ਸਾਬਕਾ ਖੇਤੀਬਾੜੀ ਮੰਤਰੀ ਮੋਹਿੰਦਰ ਸਿੰਘ ਗਿੱਲ ਦਾ ਦਿਹਾਂਤ ਮੁੱਖ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ

ਚੰਡੀਗੜ, 17 ਨਵੰਬਰ (ਸ.ਬ.) ਸੀਨੀਅਰ ਕਾਂਗਰਸੀ ਨੇਤਾ ਅਤੇ ਸੂਬੇ ਦੇ ਸਾਬਕਾ ਖੇਤੀਬਾੜੀ ਮੰਤਰੀ ਮੋਹਿੰਦਰ ਸਿੰਘ ਗਿੱਲ ਅੱਜ ਸਵੇਰੇ ਸੰਖੇਪ ਬੀਮਾਰੀ ਮਗਰੋਂ ਚੱਲ ਵਸੇ| ਉਹ 85 ਵਰਿਆਂ ਦੇ ਸਨ|
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ| ਇਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਮੋਹਿੰਦਰ ਸਿੰਘ ਗਿੱਲ ਨੂੰ ਬਹੁਪੱਖੀ ਸ਼ਖਸੀਅਤ, ਭੱਦਰਪੁਰਸ਼ ਸਿਆਸਤਦਾਨ ਅਤੇ ਚੰਗੇ ਗੁਣਾਂ ਦੇ ਧਾਰਨੀ ਇਨਸਾਨ ਦੱਸਿਆ, ਜਿਨਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹੁੰਦਿਆਂ ਪਾਰਟੀ ਨੂੰ ਹੇਠਲੇ ਪੱਧਰ ਤੇ ਮਜ਼ਬੂਤ ਕਰਨ ਲਈ ਸਖਤ ਮਿਹਨਤ ਕੀਤੀ| 
ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗਿੱਲ ਦੇ ਤੁਰ ਜਾਣ ਨਾਲ ਸਿਆਸੀ ਖੇਤਰ ਵਿੱਚ ਅਜਿਹਾ ਖਲਾਅ ਪੈਦਾ ਹੋਇਆ ਹੈ ਜਿਸ ਨੂੰ ਪੂਰਨਾ ਬਹੁਤ ਮੁਸ਼ਕਿਲ ਹੈ| ਦੁਖੀ ਪਰਿਵਾਰ ਅਤੇ ਸਾਕ-ਸਬੰਧੀਆਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਦੁੱਖ ਦੀ ਇਸ ਘੜੀ ਵਿੱਚ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਅਰਦਾਸ ਕੀਤੀ|
ਜ਼ਿਕਰਯੋਗ ਹੈ ਕਿ ਸ੍ਰੀ ਗਿੱਲ ਸਾਲ 1971-77 ਤੱਕ ਲੋਕ ਸਭਾ ਦੇ ਮੈਂਬਰ ਜਦਕਿ 1976-79 ਤੱਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਰਹੇ ਹਨ| ਇਸੇ ਤਰਾਂ ਉਹ ਸਾਲ 1967 ਵਿੱਚ ਫਿਰੋਜ਼ਪੁਰ ਛਾਉਣੀ ਤੋਂ ਅਤੇ 1992 ਵਿੱਚ ਬਨੂੜ ਤੋਂ ਵਿਧਾਇਕ ਵੀ ਚੁਣੇ ਗਏ ਸਨ|

Leave a Reply

Your email address will not be published. Required fields are marked *