਸਮ ਦਾ ਰੂਪ ਲੈ ਚੁੱਕੀ ਹੈ| ਚੋਣ ਲੜਣ ਵਾਲੇ ਉਮੀਦਵਾਰ ਵੀ ਆਪਣੀ ਪਾਰਟੀ ਦੇ ਕੰਮਾਂ ਵਿੱਚ ਮਿਹਨਤ ਕਰਕੇ ਨਹੀਂ ਬਲਕਿ ਉਸੇ ਸਮੇਂ ਕੁਝ ਕਾਰਜਸ਼ੀਲ ਪ੍ਰਤੀਕਿਰਿਆ ਕਰਕੇ ਜਨਤਾ ਨੂੰ ਆਪਣੇ ਹੱਕ ਵਿੱਚ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ ਅਤੇ ਆਮ ਜਨਤਾ ਵੀ ਸਮਝਦਾਰੀ ਨਾਲ ਆਪਣੀ ਭੂਮਿਕਾ ਨਿਭਾਉਣ ਵਿੱਚ ਅਸਫਲ ਰਹਿ ਜਾਂਦੀ ਹੈ|
ਰਵਨੀਤ ਕੌਰ

Leave a Reply

Your email address will not be published. Required fields are marked *