ਸਾਡੇ ਸਾਰਿਆਂ ਲਈ ਮਾਰੂ ਸਾਬਿਤ ਹੋਵੇਗਾ ਆਬੋਹਵਾ ਵਿੱਚ ਘੁਲਦਾ ਜ਼ਹਿਰ

ਪੰਜਾਬ ਅਤੇ ਹਰਿਆਣਾ ਦੇ ਨਾਲ ਨਾਲ ਦੇਸ਼ ਦੀ ਰਾਜਧਾਨੀ ਦਿੱਲੀ ਉੱਪਰ ਛਾਏ ਘਨੇ ਕੋਹਰੇ (ਜਿਸ ਵਿੱਚ ਵੱਡੀ ਮਾਤਰਾ ਧੂਏਂ ਦੀ ਹੈ) ਕਾਰਨ ਜਿੱਥੇ ਵੱਡੀ ਗਿਣਤੀ ਵਿੱਚ ਵਾਪਰਨ ਵਾਲੇ ਸੜਕ ਹਾਦਸਿਆਂ ਨੇ ਇਕੱਠੇ ਕਈ ਜਾਨਾਂ ਲੈ ਲਈਆਂ ਹਨ ਉੱਥੇ ਇਸ ਕਾਰਨ ਲੋਕਾਂ ਲਈ ਸਾਹ ਲੈਣਾ ਵੀ ਔਖਾ ਹੋ ਗਿਆ ਹੈ| ਇਹ ਸਾਡੀ ਆਬੋਹਵਾ ਵਿੱਚ ਘੁਲੇ ਜਹਿਰ (ਪ੍ਰਦੂਸ਼ਣ) ਦਾ ਹੀ ਨਤੀਜਾ ਹੈ ਕਿ ਅੱਜ ਹਾਲਾਤ ਇਹ ਹੋ ਗਈ ਹੈ ਕਿ ਮੌਸਮ ਵਿਭਾਗ ਵਲੋਂ ਅਗਲੇ ਇੱਕ ਹਫਤੇ ਤਕ ਧੁੰਧ ਅਤੇ ਕੋਹਰੇ ਦੀ ਇਸ ਸਮੱਸਿਆ ਦੇ ਜਾਰੀ ਰਹਿਣ ਦੀ ਭਵਿੱਖਬਾੜੀ ਕੀਤੇ ਜਾਣ ਤੋਂ ਬਾਅਦ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਅਤੇ ਸਵੇਰੇ ਸੈਰ ਕਰਨ ਲਈ ਵੀ ਨਾ ਨਿਕਲਣ ਕਿਉਂਕਿ ਅਜਿਹਾ ਕਰਨਾ ਉਹਨਾਂ ਦੀ ਸਿਹਤ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ|
ਸਾਡੀ ਆਬੋਹਵਾ ਵਿੱਚ ਵੱਧਦੇ ਇਸ ਪ੍ਰਦੂਸ਼ਣ ਦੀ ਇਸ ਸਮੱਸਿਆ (ਜਿਸਦੇ ਲਈ ਅਸੀਂ ਖੁਦ ਹੀ ਜਿੰਮੇਵਾਰ ਹਾਂ) ਕੋਈ ਇੱਕ ਦੋ ਦਿਨਾਂ ਜਾਂ ਮਹੀਨਿਆਂ ਵਿੱਚ ਪੈਦਾ ਨਹੀਂ ਹੋਈ ਹੈ ਬਲਕਿ ਪਿਛਲੇ ਕਈ ਸਾਲਾਂ ਤੋਂ ਸਾਡਾ ਵਾਤਾਵਰਨ ਲਗਾਤਾਰ ਪਲੀਤ ਹੋ ਰਿਹਾ ਹੈ| ਹਾਲਾਤ ਇਹ ਹਨ ਕਿ ਪਿਛਲੇ ਸਾਲਾਂ ਦੌਰਾਨ ਸਾਡੇ ਦੇਸ਼ ਦੇ ਵੱਖ ਵੱਖ ਸ਼ਹਿਰ ਇੱਕ ਇੱਕ ਕਰਕੇ ਵਿਸ਼ਵ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਿਲ ਹੁੰਦੇ ਰਹੇ ਹਨ ਪਰੰਤੂ ਇਸਦੇ ਬਾਵਜੂਦ ਇਸ ਪਾਸੇ ਸਾਡੇ ਹੁਕਮਰਾਨਾਂ ਨੇ ਕੋਈ ਧਿਆਨ ਨਹੀਂ ਦਿੱਤਾ| ਇਸਦਾ ਕਾਰਨ ਸ਼ਾਇਦ ਇਹ ਵੀ ਹੈ ਕਿ ਆਬੋਹਵਾ ਵਿੱਚ ਲਗਾਤਾਰ ਵੱਧਦਾ ਪ੍ਰਦੂਸ਼ਣ ਸਾਡੇ ਦੇਸ਼ ਵਿੱਚ ਕਦੇ ਵੀ ਚੋਣ ਮੁੱਦਾ ਨਹੀਂ ਬਣਦਾ ਅਤੇ ਸਾਡੇ ਰਾਜਨੀਤਿਕ ਆਗੂ ਸਿਰਫ ਉਹਨਾਂ ਮੁੱਦਿਆਂ ਵੱਲ ਹੀ ਧਿਆਨ ਦਿੰਦੇ ਹਨ ਜਿਹਨਾਂ ਨਾਲ ਉਹਨਾਂ ਨੂੰ ਲੋਕਾਂ ਦੀਆਂ ਵੋਟਾਂ ਹਾਸਿਲ ਹੋਣ ਦੀ ਸੰਭਾਵਨਾ ਹੁੰਦੀ ਹੈ|
ਸਾਡੇ ਹੁਕਮਰਾਨ ਤਾਂ ਉਲਟਾ ਵਿਕਾਸ ਦੀ ਉਸ ਅੰਨੀ ਦੌੜ ਵਿੱਚ ਸ਼ਾਮਿਲ ਹਨ ਜਿਸਨੇ ਸਾਡੇ ਵਾਤਾਵਰਨ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ| ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਰਕਾਰ ਵਾਸਤੇ ਆਪਣੀ ਆਬਾਦੀ ਦੀ ਲੋੜ ਪੂਰੀ ਕਰਨ ਲਈ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ ਜਰੂਰੀ ਹੁੰਦਾ ਹੈ ਪਰੰਤੂ ਇਸਦਾ ਅਰਥ ਇਹ ਵੀ ਨਹੀਂ ਹੁੰਦਾ ਕਿ ਵਿਕਾਸ ਦੇ ਨਾਮ ਤੇ ਆਬੋਹਵਾ ਨੂੰ ਹੀ ਪਲੀਤ ਕਰ ਦਿੱਤਾ ਜਾਵੇ| ਪਿਛਲੇ ਕੁੱਝ ਸਾਲਾਂ ਦੌਰਾਨ ਨਵੀਂਆਂ ਸੜਕਾਂ ਦੀ ਉਸਾਰੀ ਕਰਨ ਦੇ ਨਾਮ ਤੇ ਹੀ ਜਿੰਨੀ ਵੱਡੀ ਪੱਧਰ ਤੇ ਦਰਖਤਾਂ ਦਾ ਘਾਣ ਕੀਤਾ ਗਿਆ ਹੈ ਉਸਦੀ ਭਰਪਾਈ ਕਰਨ ਵਿੱਚ ਸ਼ਾਇਦ ਕਈ ਦਹਾਕੇ ਲੱਗ ਜਾਣਗੇ| ਪੰਜਾਬ ਦੀ ਗੱਲ ਕਰੀਏ ਤਾਂ ਸਰਕਾਰ ਦੀ ਅਣਦੇਖੀ ਕਾਰਨ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਕੀਤੇ ਗਏ ਵਾਤਾਵਰਨ ਦੇ ਘਾਣ ਦੀ ਕਾਰਵਾਈ ਨੇ ਸਾਡੇ ਵਾਤਾਵਰਨ ਨੂੰ ਬੁਰੀ ਤਰ੍ਹਾਂ ਪਲੀਤ ਕਰ ਦਿੱਤਾ ਹੈ ਅਤੇ  ਇਸਦਾ ਨਤੀਜਾ ਵੀ ਸਾਮਣੇ ਆਉਣ ਲੱਗ ਪਿਆ ਹੈ| ਸਾਡੀ ਆਬੋਹਵਾ ਹੁਣ ਇੰਨੀ ਜਿਆਦਾ ਪਲੀਤ ਹੋ ਚੁੱਕੀ ਹੈ ਕਿ ਇੱਥੇ ਸਾਹ ਲੈਣ ਵਾਲੇ ਲੋਕਾਂ ਨੂੰ ਹਵਾ ਵਿੱਚ ਘੁਲੇ ਇਸ ਜਹਿਰ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ|
