ਸਾਢੇ ਤਿੰਨ ਏਕੜ ਵਿੱਚ 1.5 ਕਰੋੜ ਦੀ ਲਾਗਤ ਨਾਲ ਮੁਕੰਮਲ ਹੋਇਆ ਮੁਹਾਲੀ ਦਾ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ : 21 ਅਪ੍ਰੈਲ ਨੂੰ ਹੋਵੇਗਾ ਉਦਘਾਟਨ

ਐਸ.ਏ.ਐਸ. ਨਗਰ, 19 ਅਪ੍ਰੈਲ (ਸ.ਬ.) ਐਸ.ਏ.ਐਸ.ਨਗਰ ਦੇ ਸੈਕਟਰ-82, ਪਿੰਡ ਪਾਪੜੀ  ਵਿਖੇ  ਸਾਢੇ ਤਿੰਨ ਏਕੜ ਵਿੱਚ ਕਰੀਬ 01 ਕਰੋੜ 05 ਲੱਖ ਰੁਪਏ ਦੀ ਲਾਗਤ ਨਾਲ ਆਟੋਮੇਟਿਡ ਡਰਾਈਵਿੰਗ ਟੈਸਟ, ਆਨ ਲਾਈਨ ਟੈਸਟ ਅਤੇ ਟਰੇਨਿੰਗ ਸੈਂਟਰ ਬਣਨ ਨਾਲ ਡਰਾਈਵਿੰਗ ਲਾਈਸੈਂਸ ਜਾਰੀ ਕਰਨ ਦੇ ਕੰਮ ‘ਚ ਮੁਕੰਮਲ ਪਾਰਦਰਸ਼ਤਾ ਆਵੇਗੀ| ਇਸ ਗੱਲ ਦੀ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਡੀ.ਐਸ .ਮਾਂਗਟ ਨੇ ਦਿੰਦਿਆ ਦੱਸਿਆ ਕਿ ਭਵਿੱੱਖ ‘ਚ ਸੜਕੀ ਦੁਰਘਟਨਾਵਾਂ ਨੂੰ ਵੀ ਠੱਲ ਪਵੇਗੀ, ਕਿਉਂਕਿ ਆਟੋਮੇਟਿਡ ਡਰਾਈਵਿੰਗ ਸੈਂਟਰ ਬਣਨ ਨਾਲ ਕੇਵਲ ਉਨ੍ਹਾਂ ਵਿਅਕਤੀਆਂ ਨੂੰ ਹੀ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਜਾਣਗੇ ਜਿਹੜੇ ਪ੍ਰਰਾਥੀ ਇਸ ਆਟੋਮੇਟਿਡ ਡਰਾਈਵਿੰਗ ਸੈਂਟਰ ਦੇ ਟਰੈਕ ਤੇ ਵਾਹਨ ਦਾ ਡਰਾਈਵਿੰਗ ਲਾਇਸੈਂਸ ਟੈਸਟ ਪਾਸ ਕਰਨਗੇ| ਇਸ ਨਾਲ ਕੇਵਲ ਓਹੀ ਵਿਅਕਤੀ ਲਾਇਸੈਂਸ ਹਾਸਲ ਕਰ ਸਕੇਗਾ| ਜਿਸ ਨੂੰ ਸਬੰਧਤ ਵਹੀਕਲ ਚਲਾਉਣਾ ਆਉਂਦਾ ਹੋਵੇਗਾ| ਪੰਜਾਬ ਸਰਕਾਰ ਵੱਲੋਂ ਆਟੋਮੇਟਿਡ ਡਰਾਈਵਿੰਗ ਸੈਂਟਰ ਬਣਾਉਣ ਦਾ ਮੁੱਖ ਮੰਤਵ ਸੜਕੀ ਦੁਰਘਟਨਾਵਾਂ ਨੂੰ ਰੋਕਣਾ, ਆਮ ਲੋਕਾਂ ਨੂੰ ਵਾਹਨ ਚਲਾਉਣ ਦੀ ਜਾਂਚ ਸਿਖਾਉਣਾ ਅਤੇ ਆਵਾਜਾਈ ਨਿਯਮਾਂ ਬਾਰੇ ਜਾਗਰੂਕ ਕਰਨਾ ਹੈ|
