ਸਾਬਕਾ ਕੌਂਸਲਰ ਸਾਹਿਬੀ ਆਨੰਦ ਸਮੇਤ ਭਾਜਪਾ ਦੇ ਕਈ ਉਮੀਦਵਾਰਾਂ ਦੇ ਕਾਗਜ ਰੱਦ ਸ਼੍ਰੋਮਣੀ ਅਕਾਲੀ ਦਲ, ਪੀ ਡੀ ਪੀ ਅਤੇ ਹੋਰਨਾਂ ਆਜਾਦ ਉਮੀਦਵਾਰਾ ਦੇ ਕਾਗਜ ਵੀ ਹੋਏ ਰੱਦ
ਐਸ ਏ ਐਸ ਨਗਰ, 4 ਫਰਵਰੀ (ਸ.ਬ.) ਨਗਰ ਨਿਗਮ ਐਸ ਏ ਐਸ ਨਗਰ ਦੀ ਚੋਣ ਲਈ ਉਮੀਦਵਾਰਾਂ ਵਲੋਂ ਦਾਖਿਲ ਕੀਤੇ ਗਏ ਨਾਮਜਦਗੀ ਪੱਤਰਾਂ ਦੀ ਜਾਂਚ ਉਪਰੰਤ ਅੱਜ ਕਈ ਉਮੀਦਵਾਰਾਂ ਦੇ ਨਾਮਜਦਗੀ ਪੱਤਰ ਰੱਦ ਕਰ ਦਿੱਤੇ ਗਏ। ਇਹਨਾਂ ਉਮੀਦਵਾਰਾਂ ਵਿੱਚ ਭਾਰਤੀ ਜਨਤਾ ਯੁਵਾ ਮੋਰਚਾ ਦੇ ਕੌਮੀ ਕਾਰਜਕਾਰਨੀ ਮੈਂਬਰ ਅਤੇ ਸਾਬਕਾ ਕੌਂਸਲਰ ਸਾਹਿਬੀ ਆਨੰਦ ਅਤੇ ਉਹਨਾਂ ਦੇ ਕਵਰਿੰਗ ਉਮੀਦਵਾਰ ਪੀਯੂਸ਼ ਆਨੰਦ ਦੇ ਨਾਮਜਦਗੀ ਪੱਤਰ ਵੀ ਸ਼ਾਮਿਲ ਹਨ। ਇਸਤੋਂ ਇਲਾਵਾ ਭਾਜਪਾ ਦੇ ਕੁੱਝ ਹੋਰ ਉਮੀਦਵਾਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ, ਪੀ ਡੀ ਪੀ ਅਤੇ ਕੁੱਝ ਆਜਾਦ ਉਮੀਦਵਾਰਾਂ ਦੇ ਨਾਮਜਦਗੀ ਪੱਤਰ ਵੀ ਰੱਦ ਹੋਏ ਹਨ।
ਨਾਮਜਦਗੀ ਪੱਤਰਾਂ ਦੀ ਜਾਂਚ ਦਾ ਕੰਮ ਅੱਜ ਸਵੇਰੇ 11 ਵਜੇ ਆਰੰਭ ਹੋਇਆ। ਇਸ ਦੌਰਾਨ ਵਾਰਡ ਨੰਬਰ 1 ਤੋਂ 25 ਤਕ ਦੇ ਨਾਮਜਦਗੀ ਪੱਤਰਾਂ ਦੀ ਜਾਂਚ ਦਾ ਕੰਮ ਐਸ ਡੀ ਐਮ ਸ੍ਰੀ. ਜਗਦੀਪ ਸਹਿਗਲ ਦੇ ਦਫਤਰ ਵਿੱਚ ਆਰੰਭ ਕੀਤਾ ਗਿਆ। ਇਸ ਦੌਰਾਨ ਵਾਰਡ ਨੰਬਰ 1 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰੀਤ ਇੰਦਰਜੀਤ ਕੌਰ, ਵਾਰਡ ਨੰਬਰ 3 ਤੋਂ ਭਾਜਪਾ ਦੀ ਉਮੀਦਵਾਰ ਅਨੀਤਾ ਸ਼ਰਮਾ, ਵਾਰਡ ਨੰਬਰ 12 ਤੋਂ ਭਾਜਪਾ ਉਮੀਦਵਾਰ ਸਾਹਿਬੀ ਆੰਨਦ ਅਤੇ ਪੀਯੂਸ਼ ਆਨੰਦ, ਵਾਰਡ ਨੰਬਰ 20 ਤੋਂ ਪੀ ਡੀ ਪੀ ਦੇ ਉਮੀਦਵਾਰ ਹਰਪਾਲ ਸਿੰਘ, ਵਾਰਡ ਨੰਬਰ 22 ਤੋਂ ਭਾਜਪਾ ਉਮੀਦਵਾਰ ਹਰੀਸ਼ ਚੌਧਰੀ ਅਤੇ ਵਾਰਡ ਨੰਬਰ 24 ਤੋਂ ਆਜਾਦ ਉਮੀਦਵਾਰ ਰਵਿੰਦਰ ਕੁਮਾਰ ਦੇ ਨਾਮਜਦਗੀ ਪੱਤਰ ਰੱਦ ਕਰ ਦਿੱਤੇ ਗਏ ਹਨ।
ਇਸ ਦੌਰਾਨ ਫੇਜ਼ 11 ਦੇ ਨਾਲ ਲੱਗਦੇ ਪੰਜਾਬ ਮੰਡੀਕਰਨ ਬੋਰਡ ਦੇ ਦਫਤਰ ਵਿੱਚ ਵਾਰਡ ਨੰਬਰ 26 ਤੋਂ 50 ਦੇ ਉਮੀਦਵਾਰਾਂ ਦੇ ਨਾਮਜਦਗੀ ਪੱਤਰਾਂ ਦੀ ਜਾਂਚ ਦਾ ਕੰਮ ਚਲ ਰਿਹਾ ਸੀ ਅਤੇ ਅਧਿਕਾਰੀ ਕੁੱਝ ਵੀ ਦੱਸਣ ਤੋਂ ਇਨਕਾਰੀ ਸੀ।