ਇਸ ਸਾਰੇ ਕੁੱਝ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਵਾਤਾਵਰਨ ਵਿੱਚ ਲਗਾਤਾਰ ਵੱਧਦੇ ਪ੍ਰਦੂਸ਼ਣ ਤੇ ਕਾਬੂ ਕਰਨ ਲਈ ਜੰਗੀ ਪੱਧਰ ਤੇ ਕਦਮ ਚੁੱਕੇ ਜਾਣ| ਮੌਸਮ ਵਿਗਿਆਨੀ ਕੋਹਰੇ ਦੀ ਮੌਜੂਦਾ ਸਥਿਤੀ ਬਾਰੇ ਕਹਿ ਰਹੇ ਹਨ ਕਿ ਇਹ ਹਾਲਤ ਇਸ ਲਈ ਹੋਈ ਹੈ ਕਿ ਹਵਾ ਵਿੱਚ ਮੌਜੂਦ ਪ੍ਰਦੂਸ਼ਣ ਦੇ ਕਣ ਆਪਸ ਵਿੱਚ ਹੀ ਉਲਝ ਗਏ ਹਨ ਜਿਸ ਕਾਰਨ ਇਹ ਹਵਾ ਜਿਵੇਂ ਰੁਕ ਜਿਹੀ ਗਈ ਹੈ| ਮਾਹਿਰ ਦੱਸਦੇ ਹਨ ਕਿ ਥਾਂ ਥਾਂ ਤੇ ਪਾਣੀ ਦਾ ਛਿੜਕਾਅ ਕਰਕੇ ਜਾਂ ਫੁਹਾਰੇ ਆਦਿ ਚਲਾ ਕੇ ਪ੍ਰਦੂਸ਼ਣ ਦੇ ਅਸਰ ਨੂੰ ਫੌਰੀ ਤੌਰ ਤੇ ਕੁੱਝ ਘੱਟ ਕੀਤਾ ਜਾ ਸਕਦਾ ਹੈ ਪਰੰਤੂ ਪ੍ਰਦੂਸ਼ਣ ਦੀ ਇਸ ਸਮੱਸਿਆ ਤੇ ਕਾਬੂ ਕਰਨ ਲਈ ਜਿੱਥੇ ਵੱਧ ਤੋਂ ਵੱਧ ਰੁੱਖ ਲਗਾਏ ਜਾਣੇ ਜਰੂਰੀ ਹਨ ਉੱਥੇ ਪ੍ਰਦੂਸ਼ਣ ਵਿੱਚ ਵਾਧਾ ਕਰਨ ਵਾਲੇ ਕਾਰਕਾਂ ਤੇ ਕਾਬੂ ਕੀਤਾ ਜਾਣਾ ਜਰੂਰੀ ਹੈ|
ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਸ ਵਲੋਂ ਵਾਤਾਵਰਨ ਵਿੱਚ ਲਗਾਤਾਰ ਵੱਧਦੇ ਪ੍ਰਦੂਸ਼ਣ ਦੇ ਪੱਧਰ ਤੇ ਕਾਬੂ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣ| ਇਸ ਕੰਮ ਵਿੱਚ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ ਅਤੇ ਇਸਤੋਂ ਪਹਿਲਾਂ ਕਿ ਆਬੋਹਵਾ ਵਿੱਚ ਘੁਲ ਰਹੇ ਇਸ ਜਹਿਰ ਦੀ ਮਾਤਰਾ ਸਾਰੇ ਹੱਦ ਬੰਨੇ ਟੱਪ ਜਾਵੇ ਇਸ ਸੰਬੰਧੀ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਪ੍ਰਦੂਸ਼ਣ ਦੇ ਪੱਧਰ ਨੂੰ ਕਾਬੂ ਕਰਕੇ ਆਮ ਲੋਕਾਂ ਨੂੰ ਇਸ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ|

Leave a Reply

Your email address will not be published. Required fields are marked *