ਸਾਬਕਾ ਫੌਜ਼ੀਆਂ ਨੇ ਕਾਂਗਰਸ ਨੂੰ ਦਿੱਤਾ ਸਮਰਥਨ, ਕੈਪਟਨ ਅਮਰਿੰਦਰ, ਹਿਮਾਚਲ, ਉਤਰਾਖੰਡ ਦੇ ਮੁੱਖ ਮੰਤਰੀਆਂ ਨੇ ਕੀਤਾ ਸਵਾਗਤ

ਨਵੀਂ ਦਿੱਲੀ, 5 ਜਨਵਰੀ (ਸ.ਬ.) ਓ.ਆਰ.ਓ.ਪੀ ਮੁੱਦੇ ਉਪਰ ਹਾਲੇ ਵਿੱਚ ਜੰਤਰ ਮੰਤਰ ਤੇ ਲੰਬੇ ਵਕਤ ਤੱਕ ਚੱਲੇ ਪ੍ਰਦਰਸ਼ਨ ਵਿੱਚ ਚਰਚਾ ਦਾ ਵਿਸ਼ਾ ਬਣਨ ਵਾਲੀ ਇੰਡੀਅਨ ਐਕਸ ਸਰਵਿਸਮੈਨ ਮੂਵਮੇਂਟ ਨੇ ਉਨ੍ਹਾਂ ਦੀ ਭਲਾਈ ਪ੍ਰਤੀ ਮੋਦੀ ਸਰਕਾਰ ਵਿੱਚ ਚਿੰਤਾ ਦੀ ਪੂਰੀ ਤਰ੍ਹਾਂ ਘਾਟ ਤੇ ਦੁੱਖ ਪ੍ਰਗਟਾਉਂਦਿਆਂ, ਪੰਜਾਬ ਸਮੇਤ ਚੋਣਾਂ ਦੇ ਦੌਰ ਵਿੱਚ ਚੱਲ ਰਹੇ ਹੋਰ ਸੂਬਿਆਂ ਤੇ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਨੂੰ ਸਮਰਥਨ ਦਿੱਤਾ ਹੈ|
ਇਥੇ ਏ.ਆਈ.ਸੀ.ਸੀ ਦਫਤਰ ਵਿਖੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭਦਰ ਸਿੰਘ ਤੇ ਉਤਰਾਖੰਡ ਦੇ ਸੀ.ਐਮ ਹਰੀਸ਼ ਰਾਵਤ ਸਮੇਤ ਪਾਰਟੀ ਆਗੂਆਂ ਏ.ਆਈ.ਸੀ.ਸੀ ਜਨਰਲ ਸਕੱਤਰ ਪੰਜਾਬ ਮਾਮਲਿਆਂ ਦੀ ਇੰਚਾਰਜ਼ ਆਸ਼ਾ ਕੁਮਾਰੀ, ਸਾਂਸਦ ਅੰਬਿਕਾ ਸੋਨੀ, ਪ੍ਰਦੇਸ ਕਾਂਗਰਸ ਮੀਤ ਪ੍ਰਧਾਨ ਸੁਨੀਲ ਜਾਖੜ ਤੇ ਰਣਦੀਪ ਸੁਰਜੇਵਾਲਾ ਨੇ ਚੇਅਰਮੈਨ ਮੇਜਰ ਜਨਰਲ ਸਤਬੀਰ ਸਿੰਘ ਦੀ ਅਗਵਾਈ ਵਾਲੇ ਆਈ.ਈ.ਐਸ.ਐਮ ਦੇ ਮੈਂਬਰਾਂ ਦਾ ਸਵਾਗਤ ਕੀਤਾ| ਰਿਟਾਇਰਡ ਰੱਖਿਆ ਅਫਸਰਾਂ ਜਨਰਲ ਐਸ.ਪੀ ਗਰੇਵਾਲ ਤੇ ਲੈਫਟੀਨੇਂਟ ਜਨਰਲ ਤਜਿੰਦਰ ਸ਼ੇਰਗਿੱਲ ਇਸ ਮੌਕੇ  ਹਾਜਿਰ ਸਨ|
ਕੈਪਟਨ ਅਮਰਿੰਦਰ ਨੇ ਰੱਖਿਆ ਮੰਤਰਾਲੇ ਤੋਂ ਵਨ ਰੈਂਕ ਵਨ ਪੈਨਸ਼ਨ ਲਾਗੂ ਕਰਨ ਦੀ ਮੰਗ ਕਰਦਿਆਂ, ਜੰਤਰ ਮੰਤਰ ਤੇ 571 ਦਿਨਾਂ ਤੱਕ ਲੜੀਵਾਰ ਭੁੱਖ ਹੜ੍ਹਤਾਲ ਕਰਨ ਵਾਲੇ ਆਈ.ਈ.ਐਸ.ਐਮ ਦੇ ਮੈਂਬਰਾਂ ਦਾ ਧੰਨਵਾਦ ਕੀਤਾ|