ਉਨ੍ਹਾਂ ਦੱਸਿਆ ਕਿ ਐਸ.ਏ.ਐਸ.ਨਗਰ ਵਿਖੇ ਬਣਾਏ ਗਏ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਦਾ ਉਦਘਾਟਨ 21 ਅਪ੍ਰੈਲ ਨੂੰ ਮੁੱਖ ਸੰਸਦੀ ਸਕੱਤਰ ਉਦਯੋਗ ਅਤੇ ਵਣਜ ਵਿਭਾਗ ਪੰਜਾਬ ਸ੍ਰੀ  ਐਨ.ਕੇ. ਸ਼ਰਮਾ ਕਰਨਗੇ| ਉਨ੍ਹਾਂ ਦੱਸਿਆ ਕਿ ਇਹ ਸੈਂਟਰ ਅਤਿ ਅਧੁਨਿਕ ਸੁਵਿਧਾਵਾਂ ਨਾਲ ਲੈਸ ਹੈ, ਜਿਥੇ ਕਿ ਪ੍ਰਰਾਥੀ ਨੂੰ ਟਰੈਕ ਤੇ ਡਰਾਈਵਿੰਗ ਟੈਸਟ ਪਾਸ  ਕਰਦਿਆਂ ਹੀ ਉਸ ਦਾ ਡਰਾਈਵਿੰਗ ਲਾਇਸੈਂਸ ਜਾਰੀ ਕਰ ਦਿੱਤਾ ਜਾਵੇਗਾ| ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿੱਚ ਵੱਖ-ਵੱਖ ਦੋ ਡਰਾਈਵਿੰਗ ਟਰੈਕ ਬਣਾਏ ਗਏ ਹਨ ਅਤੇ ਆਵਾਜਾਈ ਨਿਯਮਾਂ ਦੇ ਮੁਤਾਬਿਕ ਲਾਈਟਾਂ ਤੇ ਹੋਰ ਚਿੰਨ ਵੀ ਲਗਾਏ ਗਏ ਹਨ| ਪ੍ਰਾਰਥੀ ਦਾ ਮੈਡੀਕਲ ਟੈਸਟ ਲੈਣ ਲਈ ਸੈਂਟਰ ਤੇ ਡਾਕਟਰ ਵੀ ਉਪਲਬੱਧ ਹੋਵੇਗਾ|
ਡਰਾਈਵਿੰਗ ਟੈਸਟ ਟਰੈਕ ਬਾਰੇ ਹੋਰ ਜਾਣਕਾਰੀ ਦਿੰਦਿਆ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀ ਕਰਨ ਸਿੰਘ ਨੇ ਦੱਸਿਆ ਕਿ ਇਸ ਸੈਂਟਰ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ ਅਤੇ ਲਾਇਸੈਂਸ ਬਣਾਉਣ ਦੀ ਸਾਰੀ ਪ੍ਰਕ੍ਰਿਆ ਕੰਪਿਊਟਰੀਕ੍ਰਿਤ ਹੋਵੇਗੀ| ਉਨ੍ਹਾਂ ਦੱਸਿਆ ਕਿ ਲਾਇਸੰਸ ਪ੍ਰਾਪਤ ਕਰਨ ਲਈ ਬਿਨੇਕਾਰ ਨੂੰ ਇਸ ਕੇਂਦਰ ‘ਚ ਪ੍ਰਯੋਗੀ ਰੂਪ ‘ਚ ਡਰਾਇਵਿੰਗ ਟੈਸਟ ਦੇਣਾ ਪਵੇਗਾ ਅਤੇ ਟੈਸਟ ਪਾਸ ਕਰਨ ਵਾਲਿਆਂ ਨੂੰ ਉਸੇ ਦਿਨ ਹੀ ਡਰਾਇਵਿੰਗ ਲਾਇਸੰਸ ਜਾਰੀ ਕਰ ਦਿੱਤੇ ਜਾਣਗੇ ਜਿਸ ਨਾਲ ਬਿਨੇਕਾਰ ਦੇ ਕੀਮਤੀ ਸਮੇਂ ਦੀ ਵੀ ਵੱਡੀ ਬੱਚਤ ਹੋਵੇਗੀ| ਇਸ ਸੈਂਟਰ ਦੇ ਸ਼ੁਰੂ ਹੋਣ ਨਾਲ ਕੇਵਲ ਯੋਗ ਤੇ ਸਿਖਿਅਤ ਡਰਾਇਵਰਾਂ ਨੂੰ ਹੀ ਡਰਾਇਵਿੰਗ ਲਾਇਸੈਂਸ ਜਾਰੀ ਹੋਣਗੇ ਜਿਸ ਨਾਲ ਸੜਕੀ ਹਾਦਸਿਆਂ ਨੂੰ ਰੋਕਣ ਵਿੱਚ ਵੀ ਮਦਦ ਮਿਲੇਗੀ| ਉਨ੍ਹਾਂ ਕਿਹਾ  ਕਿ ਇਸ ਆਟੇਮੇਟਿਡ ਡਰਾਈਵਿੰਗ ਟੈਸਟ ਸੈਂਟਰ ਵਿੱਚ ਦੋ ਟਰੈਕ ਬਣਾਏ ਗਏ ਹਨ ਇੱਕ ਟਰੈਕ ਦੋ ਪਹੀਆ ਵਾਹਨਾਂ ਲਈ ਅਤੇ ਦੂਸਰਾ ਟਰੈਕ ਚਾਰ ਪਹੀਆ ਵਾਹਨਾ ਲਈ| ਉਨ੍ਹਾਂ ਇਹ ਵੀ ਦਸਿਆ  ਇਸ ਸੈਂਟਰ ਵਿਚ ਨਵਾਂ ਲਾਈਸੈਂਸ ਬਣਾਉਣ ਲਈ ਨਾਗਰਿਕ ਪਹੁੰਚ ਕਰ ਸਕਣਗੇ ਅਤੇ ਇਸ ਵਿਚ ਫਾਰਮ ਲੈ ਕੇ ਆਵੇਦਕ ਨੇ ਆਪਣਾ ਅਰਜੀ ਫਾਰਮ ਭਰ ਕੇ ਪਹਿਲੀ ਖਿੜਕੀ ਤੇ ਜਮਾਂ ਕਰਵਾ ਦੇਣਾ ਹੈ ਜਿੱਥੋਂ ਉਸਨੂੰ ਟੋਕਨ ਮਿਲੇਗਾ| ਇਸ ਤੋਂ ਬਾਅਦ ਇੱਥੇ ਹੀ ਬਣਦੀ ਫੀਸ ਜਮਾਂ ਕਰਵਾ ਲਈ ਜਾਵੇਗੀ ਅਤੇ ਮੌਕੇ ਤੇ ਹੀ ਮੈਡੀਕਲ ਟੈਸਟ ਕਰਨ ਤੋਂ ਇਲਾਵਾ ਟ੍ਰੈਕ ਤੇ ਟੈਸਟ ਲਿਆ ਜਾਵੇਗਾ ਅਤੇ ਟੈਸਟ ਪਾਸ ਕਰਨ ਤੇ ਤੁਰੰਤ ਲਾਈਸੈਂਸ ਜਾਰੀ ਕਰ ਦਿੱਤਾ ਜਾਵੇਗਾ| ਉਨ੍ਹਾਂ ਇਹ ਵੀ ਦਸਿਆ ਕਿ ਡਰਾਈਵਿੰਗ ਲਾਇਸੰਸ ਬਣਾਉਣ ਵਾਲੇ ਵਿਅਕਤੀ ਨੂੰ ਆਪਣੇ ਨਾਲ ਇੱਕ ਫੋਟੋ ਸ਼ਨਾਖਤੀ ਕਾਰਡ, ਰਿਹਾਇਸ਼ੀ ਸਬੂਤ ਅਤੇ ਫੋਟੋਗਰਾਫ ਲੈ ਕੇ ਆਉਣੇ ਹੋਣਗੇ|

Leave a Reply

Your email address will not be published. Required fields are marked *