ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਭਤੀਜਾ ਹਰਸੁਖਇੰਦਰ ਸਿੰਘ ਬੱਬੀ ਬਾਦਲ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਿਲ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਭਤੀਜਾ ਹਰਸੁਖਇੰਦਰ ਸਿੰਘ ਬੱਬੀ ਬਾਦਲ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਿਲ
ਅਕਾਲੀ ਦਲ ਟਕਸਾਲੀ ਦੀ ਯੂਥ ਵਿੰਗ ਦਾ ਕੌਮੀ ਪ੍ਰਧਾਨ ਬਣਾਇਆ
ਚੰਡੀਗੜ੍ਹ, 14 ਮਾਰਚ (ਸ.ਬ.) ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਹਲਕਾ ਐਸ ਏ ਐਸ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁਖ ਆਗੂ ਸ੍ਰ. ਹਰਸੁਖਇੱਦਰ ਸਿੰਘ ਬੱਬੀ ਬਾਦਲ (ਜਿਹੜੇ ਅਕਾਲੀ ਸਫਾਂ ਵਿੱਚ ਸੁਖਬੀਰ ਬਾਦਲ ਦੀ ਸੱਜੀ ਬਾਂਹ ਕਹੇ ਜਾਂਦੇ ਸਨ) ਅਕਾਲੀ ਦਲ (ਟਕਸਾਲੀ) ਵਿੱਚ ਸ਼ਾਮਲ ਹੋ ਗਏ ਹਨ| ਸ੍ਰ. ਬੱਬੀ ਬਾਦਲ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਅਕਾਲੀ ਦਲ ਟਕਸਾਲੀ ਦੇ ਪੱਤਰਕਾਰ ਸੰਮੇਲਨ ਦੌਰਾਨ ਸੰਸਦ ਮੈਂਬਰ ਅਤੇ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਸ੍ਰ. ਰਣਜੀਤ ਸਿੰਘ ਬ੍ਰਹਮਪੁਰਾ ਦੀ ਹਾਜਰੀ ਵਿੱਚ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਿਲ ਹੋਏ ਅਤੇ ਇਸੇ ਮੌਕੇ ਉਹਨਾਂ ਨੂੰ ਅਕਾਲੀ ਦਲ ਟਕਸਾਲੀ ਦੀ ਯੂਥ ਵਿੰਗ ਦਾ ਪ੍ਰਧਾਨ ਐਲਾਨ ਦਿੱਤਾ ਗਿਆ|
ਹਾਲਾਂਕਿ ਪਿਛਲੇ ਕੁੱਝ ਸਮੇਂ ਤੋਂ ਇਹ ਕਨਸੋਆਂ ਚਲ ਰਹੀਆਂ ਸਨ ਕਿ ਸ੍ਰ. ਬੱਬੀ ਬਾਦਲ ਪਾਰਟੀ ਲੀਡਰਸ਼ਿਪ ਤੋਂ ਦੂਰੀ ਬਣਾ ਕੇ ਚਲ ਰਹੇ ਹਨ ਪਰੰਤੂ ਇਹ ਆਸ ਕਿਸੇ ਨੂੰ ਵੀ ਨਹੀਂ ਸੀ ਕਿ ਉਹ ਇਸ ਤਰੀਕੇ ਨਾਲ ਪਾਰਟੀ ਛੱਡ ਜਾਣਗੇ|
ਪੱਤਰਕਾਰ ਸੰਮੇਲਨ ਦੌਰਾਨ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜੱਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਇਕ ਸੁਖਬੀਰ ਸਿੰਘ ਬਾਦਲ ਨੂੰ ਖਰੀਆਂ-ਖਰੀਆਂ ਸੁਣਾਉਂਦਿਆਂ ਉਨ੍ਹਾਂ ਤੇ ਗੰਭੀਰ ਦੋਸ਼ ਲਾਏ| ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਅਕਾਲੀ ਦਲ ਦਾ ਗਠਨ 1920 ਵਿੱਚ ਹੋਇਆ ਸੀ ਅਤੇ ਇਸ ਪਾਰਟੀ ਨੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਹਨ ਪਰ ਜਦੋਂ ਤੋਂ ਸੁਖਬੀਰ ਬਾਦਲ ਇਸ ਪਾਰਟੀ ਦੇ ਪ੍ਰਧਾਨ ਬਣੇ, ਉਸ ਸਮੇਂ ਤੋਂ ਉਨ੍ਹਾਂ ਨੇ ਪਾਰਟੀ ਦਾ ਸੱਤਿਆਨਾਸ਼ ਮਾਰ ਕੇ ਰੱਖ ਦਿੱਤਾ ਅਤੇ ਪਾਰਟੀ ਦਾ ਪੂਰੀ ਤਰ੍ਹਾਂ ਬੇੜਾ ਗਰਕ ਕਰ ਦਿੱਤਾ ਗਿਆ|
ਬ੍ਰਹਮਪੁਰਾ ਨੇ ਕਿਹਾ ਕਿ ਆਪਣੀਆਂ ਚੋਣ ਰੈਲੀਆਂ ਦੌਰਾਨ ਸੁਖਬੀਰ ਨੇ ਗੁਰੂ ਘਰ ਦੇ ਲੰਗਰ ਦੀ ਵਰਤੋਂ ਕੀਤੀ| ਉਨ੍ਹਾਂ ਕਿਹਾ ਕਿ ਗਰੀਬਾਂ ਕੋਲੋਂ ਲੰਗਰ ਖੋਹ ਕੇ ਸੁਖਬੀਰ ਅਜਿਹੀਆਂ ਹਰਕਤਾਂ ਕਰ ਰਹੇ ਹਨ| ਉਨ੍ਹਾਂ ਕਿਹਾ ਕਿ ਆਪਣੀਆਂ ਅਜਿਹੀਆਂ ਕਾਰਵਾਈਆਂ ਕਾਰਨ ਸੁਖਬੀਰ ਨੇ ਸਿੱਖੀ ਦਾ ਘਾਣ ਕਰ ਦਿੱਤਾ ਹੈ| ਬ੍ਰਹਮਪੁਰਾ ਨੇ ਕਿਹਾ ਕਿ ਗੁਰੂ ਦੇ ਘਰ ਦੇਰ ਹੈ ਪਰ ਹਨ੍ਹੇਰ ਨਹੀਂ ਹੈ ਅਤੇ ਸੁਖਬੀਰ ਨੂੰ ਆਪਣੇ ਕੀਤੇ ਗੁਨਾਹਾਂ ਦੀ ਸਜ਼ਾ ਇਕ ਦਿਨ ਜ਼ਰੂਰ ਮਿਲੇਗੀ|

Leave a Reply

Your email address will not be published. Required fields are marked *