ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਹਾਲਤ ਅਤਿ ਨਾਜੁਕ

ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਹਾਲਤ ਅਤਿ ਨਾਜੁਕ
93 ਸਾਲਾ ਸ੍ਰੀ ਵਾਜਪਾਈ ਤਿੰਨ ਵਾਰ ਬਣੇ ਭਾਰਤ ਦੇ ਪ੍ਰਧਾਨ ਮੰਤਰੀ, ਪਿਛਲੇ 9 ਹਫਤਿਆਂ ਤੋਂ ਏਮਜ਼ ਵਿੱਚ ਹਨ ਦਾਖਿਲ
ਨਵੀਂ ਦਿੱਲੀਂ, 16 ਅਗਸਤ (ਸ.ਬ.) ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਹਾਲਤ ਅਤਿ ਨਾਜੁਕ ਬਣੀ ਹੋਈ ਹੈ| ਉਹ ਪਿਛਲੇ 9 ਹਫਤਿਆਂ ਤੋਂ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਾਖਿਲ ਹਨ ਅਤੇ ਉਹਨਾਂ ਨੂੰ ਲਾਈਫ ਸਪੋਰਟ ਸਿਸਟਮ ਤੇ ਰੱਖਿਆ ਗਿਆ ਹੈ| ਹਸਪਤਾਲ ਦੇ ਡਾਕਟਰਾਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਉਹਨਾਂ ਦੀ ਹਾਲਤ ਹੋਰ ਗੰਭੀਰ ਹੋਈ ਹੈ ਅਤੇ ਉਸ ਵਿੱਚ ਹੁਣ ਤਕ ਕੋਈ ਸੁਧਾਰ ਨਹੀਂ ਹੋਇਆ ਹੈ| ਬਾਅਦ ਦੁਪਹਿਰ ਏਮਜ਼ ਵੱਲੋਂ ਸ੍ਰੀ ਵਾਜਪਾਈ ਦੀ ਸਿਹਤ ਬਾਰੇ ਜਾਰੀ ਹੈਲਥ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਹਾਲਤ ਪਹਿਲਾਂ ਵਰਗੀ ਹੀ ਨਾਜ਼ੁਕ ਬਣੀ ਹੋਈ ਹੈ|
ਸ੍ਰੀ ਵਾਜਪਾਈ ਦੀ ਹਾਲਤ ਗੰਭੀਰ ਹੋਣ ਕਾਰਨ ਹਸਪਤਾਲ ਵਿੱਚ ਉਹਨਾਂ ਦੀ ਹਾਲਤ ਦੀ ਜਾਣਕਾਰੀ ਲੈਣ ਲਈ ਪਹੁੰਚਣ ਵਾਲੇ ਵੀ ਵੀ ਆਈ ਪੀ ਲੋਕਾਂ ਦਾ ਤਾਂਤਾ ਲੱਗਿਆ ਰਿਹਾ| ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਸ੍ਰੀ ਅਮਿਤ ਸ਼ਾਹ, ਸ੍ਰੀ ਲਾਲ ਕ੍ਰਿਸ਼ਨ ਅਡਵਾਨੀ, ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਸਮੇਤ ਕੇਂਦਰ ਸਰਕਾਰ ਦੇ ਕਈ ਮੰਤਰੀਆਂ ਅਤੇ ਭਾਜਪਾ ਆਗੂ ਅੱਜ ਜਿਆਦਾ ਸਮਾਂ ਏਮਜ਼ ਵਿੱਚ ਰਹੇ| ਪ੍ਰਧਾਨ ਮੰਤਰੀ ਮੋਦੀ ਕਰੀਬ 45 ਮਿੰਟ ਏਮਜ਼ ਵਿੱਚ ਰੁੱਕੇ ਅਤੇ ਉਹਨਾਂ ਨੇ ਸ੍ਰੀ ਵਾਜਪਾਈ ਦੇ ਰਿਸ਼ਤੇਦਾਰਾਂ ਨਾਲ ਵੀ ਮੁਲਾਕਾਤ ਕੀਤੀ| ਉਪ-ਰਾਸ਼ਟਰਪਤੀ ਵੈਂਕੇਯਾ ਨਾਇਡੂ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਅੱਜ ਸਵੇਰੇ ਏਮਜ਼ ਪੁੱਜੇ ਅਤੇ ਵਾਜਪਾਈ ਦਾ ਹਾਲ ਜਾਣਿਆ|
93 ਸਾਲਾ ਸ੍ਰੀ ਅਟਲ ਬਿਹਾਰੀ ਵਾਜਪਾਈ ਨੂੰ ਗੁਰਦਿਆਂ ਅਤੇ ਪਿਸ਼ਾਬ ਨਲੀ ਦੇ ਇੰਨਫੈਕਸ਼ਨ, ਪਿਸ਼ਾਬ ਆਉਣ ਵਿੱਚ ਪਰੇਸ਼ਾਨੀ ਅਤੇ ਸੀਨੇ ਵਿੱਚ ਦਰਦ ਦੀ ਸ਼ਿਕਾਇਤ ਦੇ ਬਾਅਦ 11 ਜੂਨ ਨੂੰ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ|
ਇਸ ਦੌਰਾਨ ਦੁਪਹਿਰ ਵੇਲੇ ਕੁੱਝ ਟੀ ਵੀ ਚੈਨਲਾਂ ਤੇ ਸ੍ਰੀ ਵਾਜਪਾਈ ਦੀ ਮੌਤ ਹੋ ਜਾਣ ਦੀ ਖਬਰ ਪ੍ਰਸਾਰਿਤ ਕਰ ਦਿੱਤੀ ਗਈ| ਹਾਲਾਂਕਿ ਇਸਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰੰਤੂ ਇਹ ਚਰਚਾ ਹੈ ਕਿ ਅੱਜ ਦੇ ਸ਼ਾਮ ਉਹਨਾਂ ਦੀ ਮੌਤ ਦਾ ਅਧਿਕਾਰਤ ਐਲਾਨ ਹੋ ਸਕਦਾ ਹੈ| ਇਸ ਦੌਰਾਨ ਭਾਜਪਾ ਸ਼ਾਸ਼ਿਤ ਸਾਰੇ ਰਾਜਾਂ ਦੇ ਮੁੱਖ ਮੰਤਰੀ ਆਪਣੇ ਸਾਰੇ ਪ੍ਰੋਗਰਾਮ ਰੱਦ ਕਰਕੇ ਦਿੱਲੀ ਲਈ ਰਵਾਨਾ ਹੋ ਗਏ ਹਨ| ਇਸਦੇ ਨਾਲ ਹੀ ਭਾਜਪਾ ਨੇ ਦੇਸ਼ ਭਰ ਵਿੱਚ ਆਪਣੇ ਅੱਜ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ|
ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਦਫਤਰ ਵਿੱਚੋਂ ਸਜਾਵਟੀ ਸਾਮਾਨ ਵੀ ਲਾਹ ਦਿੱਤਾ ਗਿਆ ਹੈ|

Leave a Reply

Your email address will not be published. Required fields are marked *