ਕੈਪਟਨ ਅਮਰਿੰਦਰ ਨੇ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਕਿਹਾ ਕਿ ਆਈ.ਈ.ਐਸ.ਐਮ ਵੱਲੋਂ ਕਾਂਗਰਸ ਨੂੰ ਸਮਰਥਨ ਦੇਣ ਨਾਲ ਦੇਸ਼ ਦੇ ਸਾਬਕਾ ਫੌਜ਼ੀ ਹੁਣ ਪਾਰਟੀ ਦੇ ਹੱਕ ਵਿੱਚ ਆ ਚੁੱਕੇ ਹਨ| ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸੰਸਦ ਦੇ ਇਕ ਕਾਨੂੰਨ ਤੋਂ ਮਾਨਤਾ ਪ੍ਰਾਪਤ ਇੰਡੀਅਨ ਐਕਸ ਸਰਵਿਸਮੈਨ ਲੀਗ ਤੇ ਸਾਂਝਾ ਮੋਰਚਾ ਵੀ ਪਹਿਲਾਂ ਤੋਂ ਪੰਜਾਬ ‘ਚ ਕਾਂਗਰਸ ਨੂੰ ਆਪਣਾ ਸਮਰਥਨ ਦੇ ਚੁੱਕੇ ਹਨ|
ਕੈਪਟਨ ਅਮਰਿੰਦਰ ਨੇ ਫੌਜ਼ੀਆਂ ਤੇ ਸਾਬਕਾ ਫੌਜ਼ੀਆ ਦੀਆਂ ਸਮੱਸਿਆਵਾਂ ਪ੍ਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੱਖਿਆ ਮੰਤਰੀ ਮਨੋਹਰ ਪਾਰਿਕਰ ਦੀ ਪੂਰੀ ਤਰ੍ਹਾਂ ਉਦਾਸਹੀਨਤਾ ਤੇ ਵਰ੍ਹਦਿਆਂ ਕਿਹਾ ਕਿ ਕੇਂਦਰ ਨੇ ਨਾ ਸਿਰਫ ਓ.ਆਰ.ਓ.ਪੀ ਤੇ ਮੰਗ ਨੂੰ ਪਿੱਛੇ ਧਕੇਲ ਦਿੱਤਾ ਹੈ, ਸਗੋਂ ਫੌਜ਼ ਦੇ ਰੈਂਕਾਂ ਨੂੰ ਘੱਟ ਕਰਦਿਆਂ ਉਨ੍ਹਾਂ ਦੀ ਸੀਨੀਅਰਤਾ ਨੂੰ ਘਟਾ ਕੇ ਰੱਖਿਆ ਫੋਰਸਾਂ ਨਾਲ ਉਨ੍ਹਾਂ ਦੇ ਉਚਿਤ ਹੱਕਾਂ ਨੂੰ ਲੈ ਕੇ ਧੋਖਾ ਕੀਤਾ ਹੈ|
ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਂਗਰਸ ਸਾਬਕਾ ਫੌਜੀਆਂ ਦੀ ਭਲਾਈ ਨੂੰ ਲੈ ਕੇ ਤੱਤਪਰ ਹੈ ਤੇ ਉਨ੍ਹਾਂ ਵਾਸਤੇ ਉਸਨੇ ਪੰਜਾਬ ਅੰਦਰ ਆਪਣੇ ਮੈਨਿਫੈਸਟੋ ਵਿੱਚ 21 ਸੂਤਰੀ ਏਜੰਡਾ ਸ਼ਾਮਿਲ ਕੀਤਾ ਹੈ|
ਇਸ ਮੌਕੇ ਮੇਜਰ ਜਨਰਲ ਸਤਬੀਰ ਨੇ ਕਿਹਾ ਕਿ ਰੱਖਿਆ ਮੰਤਰੀ ਵੱਲੋਂ ਸਾਬਕਾ ਫੌਜ਼ੀਆਂ ਦਾ ਅਪਮਾਨ ਕੀਤਾ ਗਿਆ ਹੈ| ਉਹਨਾਂ ਕਿਹਾ ਕਿ ਪੰਜਾਬ ਵਿੱਚ ਸਾਬਕਾ ਫੌਜ਼ੀਆਂ ਲਈ 53 ਸਕੀਮਾਂ ਹੋਣ ਦੇ ਬਾਵਜੂਦ ਉਨ੍ਹਾਂ ਵਿੱਚੋਂ ਕੋਈ ਵੀ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤੀ ਜਾ ਸਕੀ ਹੈ|

Leave a Reply

Your email address will not be published. Required fields are marked *