ਸਾਬਕਾ ਫੌਜੀਆਂ ਨੇ ਆਪਣੇ ਮਸਲਿਆਂ ਤੇ ਕੇਂਦਰ ਸਰਕਾਰ ਵਲੋਂ ਅਪਣਾਈ ਬੇਰੁਖੀ ਵਿਰੁੱਧ ਰੋਸ ਪ੍ਰਗਟਾਇਆ

ਸਾਬਕਾ ਫੌਜੀਆਂ ਨੇ ਆਪਣੇ ਮਸਲਿਆਂ ਤੇ ਕੇਂਦਰ ਸਰਕਾਰ ਵਲੋਂ ਅਪਣਾਈ ਬੇਰੁਖੀ ਵਿਰੁੱਧ ਰੋਸ ਪ੍ਰਗਟਾਇਆ
ਐਨ ਡੀ ਏ ਸਰਕਾਰ ਤੇ ਸਾਢੇ ਚਾਰ ਸਾਲਾਂ ਦੌਰਾਨ ਸਾਬਕਾ ਫੌਜੀਆਂ ਦੇ ਮਸਲੇ ਹੱਲ ਨਾ ਕਰਨ ਦਾ ਦੋਸ਼ ਲਗਾਇਆ
ਚੰਡੀਗੜ੍ਹ, 7 ਜਨਵਰੀ (ਸ.ਬ.) ਸਾਬਕਾ ਫੌਜੀਆਂ ਦੀ ਦੇਸ਼ ਵਿਆਪੀ ਸੰਸਥਾ ਯੂਨਾਇਟਿਡ ਫਰੰਟ ਐਕਸ ਸਰਵਿਸਮੈਨ ਦੇ ਸਕੱਤਰ ਸ੍ਰੀ ਦਿਨੇਸ਼ ਨੈਣ ਦੀ ਅਗਵਾਈ ਵਿੱਚ ਉੱਤਰ ਭਾਰਤ ਦੇ ਸਾਬਕਾ ਫੌਜੀਆਂ ਦੀ ਇੱਕ ਅਹਿਮ ਮੀਟਿੰਗ ਅੱਜ ਚੰਡੀਗੜ੍ਹ ਦੇ ਸੈਕਟਰ 21 ਵਿੱਚ ਸਥਿਤ ਜਿਲ੍ਹਾ ਸੈਨਿਕ ਬੋਰਡ ਦਫਤਰ ਵਿੱਚ ਹੋਈ| ਇਸ ਮੀਟਿੰਗ ਵਿੱਚ ਪੰਜਾਬ, ਹਰਿਆਣਾ, ਯੂ ਪੀ, ਉਤਰਾਖੰਡ, ਹਿਮਾਚਲ ਪ੍ਰਦੇਸ਼, ਬਿਹਾਰ, ਰਾਜਸਥਾਨ ਤੋਂ ਵੱਡੀ ਗਿਣਤੀ ਸਾਬਕਾ ਫੌਜੀ ਸ਼ਾਮਲ ਹੋਏ| ਇਸ ਮੀਟਿੰਗ ਵਿੱਚ ਕੇਂਦਰ ਸਰਕਾਰ ਪ੍ਰਤੀ ਰੋਸ ਪ੍ਰਗਟ ਕੀਤਾ ਗਿਆ ਕਿ ਕੇਂਦਰ ਸਰਕਾਰ ਨੇ ਸਾਬਕਾ ਫੌਜੀਆਂ ਦੇ ਮੁੱਦੇ ਠੰਡੇ ਬਸਤੇ ਵਿੱਚ ਪਾ ਦਿੱਤੇ ਹਨ, ਇਸ ਸਰਕਾਰ ਨੇ ਸਾਬਕਾ ਫੌਜੀਆਂ ਦੇ ਮਸਲੇ ਹੱਲ ਕਰਨ ਲਈ ਕੁਝ ਨਹੀਂ ਕੀਤਾ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਪ੍ਰਧਾਨ ਲੈਫ ਕਰਨਲ ਐਸ ਐਸ ਸੋਹੀ ਨੇ ਦਸਿਆ ਕਿ ਮੀਟਿੰਗ ਦੌਰਾਨ ਬੁਲਾਰਿਆਂ ਵਲੋਂ ਇਸ ਗੱਲ ਤੇ ਸਖਤ ਰੋਸ ਜਤਾਇਆ ਗਿਆ ਕਿ ਪਿਛਲੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਮੋਦੀ ਸਰਕਾਰ ਨੇ ਸਾਬਕਾ ਫੌਜੀਆਂ ਨੂੰ ਸਿਵਾਏ ਲਾਰਿਆਂ ਦੇ ਕੁੱਝ ਨਹੀਂ ਦਿੱਤਾ| ਇਸ ਮੌਕੇ ਮੰਗ ਕੀਤੀ ਗਈ ਕਿ ਭਾਰਤ ਦੀਆਂ ਸੁਰਖਿਆ ਫੋਰਸਾਂ ਵਾਸਤੇ ਵੱਖਰਾ ਤਨਖਾਹ ਕਮਿਸ਼ਨ ਬਣਾਇਆ ਜਾਵੇ, ਸਾਬਕਾ ਫੌਜੀਆਂ ਨੂੰ 60 ਸਾਲ ਤਕ ਪੂਰੀ ਤਨਖਾਹ ਪੈਨਸ਼ਨ ਦੇ ਰੂਪ ਵਿੱਚ ਦਿੱਤੀ ਜਾਵੇ ਜਾਂ ਫਿਰ ਸਾਬਕਾ ਫੌਜੀਆਂ ਨੂੰ ਰੁਜਗਾਰ ਗਾਰਟੀ ਦਿੱਤੀ ਜਾਵੇ, ਮਹਿਲਾ ਕਮਿਸ਼ਨ ਤੇ ਘੱਟਗਿਣਤੀ ਕਮਿਸ਼ਨ ਵਾਂਗ ਸਾਬਕਾ ਫੌਜੀਆਂ ਲਈ ਵੱਖਰਾ ਕਮਿਸ਼ਨ ਕਾਇਮ ਕੀਤਾ ਜਾਵੇ, ਵਨ ਰੈਂਕ ਵਨ ਪੈਨਸ਼ਨ ਦੀਆਂ ਖਾਮੀਆਂ ਦੂਰ ਕੀਤੀਆਂ ਜਾਣ, ਸੀ ਐਸ ਡੀ ਕੰਟੀਨ ਅਤੇ ਈ ਸੀ ਐਚ ਐਸ ਦੇ ਪ੍ਰਬੰਧਾਂ ਵਿੱਚ ਸੁਧਾਰ ਕੀਤਾ ਜਾਵੇ|
ਇਸ ਮੀਟਿੰਗ ਵਿੱਚ ਇਸ ਗੱਲ ਉਪਰ ਸਹਿਮਤੀ ਪ੍ਰਗਟ ਕੀਤੀ ਗਈ ਕਿ ਸਾਬਕਾ ਫੌਜੀਆਂ ਦੀ ਭਲਾਈ ਲਈ ਇਕ ਐਡਹਾਕ ਕਮੇਟੀ ਦਾ ਗਠਨ ਕੀਤਾ ਜਾਵੇ ਜੋ ਸਾਬਕਾ ਫੌਜੀਆਂ ਨੂੰ ਜਾਗਰੂਕ ਕਰਕੇ ਉਹਨਾਂ ਦੇ ਮਸਲੇ ਹੱਲ ਕਰਵਾਉਣ ਲਈ ਯਤਨ ਕਰੇ| ਇਸਦੇ ਨਾਲ ਹੀ ਮੌਜੂਦਾ ਸਿਆਸੀ ਮਾਹੌਲ ਬਾਰੇ ਵੀ ਚਰਚਾ ਕੀਤੀ ਗਈ|

Leave a Reply

Your email address will not be published. Required fields are marked *