ਸਾਬਕਾ ਫੌਜੀਆਂ ਦੇ ਇਲਾਜ ਵਿੱਚ ਕੁਤਾਹੀ ਕਰਨ ਵਾਲੇ ਹਸਪਤਾਲਾਂ ਵਿਰੁੱਧ ਸਖਤ ਕਾਰਵਾਈ ਹੋਵੇ : ਕਰਨਲ ਸੋਹੀ

ਐਸ ਏ ਐਸ ਨਗਰ, 10 ਮਾਰਚ (ਸ.ਬ.) ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਪ੍ਰਧਾਨ ਲੈਫ ਕਰਨਲ ਐਸ ਐਸ ਸੋਹੀ ਨੇ ਮੰਗ ਕੀਤੀ ਹੈ ਕਿ ਸਾਬਕਾ ਫੌਜੀਆਂ ਦੇ ਇਲਾਜ ਵਿੱਚ ਆਨਾਕਾਨੀ ਕਰਨ, ਕੁਤਾਹੀ ਕਰਨ ਅਤੇ ਸਾਬਕਾ ਫੌਜੀਆਂ ਨੂੰ ਇਲਾਜ ਦੌਰਾਨ ਪ੍ਰੇਸ਼ਾਨ ਕਰਨ ਵਾਲੇ ਪ੍ਰਾਈਵੇਟ ਹਸਪਤਾਲਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ|
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਨਲ ਸੋਹੀ ਨੇ ਕਿਹਾ ਕਿ ਸਰਕਾਰ ਨੇ ਸਾਬਕਾ ਫੌਜੀਆਂ ਲਈ ਐਕਸ ਸਰਵਿਸਮੈਨ ਕੰਟਰੀ ਬਿਊਟਰੀ ਹੈਲਥ ਸਕੀਮ ਸ਼ੁਰੂ ਕੀਤੀ ਹੋਈ ਹੈ, ਇਸ ਸਕੀਮ ਤਹਿਤ ਸਾਬਕਾ ਫੌਜੀਆਂ ਦਾ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫਤ ਇਲਾਜ ਕੀਤਾ ਜਾਂਦਾ ਹੈ ਅਤੇ ਇਲਾਜ ਦਾ ਸਾਰਾ ਖਰਚਾ ਐਕਸ ਸਰਵਿਸਮੈਨ ਕੰਟਰੀ ਬਿਊਟਰੀ ਹੈਲਥ ਸਕੀਮ ਦੇ ਖਾਤੇ ਵਿਚੋਂ ਦਿੱਤਾ ਜਾਂਦਾ ਹੈ|
ਉਹਨਾਂ ਕਿਹਾ ਕਿ ਜਦੋਂ ਇਹ ਸਕੀਮ ਸ਼ੁਰੂ ਹੋਈ ਸੀ ਤਾਂ ਪ੍ਰਾਈਵੇਟ ਹਸਪਤਾਲਾਂ ਵਾਲੇ ਪਹਿਲ ਦੇ ਆਧਾਰ ਉਪਰ ਸਾਬਕਾ ਫੌਜੀਆਂ ਦਾ ਇਲਾਜ ਕਰਦੇ ਸਨ ਪਰ ਹੁਣ ਪ੍ਰਾਈਵੇਟ ਹਸਪਤਾਲਾਂ ਨੇ ਆਪਣੀ ਨੀਤੀ ਬਦਲ ਲਈ ਹੈ| ਹੁਣ ਕਈ ਵੱਡੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਆਉਣ ਵਾਲੇ ਸਾਬਕਾ ਫੌਜੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ|
ਉਹਨਾਂ ਕਿਹਾ ਕਿ ਇਹਨਾਂ ਹਸਪਤਾਲਾਂ ਦੇ ਪ੍ਰਬੰਧਕ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਸਾਬਕਾ ਫੌਜੀਆਂ ਨੂੰ ਅਕਸਰ ਕਹਿ ਦਿੰਦੇ ਹਨ ਕਿ ਉਹਨਾਂ ਦੇ ਸਰੀਰ ਵਿੱਚ ਜਿਹੜਾ ਕੋਈ ਨਕਲੀ ਅੰਗ ਜਾਂ ਦਿਲ ਦਾ ਵਾਲਵ ਆਦਿ ਪੈਣਾ ਹੈ, ਉਹ ਜੋ ਸਰਕਾਰੀ ਰੇਟ ਉਪਰ ਮਿਲੇਗਾ ਉਹ ਠੀਕ ਠਾਕ ਹੀ ਹੁੰਦਾ ਹੈ ਪਰ ਜੇ ਉਹ ਸਭ ਤੋਂ ਵਧੀਆ ਨਕਲੀ ਅੰਗ ਜਾਂ ਦਿਲ ਦਾ ਵਾਲਵ ਪਵਾਉਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਇਸ ਲਈ ਵੱਖਰੇ ਰੁਪਏ ਦੇਣੇ ਪੈਣਗੇ| ਉਹਨਾਂ ਕਿਹਾ ਕਿ ਇਸ ਤਰੀਕੇ ਨਾਲ ਸਾਬਕਾ ਫੌਜੀਆਂ ਦੀ ਸਿੱਧੀ ਆਰਥਿਕ ਲੁੱਟ ਇਹਨਾਂ ਪ੍ਰਾਈਵੇਟ ਹਸਪਤਾਲਾਂ ਵਲੋਂ ਕੀਤੀ ਜਾਂਦੀ ਹੈ|
ਉਹਨਾਂ ਕਿਹਾ ਕਿ ਜਦੋਂ ਕਿਸੇ ਪਿੰਡ ਜਾਂ ਛੋਟੇ ਸ਼ਹਿਰ ਤੋਂ ਮੁਹਾਲੀ ਰੈਫਰ ਕੀਤਾ ਸਾਬਕਾ ਫੌਜੀ ਆਪਣਾ ਇਲਾਜ ਕਰਵਾਉਣ ਆਉੱਦਾ ਹੈ ਤਾਂ ਅਕਸਰ ਹੀ ਪ੍ਰਾਈਵੇਟ ਹਸਪਤਾਲਾਂ ਵਾਲੇ ਕਹਿ ਦਿੰਦੇ ਹਨ ਕਿ ਕੋਈ ਵੀ ਕਮਰਾ ਖਾਲੀ ਨਹੀਂ ਹੈ| ਇਸ ਤਰ੍ਹਾਂ ਇਲਾਜ ਕਰਵਾਉਣ ਵਾਲੇ ਸਾਬਕਾ ਫੌਜੀਆਂ ਨੂੰ ਕਾਫੀ ਪ੍ਰੇਸ਼ਾਨ ਹੋਣਾ ਪੈਂਦਾ ਹੈ|
ਉਹਨਾਂ ਕਿਹਾ ਕਿ ਸਾਬਕਾ ਫੌਜੀਆਂ ਨਾਲ ਅਜਿਹਾ ਵਤੀਰਾ ਅਪਨਾਉਣ ਵਾਲਿਆਂ ਨੂੰ ਆਪਣਾ ਵਤੀਰਾ ਬਦਲਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਈ. ਸੀ. ਐਚ. ਐਸ. ਵਲੋਂ ਫੋਰਟਿਸ ਹਸਪਤਾਲ ਫੇਜ਼ 8 ਦੀਆਂ ਅਜਿਹੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਉਥੇ ਨਵੇਂ ਮਰੀਜ ਭੇਜਣ ਤੇ ਰੋਕ ਲਗਾ ਦਿੱਤੀ ਹੈ ਅਤੇ ਇਸ ਸਬੰਧੀ ਈ. ਸੀ. ਐਚ. ਐਸ. ਦਿੱਲੀ ਹੈਡਕੁਆਟਰ ਤੋਂ ਹੁਕਮ ਜਾਰੀ ਹੋ ਗਏ ਹਨ ਜਿਸਦੇ ਤਹਿਤ ਇਸ ਹਸਪਤਾਲ ਵਿੱਚ ਕਿਸੇ ਵੀ ਨਵੇਂ ਸਾਬਕਾ ਫੌਜੀ ਨੂੰ ਰੈਫਰ ਨਹੀਂ ਕੀਤਾ ਜਾਵੇਗਾ ਬਸ ਜਿਹੜੇ ਮਰੀਜਾਂ ਦਾ ਇਸ ਹਸਪਤਾਲ ਵਿੱਚ ਇਲਾਜ ਚਲ ਰਿਹਾ ਹੈ, ਉਹ ਚਲਦਾ ਰਹੇਗਾ| ਉਹਨਾਂ ਕਿਹਾ ਕਿ ਜੇ ਹੋਰਨਾਂ ਹਸਪਤਾਲਾਂ ਨੇ ਵੀ ਆਪਣੇ ਵਤੀਰੇ ਵਿਚ ਤਬਦੀਲੀ ਨਾ ਕੀਤੀ ਤਾਂ ਉਹਨਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ|

Leave a Reply

Your email address will not be published. Required fields are marked *