ਸਾਬਕਾ ਭਾਜਪਾ ਮੰਤਰੀ ਸਤਪਾਲ ਗੋਸਾਈਂ ਕਾਂਗਰਸ ਵਿੱਚ ਸ਼ਾਮਿਲ ਕਈ ਆਪ ਆਗੂ ਵੀ ਕਾਂਗਰਸ ਵਿੱਚ ਹੋਏ ਸ਼ਾਮਿਲ

ਚੰਡੀਗੜ੍ਹ, 13 ਜਨਵਰੀ (ਸ.ਬ.) ਭਾਰਤੀ ਜਨਤਾ ਪਾਰਟੀ ਨੂੰ ਕਈ ਝਟਕੇ ਲੱਗੇ ਅਤੇ ਲੁਧਿਆਣਾ ਤੋਂ ਉਸਦੇ ਸੀਨੀਅਰ ਪਾਰਟੀ ਆਗੂ ਤੇ ਸੂਬੇ ਦੇ ਸਾਬਕਾ ਮੰਤਰੀ ਸਤਪਾਲ ਗੋਸਾਈਂ ਕਈ ਪਾਰਟੀ ਆਗੂਆਂ ਤੇ ਸਮਰਥਕਾਂ ਸਮੇਤ ਕਾਂਗਰਸ ਵਿੱਚ ਸ਼ਾਮਿਲ ਹੋ ਗਏ| ਇਸ ਦੌਰਾਨ ਮੌੜ ਤੋਂ ਆਪ ਦੇ ਸੰਭਾਵਿਤ ਉਮੀਦਵਾਰ ਤੇ ਕਈ ਅਕਾਲੀ ਆਗੂ ਵੀ ਕਾਂਗਰਸ ਦਾ ਹਿੱਸਾ ਬਣ ਗਏ|
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਸ਼ਮੂਲਿਅਤਾਂ ਦਾ ਸਵਾਗਤ ਕਰਦਿਆਂ ਇਸਨੂੰ ਪਾਰਟੀ ਦੇ ਹੱਕ ਵਿੱਚ ਇਕ ਵੱਡੀ ਲਹਿਰ ਦੱਸਿਆ ਤੇ ਕਿਹਾ ਕਿ ਸੂਬੇ ਦੇ ਵੋਟਰਾਂ ਵਾਸਤੇ ਕਾਂਗਰਸ ਪਾਰਟੀ ਹੀ ਇਕੋ ਇਕ ਸਹੀ ਚੋਣ ਹੈ, ਜਿਹੜੇ ਸੱਤਾਧਾਰੀ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਆਪ ਅੰਦਰ ਭ੍ਰਿਸ਼ਟਾਚਾਰ ਤੋਂ ਪੂਰੀ ਤਰ੍ਹਾਂ ਤੰਗ ਹੋ ਚੁੱਕੇ ਹਨ|
ਇਸ ਮੌਕੇ ਲੁਧਿਆਣਾ ਤੋਂ ਤਿੰਨ ਵਾਰ ਵਿਧਾਇਕ ਰਹੇ, ਸੀਨੀਅਰ ਭਾਜਪਾ ਆਗੂ ਗੋਸਾਈਂ ਨਾਲ ਲੁਧਿਆਣਾ ਵਿੱਚ ਭਾਜਪਾ ਦੇ ਸੱਭ ਤੋਂ ਮੁੱਖ ਸਿੱਖ ਚੇਹਰੇ, ਤਿੰਨ ਵਾਰ ਅਤੇ ਮੌਜ਼ੂਦਾ ਕੌਂਸਲਰ ਗੁਰਦੀਪ ਸਿੰਘ ਨੀਟੂ ਵੀ ਪਾਰਟੀ ਵਿੱਚ ਸ਼ਾਮਿਲ ਹੋ ਗਏ| ਗੋਸਾਈਂ ਸੂਬੇ ਦੇ ਸਾਬਕਾ ਮੰਤਰੀ ਹੋਣ ਸਮੇਤ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਰਹੇ ਹਨ| ਕਾਂਗਰਸ ਵਿੱਚ ਸ਼ਾਮਿਲ ਹੋਣ ਵਾਲੇ ਇਕ ਹੋਰ ਭਾਜਪਾ ਆਗੂ ਅਮਿਤ ਗੋਸਾਈਂ ਰਹੇ, ਜਿਹੜੇ ਲੁਧਿਆਣਾ ਭਾਜਪਾ ਦੇ ਬੁਲਾਰੇ ਤੇ ਸਤਪਾਲ ਗੋਸਾਈਂ ਦੇ ਪੋਤਰੇ ਹਨ|
