ਸਾਬਕਾ ਡੀ ਜੀ ਪੀ ਸੁਮੇਧ ਸੈਣੀ ਦੀਆਂ ਵਧੀਆਂ ਮੁਸ਼ਕਲਾਂ, ਗ੍ਰਿਫਤਾਰੀ ਦੀ ਤਲਵਾਰ ਲਮਕੀ

ਸਾਬਕਾ ਡੀ ਜੀ ਪੀ ਸੁਮੇਧ ਸੈਣੀ ਦੀਆਂ ਵਧੀਆਂ ਮੁਸ਼ਕਲਾਂ, ਗ੍ਰਿਫਤਾਰੀ ਦੀ ਤਲਵਾਰ ਲਮਕੀ
ਮੁਹਾਲੀ ਅਦਾਲਤ ਵਲੋਂ ਸਾਬਕਾ ਡੀ ਜੀ ਪੀ ਦੀ ਜਮਾਨਤ ਅਰਜੀ ਖਾਰਿਜ
ਐਸ ਏ ਐਸ ਨਗਰ, 1 ਸਤੰਬਰ (ਸ.ਬ.) ਬਹੁਚਰਚਿਤ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ ਨਾਮਜਦ ਪੰਜਾਬ ਦੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ| ਇਸ ਸੰਬੰਧੀ ਮੁਹਾਲੀ ਦੇ ਮਾਣਯੋਗ ਐਡੀਸ਼ਨਲ ਜਿਲ੍ਹਾ ਅਤੇ ਸੈਸ਼ਨ ਜੱਜ ਰਜਨੀਸ਼ ਕੁਮਾਰ ਗਰਗ ਦੀ ਅਦਾਲਤ ਵਲੋਂ ਸੁਮੇਧ ਸੈਣੀ ਦੀ ਜਮਾਨਤ ਦੀ ਅਰਜੀ ਖਾਰਿਜ ਕਰ ਦਿੱਤੀ ਗਈ ਹੈ ਜਿਸਤੋਂ ਬਾਅਦ ਸੈਣੀ ਦੇ ਸਿਰ ਤੇ ਗ੍ਰਿਫਤਾਰੀ ਦੀ ਤਲਵਾਰ ਮੁੜ ਲਮਕ ਗਈ ਹੈ| 
ਇੱਥੇ ਜਿਕਰਯੋਗ ਹੈ ਕਿ 1991 ਵਿੱਚ ਚੰਡੀਗੜ੍ਹ ਪੁਲੀਸ ਵਲੋਂ ਬਲਵੰਤ ਸਿੰਘ ਮੁਲਤਾਨੀ ਨੂੰ ਮੁਹਾਲੀ ਦੇ ਫੇਜ਼ 7 ਦੇ ਇੱਕ ਮਕਾਨ ਵਿੱਚੋਂ ਕਾਬੂ ਕਰਕੇ ਲਿਜਾਣ ਅਤੇ ਉਸਤੋਂ ਬਾਅਦ ਉਹਨਾਂ ਦਾ ਕੋਈ ਥਹੁ ਪਤਾ ਨਾ ਲੱਗਣ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਦੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ, ਜੋ ਉਸ ਵੇਲੇ ਚੰਡੀਗੜ੍ਹ ਦੇ ਐਸ ਐਸ ਪੀ ਸਨ, ਸਮੇਤ ਕੁੱਝ ਹੋਰ ਪੁਲੀਸ ਅਧਿਕਾਰੀਆਂ ਤੇ ਬੀਤੀ 6 ਮਈ  ਨੂੰ ਥਾਣਾ ਮਟੌਰ ਵਿਖੇ ਆਈ ਪੀ ਸੀ ਦੀ ਧਾਰਾ 364, 201, 334, 330, 219, 120 ਬੀ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਸੀ| ਹਾਲਾਂਕਿ ਇਸ ਮਾਮਲੇ ਵਿੱਚ ਸਾਬਕਾ ਡੀ ਜੀ ਪੀ ਨੂੰ ਅੰਤਰਿਮ ਜਮਾਨਤ ਮਿਲ ਗਈ ਸੀ| 
ਬਾਅਦ ਵਿੱਚ ਇਸ ਮਾਮਲੇ ਵਿੱਚ ਸੁਮੇਧਂ ਸੈਣੀ ਦੇ ਨਾਲ ਨਾਮਜਦ ਚੰਡੀਗੜ੍ਹ ਪੁਲੀਸ ਦੇ ਦੋ ਅਧਿਕਾਰੀਆਂ ਜਗੀਰ ਸਿੰਘ ਅਤੇ ਕੁਲਦੀਪ ਸਿੰਘ ਨੇ ਸੁਮੇਧ ਸੈਣੀ ਦੇ ਖਿਲਾਫ ਵਾਇਦਾ ਮੁਆਫ ਗਵਾਹ ਬਣਦਿਆਂ ਅਦਾਲਤ ਵਿੱਚ ਆਪਣੇ ਬਿਆਨ ਦਰਜ ਕਰਵਾ ਦਿੱਤੇ ਜਿਹਨਾਂ ਵਿੱਚ ਬਲਵੰਤ ਸਿੰਘ ਮੁਲਤਾਨੀ ਉੱਪਰ ਢਾਹੇ ਗਏ ਗੈਰ ਮਨੁੱਖੀ ਜੁਲਮਾਂ ਦਾ ਵੇਰਵਾ ਦਿੱਤਾ ਗਿਆ ਸੀ ਅਤੇ ਇਸ ਉਪਰੰਤ ਬੀਤੀ 21 ਅਗਸਤ ਨੂੰ ਮੁਹਾਲੀ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਰਸਵੀਨ ਕੌਰ ਦੀ ਅਦਾਲਤ ਨੇ ਸੈਣੀ ਦੇ ਖਿਲਾਫ ਦਰਜ ਐਫ ਆਈ ਆਰ ਵਿੱਚ ਆਈ ਪੀ ਸੀ ਦੀ ਧਾਰਾ 302 ਨੂੰ ਸ਼ਾਮਿਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ| 
ਇਸ ਮਾਮਲੇ ਵਿੱਚ  ਆਈ ਪੀ ਸੀ ਦੀ ਧਾਰਾ 302 ਸ਼ਾਮਿਲ ਕੀਤੇ ਜਾਣ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕਰ ਰਹੀ ਐਸ ਆਈ ਟੀ ਵਲੋਂ ਸੈਣੀ ਨੂੰ ਗ੍ਰਿਫਤਾਰੀ ਲਈ ਤਿੰਨ ਦਿਨਾਂ ਦਾ ਨੋਟਿਸ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸੈਣੀ ਦੇ ਵਕੀਲਾਂ ਵਲੋਂ  ਮੁਹਾਲੀ ਦੀ ਐਡੀਸ਼ਨਲ ਜਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਜਮਾਨਤ ਦੀ ਅਰਜੀ ਦਾਖਿਲ ਕੀਤੀ ਸੀ| ਇਸ ਅਰਜੀ ਤੇ 25 ਅਗਸਤ ਨੂੰ ਹੋਈ ਸੁਣਵਾਈ ਮੌਕੇ ਅਦਾਲਤ ਵਲੋਂ ਸੈਣੀ ਦੀ ਗ੍ਰਿਫਤਾਰੀ ਤੇ 27 ਅਗਸਤ ਤਕ ਰੋਕ ਲਗਾ ਦਿੱਤੀ ਗਈ ਸੀ| 27 ਅਗਸਤ ਨੂੰ ਮੁੜ ਹੋਈ ਸੁਣਵਾਈ ਮੌਕੇ ਮਾਣਯੋਗ ਜੱਜ ਵਲੋਂ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਮਲੇ ਦੀ ਸੁਣਵਾਈ 29 ਅਗਸਤ ਤਕ ਮੁਲਤਵੀ ਕਰ ਦਿੱਤੀ ਸੀ| 
