ਸਾਬਕਾ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨੇ ਅਦਾਲਤ ਵਿੱਚ ਕੀਤਾ ਆਤਮ ਸਮਰਪਣ

ਚੰਡੀਗੜ੍ਹ, 2 ਅਕਤੂਬਰ (ਸ.ਬ.) ਵਿਜੀਲੈਂਸ ਵਿਭਾਗ ਵਿੱਚ ਤਾਇਨਾਤ ਇਕ ਵਿਧਵਾ ਮਹਿਲਾ ਕਾਂਸਟੇਬਲ ਵਲੋਂ ਬਲਾਤਕਾਰ ਦਾ ਪਰਚਾ ਦਰਜ ਕਰਾਏ ਜਾਣ ਤੋਂ ਬਾਅਦ ਵਿਵਾਦਾਂ ਵਿੱਚ ਘਿਰੇ ਸਾਬਕਾ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨੇ ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ| ਮਹਿਲਾ ਕਾਂਸਟੇਬਲ ਦਾ ਦੋਸ਼ ਸੀ ਕਿ ਸੁੱਚਾ ਸਿੰਘ ਲੰਗਾਹ ਪਿਛਲੇ 8-10 ਸਾਲਾਂ ਤੋਂ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਰਿਹਾ ਸੀ| ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਸਾਲ 2008 ਵਿੱਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ, ਜਿਹੜਾ ਕਿ ਪੰਜਾਬ ਪੁਲੀਸ ਦਾ ਜਵਾਨ ਸੀ| ਪਤੀ ਦੀ ਮੌਤ ਤੋਂ ਬਾਅਦ ਤਰਸ ਦੇ ਆਧਾਰ ਤੇ ਨੌਕਰੀ ਹਾਸਲ ਕਰਨ ਲਈ ਉਕਤ ਮੰਤਰੀ ਨੂੰ ਪੀੜਤ ਮਹਿਲਾ ਮਿਲੀ ਸੀ ਅਤੇ ਉਸ ਸਮੇਂ ਤੋਂ ਹੀ ਲੰਗਾਹ ਨੇ ਪੀੜਤਾ ਦੀ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਕੇ ਉਸ ਦਾ ਸਰੀਰਕ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ| ਅਦਾਲਤ ਵਿੱਚ ਆਤਮ-ਸਮਰਪਣ ਨਾ ਕਰਨ ਦੇ ਚੱਲਦਿਆਂ ਪੁਲੀਸ ਵਲੋਂ ਲੰਗਾਹ ਦੇ ਘਰ ਅਤੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਸੀ ਪਰ ਇਸ ਦੇ ਬਾਵਜੂਦ ਪੁਲੀਸ ਲੰਗਾਹ ਨੂੰ ਗ੍ਰਿਫਤਾਰ ਕਰਨ ਵਿੱਚ ਨਾਕਾਮ ਰਹੀ| ਬੀਤੀ ਰਾਤ ਲੰਗਾਹ ਨੇ ਐਸ. ਜੀ. ਪੀ. ਸੀ. ਅਤੇ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਉਸ ਨੇ ਆਪਣੇ ਵਲੋਂ ਜਾਰੀ ਕੀਤੇ ਬਿਆਨ ਵਿੱਚ ਸ਼ਨੀਵਾਰ ਨੂੰ ਅਦਾਲਤ ਵਿੱਚ ਸਮਰਪਣ ਕਰਨ ਦੀ ਗੱਲ ਵੀ ਕਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ|

Leave a Reply

Your email address will not be published. Required fields are marked *