ਮੌੜ ਤੋਂ ਪਾਰਟੀ ਦੀ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਸਿਮਰਤ ਕੌਰ ਧਾਲੀਵਾਲ ਵੀ ਕਾਂਗਰਸ ਵਿੱਚ ਸ਼ਾਮਿਲ ਹੋ ਗਏ| ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਛੱਡਣ ਦਾ ਫੈਸਲਾ ਲਿਆ ਹੈ, ਜਿਨ੍ਹਾਂ ਨੇ ਸੀਟ ਵਾਸਤੇ ਉਸ ਤੋਂ 50 ਲੱਖ ਰੁਪਏ ਦੀ ਭਾਰੀ ਰਕਮ ਮੰਗੀ ਸੀ| ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਆਪ ਦੇ ਵਾਅਦਿਆਂ ਨੂੰ ਪੂਰੀ ਤਰ੍ਹਾਂ ਝੂਠਾ ਕਰਾਰ ਦਿੱਤਾ| ਧਾਲੀਵਾਲ ਨੇ ਖੁਲਾਸਾ ਕੀਤਾ ਕਿ ਆਪ ਉਨ੍ਹਾਂ ਸਾਰੇ ਸਿਧਾਂਤਾਂ ਨੂੰ ਤੋੜ ਰਹੀ ਹੈ, ਜਿਨ੍ਹਾਂ ਉਪਰ ਉਹ ਕਦੇ ਚੱਲਦੀ ਸੀ ਅਤੇ ਟਿਕਟਾਂ ਨੂੰ ਵੱਡੇ ਵੱਡੇ ਰੇਟਾਂ ਤੇ ਵੇਚਿਆ ਜਾ ਰਿਹਾ ਹੈ| ਉਨ੍ਹਾਂ ਦੀ ਇਹ ਸ਼ਮੂਲਿਅਤ ਇਕ ਆਪ ਉਮੀਦਵਾਰ ਵੱਲੋਂ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਤਿੰਨ ਦਿਨਾਂ ਬਾਅਦ ਹੋਈ ਹੈ|
ਕਾਂਗਰਸ ਵਿੱਚ ਸ਼ਾਮਿਲ ਹੋਣ ਵਾਲੇ ਇਕ ਹੋਰ ਆਪ ਆਗੂ ਅਸ਼ੋਕ ਪਰਾਸ਼ਰ ਪੱਪੀ ਰਹੇ| ਉਨ੍ਹਾਂ ਨੇ ਕੇਜਰੀਵਾਲ ਦੇ ਹੱਕ ਵਿੱਚ ਪਾਰਟੀ ਛੱਡਣ ਤੋਂ ਪੰਜ ਮਹੀਨਿਆਂ ਤੋਂ ਘੱਟ ਸਮੇਂ ਅੰਦਰ ਕਾਂਗਰਸ ਵਿੱਚ ਵਾਪਿਸੀ ਦਾ ਫੈਸਲਾ ਲੈ ਲਿਆ| ਇਸ ਦੌਰਾਨ, 2012 ਵਿਧਾਨ ਸਭਾ ਚੋਣਾਂ ਵਿੱਚ ਲੁਧਿਆਣਾ ਦੱਖਣੀ ਤੋਂ ਕਾਂਗਰਸੀ ਉਮੀਦਵਾਰ ਰਹੇ ਪੱਪੀ ਨੇ ਕਿਹਾ ਕਿ ਆਪ ਭ੍ਰਿਸ਼ਟ ਲੋਕਾਂ ਦੀ ਪਾਰਟੀ ਹੈ, ਜਿਹੜੇ ਆਪਣੇ ਵਿਸ਼ੇਸ਼ ਹਿੱਤਾਂ ਖਾਤਿਰ ਲੋਕਾਂ ਦਾ ਫਾਇਦਾ ਚੁੱਕ ਰਹੇ ਹਨ|
ਆਪ ਵਿੱਚ ਸ਼ਾਮਿਲ ਹੋਣ ਵਾਲੇ ਮੌਜ਼ੂਦਾ ਕਾਂਗਰਸੀ ਕੌਂਸਲਰ ਰਾਕੇਸ਼ ਪਰਾਸ਼ਰ ਵੀ ਕੇਜਰੀਵਾਲ ਦੀ ਪਾਰਟੀ ਵਿੱਚ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨ ਤੋਂ ਬਾਅਦ ਹੁਣ ਕਾਂਗਰਸ ਵਿੱਚ ਵਾਪਿਸ ਆ ਗਏ|
ਇਸ ਦੌਰਾਨ ਸ਼ਾਮਿਲ ਹੋਣ ਵਾਲਿਆਂ ਵਿੱਚ ਬੀਰੇਂਦਰ ਗੋਇਲ ਸਮੇਤ ਦੋ ਸੀਨੀਅਰ ਅਕਾਲੀ ਆਗੂ ਵੀ ਰਹੇ, ਜਿਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਪਾਰਟੀ ਆਗੂ ਰਜਿੰਦਰ ਕੌਰ ਭੱਠਲ ਵੱਲੋਂ ਕਾਂਗਰਸ ਵਿੱਚ ਲਿਆਇਆ ਗਿਆ| ਗੋਇਲ ਨੇ 1992 ਵਿੱਚ ਭੱਠਲ ਖਿਲਾਫ ਭਾਜਪਾ ਦੀ ਟਿਕਟ ਤੇ ਚੋਣ ਲੜੀ ਸੀ| ਇਸ ਮੌਕੇ ਦਰਜ਼ਨ ਭਰ ਸਮਰਥਕਾਂ ਸਮੇਤ ਕਾਂਗਰਸ ਵਿੱਚ ਸ਼ਾਮਿਲ ਹੋਣ ਵਾਲੇ ਗੋਇਲ ਨੇ ਕਿਹਾ ਕਿ ਉਨ੍ਹਾਂ ਦੇ ਹੋਰ ਸੈਂਕੜਾਂ ਸਮਰਥਕ ਲਹਿਰਾ ਤੋਂ ਕਾਂਗਰਸ ਉਮੀਦਵਾਰ ਭੱਠਲ ਦੇ ਚੋਣ ਪ੍ਰਚਾਰ ਵਿੱਚ ਸ਼ਾਮਿਲ ਹੋਣਗੇ|
ਇਸੇ ਤਰ੍ਹਾਂ, ਮਾਰਚ 2014 ਵਿੱਚ ਸ੍ਰੋਅਦ ਵਿੱਚ ਸ਼ਾਮਿਲ ਹੋਣ ਵਾਲੇ ਸੀਨੀਅਰ ਕਾਂਗਰਸੀ ਆਗੂ ਜਗਮੋਹਨ ਸ਼ਰਮਾ ਵੀ ਪਾਰਟੀ ਵਿੱਚ ਵਾਪਿਸ ਆ ਗਏ|

Leave a Reply

Your email address will not be published. Required fields are marked *