ਸਾਬਕਾ ਪਤਨੀ ਅਤੇ ਉਸ ਦੇ ਪਤੀ ਨੂੰ ਗੋਲੀ ਮਾਰਨ ਵਾਲਾ ਭਾਰਤੀ-ਅਮਰੀਕੀ ਗ੍ਰਿਫਤਾਰ

ਹਿਊਸਟਨ, 30 ਜੂਨ (ਸ.ਬ.)  ਅਮਰੀਕਾ ਦੇ ਸੂਬੇ ਨਿਊ ਮੈਕਸੀਕੋ ਵਿੱਚ ਆਪਣੀ ਸਾਬਕਾ ਪਤਨੀ ਅਤੇ ਉਸ ਦੇ ਪਤੀ ਨੂੰ ਜਾਨਲੇਵਾ ਢੰਗ ਨਾਲ ਗੋਲੀ ਮਾਰਨ ਵਾਲੇ ਭਾਰਤੀ-ਅਮਰੀਕੀ ਸਯੰਤਨ ਘੋਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ| ਇਸ ਗੋਲੀਬਾਰੀ ਵਿੱਚ ਮਹਿਲਾ ਜ਼ਖਮੀ ਹੋ ਗਈ ਅਤੇ ਉਸ ਦੇ ਪਤੀ ਦੀ ਮੌਤ ਹੋ ਗਈ| ਇਹ ਜਾਣਕਾਰੀ ਪੁਲੀਸ ਨੇ ਦਿੱਤੀ ਹੈ| ਗਾਲਵੇਸਟਨ ਕਾਊਂਟੀ ਦੇ ਜ਼ਿਲਾ ਅਟਾਰਨੀ ਦੇ ਦਫਤਰ ਮੁਤਾਬਕ ਘੋਸ਼ ਨੂੰ ਕੱਲ ਨਿਊ ਮੈਕਸੀਕੋ ਦੀ ਪੁਲੀਸ ਚੌਕੀ ਨੇੜੇ ਹਿਰਾਸਤ ਵਿੱਚ ਲਿਆ ਗਿਆ| ਇਹ ਘਟਨਾ ਬੀਤੇ ਬੁੱਧਵਾਰ ਦੀ ਰਾਤ ਨੂੰ ਵਾਪਰੀ|
41 ਸਾਲਾ ਘੋਸ਼ ਤੇ ਇਸ ਗੋਲੀਬਾਰੀ ਦੇ ਸਿਲਸਿਲੇ ਵਿਚ ਹੱਤਿਆ ਦਾ ਦੋਸ਼ ਲਾਇਆ ਗਿਆ ਹੈ| ਉਸ ਦੇ ਬਾਂਡ ਦੀ ਰਾਸ਼ੀ 1.5 ਲੱਖ ਡਾਲਰ ਤੈਅ ਕੀਤੀ ਗਈ ਹੈ| ਪੁਲੀਸ ਨੇ ਕਿਹਾ ਕਿ ਗੋਲੀਬਾਰੀ ਦੀ ਜਾਣਕਾਰੀ ਸਥਾਨਕ ਸਮੇਂ ਅਨੁਸਾਰ ਰਾਤ 9 ਵਜੇ ਮਿਲੀ| ਮੇਹਿਲ ਰਿਜ ਲੇਨ ਦੇ 700 ਬਲਾਕ ਦੇ ਇਕ ਮਕਾਨ ਵਿੱਚ ਘੋਸ਼ ਅਤੇ ਦੋ ਨਿਵਾਸੀਆਂ ਦਰਮਿਆਨ ਬਹਿਸ ਤੋਂ ਬਾਅਦ ਗੋਲੀਆਂ ਚਲੀਆਂ| ਪੁਲੀਸ ਮੁਤਾਬਕ ਅਧਿਕਾਰੀਆਂ ਨੂੰ ਉਥੇ 43 ਸਾਲ ਦੇ ਕਲੇਰੇਸ ਵਾਯਨੇ ਹੈਰਿਸ ਦੀ ਲਾਸ਼ ਮਿਲੀ| ਉਸ ਨੂੰ ਕਈ ਗੋਲੀਆਂ ਮਾਰੀਆਂ ਗਈਆਂ ਸਨ| ਪੁਲੀਸ ਨੇ ਕਿਹਾ ਕਿ 36 ਸਾਲਾ ਅਮਾਂਡਾ ਹੈਰਿਸ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਈ| ਉਸ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ|
ਪੁਲੀਸ ਮੁਤਾਬਕ ਘੋਸ਼ ਇਸ ਜੋੜੇ ਦੇ ਮਕਾਨ ਵਿੱਚ ਪਾਰਟੀ ਲਈ ਆਇਆ ਸੀ ਪਰ ਉਥੇ ਜੋੜੇ ਅਤੇ ਘੋਸ਼ ਦਰਮਿਆਨ ਕਿਸੇ ਗੱਲ ਨੂੰ ਤਿੱਖੀ ਬਹਿਸ ਹੋਈ| ਇਸ ਤੋਂ ਬਾਅਦ ਗੋਲੀਆਂ ਚਲੀਆਂ|
ਅਮਾਂਡਾ ਨੇ ਕਿਹਾ ਕਿ ਉਸ ਨੇ 9 ਵਜੇ ਤੋਂ ਕੁਝ ਸਮਾਂ ਪਹਿਲਾਂ ਹੀ ਪੁਲੀਸ ਨੂੰ ਫੋਨ ਕਰ ਦਿੱਤਾ ਸੀ| ਉਸ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਸਾਬਕਾ ਪਤੀ ਘੋਸ਼ ਉਸ ਦੇ ਦਰਵਾਜ਼ੇ ਤੇ ਹੀ ਹੈ ਅਤੇ ਉਹ ਉਸ ਨੂੰ ਗ੍ਰਿਫਤਾਰ ਕਰਵਾਉਣਾ ਚਾਹੁੰਦੀ ਹੈ| ਅਮਾਂਡਾ ਨੇ ਦੋਸ਼ ਲਾਇਆ ਕਿ ਘੋਸ਼ ਕਈ ਸਾਲ ਤੋਂ ਉਸ ਦਾ ਪਿੱਛਾ ਕਰ ਰਿਹਾ ਸੀ| ਅਮਾਂਡਾ ਅਤੇ ਉਸ ਦਾ ਪਤੀ ਦੋਵੇਂ ਹੀ ਆਪਣੇ ਕੋਲ ਹਥਿਆਰ ਰੱਖਦੇ ਸਨ| ਫੋਨ ਸੁਣ ਰਹੇ ਪੁਲੀਸ ਅਧਿਕਾਰੀ ਨੇ ਅਮਾਂਡਾ ਦੀ ਚੀਕ ਸੁਣੀ ”ਦੂਰ ਹੱਟੋ    ਮੇਰੀ ਬੰਦੂਕ ਤੋਂ…”| ਇਸ ਤੋਂ ਬਾਅਦ ਪਿੱਛੋਂ ਗੋਲੀਆਂ ਚੱਲਣ ਅਤੇ ਚੀਕਣ ਦੀਆਂ ਆਵਾਜ਼ਾਂ ਆਈਆਂ| ਪੁਲੀਸ ਨੇ ਕਿਹਾ ਹੈ ਕਿ ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਹੀ ਘੋਸ਼ ਦੌੜ ਚੁੱਕਾ ਸੀ|

Leave a Reply

Your email address will not be published. Required fields are marked *