ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਵਲੋਂ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ

ਗੁਰਦਾਸਪੁਰ, 3 ਨਵੰਬਰ (ਸ.ਬ.) ਅਕਾਲੀ ਦਲ ਦਾ ਅੰਦਰੂਨੀ ਸੰਕਟ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ| ਟਕਸਾਲੀ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸ੍ਰ. ਸੇਵਾ ਸਿੰਘ ਸੇਖਵਾਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੀਆਂ ਅਹੁਦੇਦਾਰੀਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ| ਸ੍ਰ. ਸੇਖਵਾਂ ਨੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਨੂੰ ਤਿਆਗ ਦਿੱਤਾ ਹੈ|
ਸ੍ਰ. ਸੇਖਵਾਂ ਦੇ ਅਸਤੀਫੇ ਵਿੱਚ ਖਾਸ ਗੱਲ ਇਹ ਹੈ ਕਿ ਅਸਤੀਫੇ ਨੂੰ ਬਿਮਾਰੀ ਜਾਂ ਖਰਾਬ ਸਿਹਤ ਕਰਕੇ ਨਹੀਂ ਬਲਕਿ ਪਾਰਟੀ ਦੇ ਨੌਜਵਾਨ ਲੀਡਰਾਂ ਦੀਆਂ ਕਾਰਵਾਈਆਂ ਕਾਰਨ ਦਿੱਤਾ ਗਿਆ ਦੱਸਿਆ ਗਿਆ ਹੈ| ਸੇਖਵਾਂ ਦੇ ਅਸਤੀਫੇ ਨਾਲ ਹੁਣ ਅਕਾਲੀ ਦਲ ਵਿੱਚ ਵੱਡਾ ਪਾੜਾ ਪੈ ਗਿਆ ਹੈ|
ਸ੍ਰ. ਸੇਖਵਾਂ ਨੇ ਸ੍ਰ. ਰਣਜੀਤ ਸਿੰਘ ਬ੍ਰਹਮਪੁਰਾ ਅਤੇ ਡਾ. ਰਤਨ ਸਿੰਘ ਅਜਨਾਲਾ ਨਾਲ ਸਾਂਝੇ ਪੱਤਰਕਾਰ ਸੰਮੇਲਨ ਕਰਕੇ ਬਾਦਲ ਪਰਿਵਾਰ ਵਿਰੁੱਧ ਜੰਮ ਕੇ ਭੜਾਸ ਕੱਢੀ| ਸ੍ਰ. ਸੇਖਵਾਂ ਤੇ ਹੋਰਨਾਂ ਟਕਸਾਲੀ ਆਗੂਆਂ ਨੇ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਨਕਾਰਦਿਆਂ ਕਿਹਾ ਕਿ ਸੁਖਬੀਰ ਤੇ ਮਜੀਠੀਆ ਨੂੰ ਪਤਾ ਹੀ ਨਹੀਂ ਹੈ ਕਿ ਅਕਾਲੀ ਦਲ ਅਸਲ ਵਿੱਚ ਕੀ ਹੈ ਅਤੇ ਇਸਦੇ ਆਗੂਆਂ ਨੇ ਅਕਾਲੀ ਦਲ ਦੇ ਵਕਾਰ ਨੂੰ ਕਾਇਮ ਰੱਖਣ ਲਈ ਕਿੰਨੀਆ ਕੁਬਾਨੀਆਂ ਦਿੱਤੀਆਂ ਹਨ|
ਜਿਕਰਯੋਗ ਹੈ ਕਿ ਸ੍ਰ. ਸੇਵਾ ਸਿੰਘ ਸੇਖਵਾਂ ਤੋਂ ਪਹਿਲਾਂ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੀਆਂ ਅਹੁਦੇਦਾਰੀਆਂ ਛੱਡ ਚੁੱਕੇ ਹਨ| ਸ੍ਰ. ਸੇਖਵਾਂ ਨੇ ਇੱਥੇ ਇਹ ਵੀ ਕਹਿ ਦਿੱਤਾ ਕਿ ਅਕਾਲੀ ਦਲ ਕਿਸੇ ਦੇ ਪਿਓ ਦਾ ਨਹੀਂ ਬਲਕਿ ਸਾਡਾ ਸਾਰਿਆਂ ਦਾ ਹੈ| ਮਾਝੇ ਦੇ ਟਕਸਾਲੀ ਲੀਡਰਾਂ ਨੇ ਸੁਖਬੀਰ ਬਾਦਲ ਵੱਲੋਂ ਚੁਰਾਸੀ ਸਿੱਖ ਕਤਲੇਆਮ ਦੇ ਪੀੜਤਾਂ ਲਈ ਇਨਸਾਫ਼ ਪ੍ਰਾਪਤੀ ਲਈ ਕਾਂਗਰਸ ਪ੍ਰਧਾਨ ਦਾ ਘਿਰਾਓ ਨੂੰ ਨਕਾਰ ਦਿੱਤਾ|!

Leave a Reply

Your email address will not be published. Required fields are marked *