ਇਸ ਸੰਬੰਧੀ 27 ਅਗਸਤ ਨੂੰ ਜਾਰੀ ਅਦਾਲਤੀ ਹੁਕਮਾਂ ਵਿੱਚ ਸਾਬਕਾ ਡੀ ਜੀ ਪੀ ਸੈਣੀ ਦੀ ਗ੍ਰਿਫਤਾਰੀ ਤੇ ਰੋਕ ਸੰਬੰਧੀ ਕੋਈ ਜਿਕਰ ਨਾ ਹੋਣ ਤੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਡੀ ਐਸ ਪੀ ਸ੍ਰ. ਵਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਪੁਲੀਸ ਟੀਮ ਵੱਲੋਂ  28 ਅਗਸਤ ਨੂੰ ਤੜਕੇ ਚੰਡੀਗੜ੍ਹ ਦੇ ਸੈਕਟਰ 20 ਵਿਚਲੀ ਸੈਣੀ ਦੀ ਰਿਹਾਇਸ਼ ਤੇ ਛਾਪੇਮਾਰੀ ਕੀਤੀ ਗਈ ਸੀ ਪਰੰਤੂ ਸਾਬਕਾ ਡੀ ਜੀ ਪੀ ਦੇ ਉੱਥੇ ਨਾ ਮਿਲਣ ਕਾਰਨ ਪੁਲੀਸ ਟੀਮ ਖਾਲੀ ਹੱਥ ਪਰਤ ਆਈ ਸੀ| 28 ਅਗਸਤ ਨੂੰ ਹੀ ਸੈਣੀ ਦੇ ਵਕੀਲਾਂ ਵਲੋਂ ਮੁਹਾਲੀ ਅਦਾਲਤ ਵਿੱਚ ਅਰਜੀ ਦੇ ਕੇ ਸੈਣੀ ਦੀ ਗਿਫਤਾਰੀ ਤੇ ਰੋਕ ਸੰਬੰਧੀ ਨਵੀਂ ਅਰਜੀ ਦਾਖਿਲ ਕੀਤੀ ਸੀ ਜਿਸਤੋਂ ਬਾਅਦ ਮਾਣਯੋਗ ਜੱਜ ਵਲੋਂ ਸੈਣੀ ਦੀ ਗ੍ਰਿਫਤਾਰੀ ਤੇ1 ਸਤੰਬਰ ਤਕ ਰੋਕ ਲਗਾਉਣ ਦੇ ਹੁਕਮ ਦੇ ਦਿੱਤੇ ਗਏ ਸਨ| 
ਇਸ ਸੰਬੰਧੀ ਮਾਣਯੋਗ ਜੱਜ ਵਲੋਂ ਬਾਅਦ ਦੁਪਹਿਰ ਖੁੱਲੀ ਅਦਾਲਤ ਵਿੱਚ ਸਾਬਕਾ ਡੀ ਜੀ ਪੀ ਦੀ ਜਮਾਨਤ ਦੀ ਅਰਜੀ ਖਾਰਿਜ ਕਰਨ ਦਾ ਐਲਾਨ ਕੀਤਾ ਗਿਆ ਜਿਸਤੋਂ ਬਾਅਦ ਸੁਮੇਧ ਸੈਣੀ ਤੇ ਗ੍ਰਿਫਤਾਰੀ ਦੀ ਤਲਵਾਰ ਲਮਕ ਗਈ ਹੈ| ਵੇਖਣਾ ਇਹ ਹੈ ਕਿ ਇਸ ਮਾਮਲੇ ਵਿੱਚ ਹੁਣ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਦੀ ਗ੍ਰਿਫਤਾਰੀ ਹੁੰਦੀ ਹੈ ਜਾਂ ਉਹ ਕੋਈ ਹੋਰ ਤਿਕੜਮ ਲਗਾ ਕੇ ਗਿਫਤਾਰੀ ਤੋਂ ਬਚਣ ਦਾ ਯਤਨ ਕਰਦੇ ਹਨ|

Leave a Reply

Your email address will not be published. Required fields are marked *