ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਆਰ ਐਸ ਐਸ ਦੇ ਮੰਚ ਤੇ ਦਿੱਤਾ ਗਿਆ ਸੁਨੇਹਾ

ਨਾਗਪੁਰ ਸਥਿਤ ਸੰਘ ਦਫਤਰ ਵਿੱਚ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਬਿਆਨ ਨੂੰ ਲੈ ਕੇ ਕੁੱਝ ਜ਼ਿਆਦਾ ਹੀ ਉਤਸੁਕਤਾ ਦਾ ਮਾਹੌਲ ਬਣ ਗਿਆ ਸੀ ਤਾਂ ਇਸਦੇ ਪਿੱਛੇ ਇਕੱਲਾ ਕਾਰਨ ‘ਕਾਂਗਰਸ ਮੁਕਤ ਭਾਰਤ’ ਅਤੇ ‘ਸੰਘ ਮੁਕਤ ਭਾਰਤ’ ਦੇ ਉਗਰ ਮੁਹਾਵਰਿਆਂ ਵਾਲਾ ਹੁਣ ਦਾ ਰਾਜਨੀਤਿਕ ਮਾਹੌਲ ਹੀ ਸੀ| ਪੱਛਮ ਵਿੱਚ ਸਾਡੇ ਦੇਸ਼ ਨੂੰ ਲੈ ਕੇ ਇਹ ਰਾਏ ਰਹੀ ਹੈ ਕਿ ਭਾਰਤ ਇੱਕ ਅਜਿਹੀ ਸਭਿਅਤਾ ਹੈ, ਜਿੱਥੇ ਕੋਈ ਵੀ ਸੰਸਥਾ, ਕੋਈ ਵੀ ਵਿਚਾਰ ਸਿਰਫ ਰੂਪ ਬਦਲਦਾ ਹੈ, ਪੂਰੀ ਤਰ੍ਹਾਂ ਖਤਮ ਕਦੇ ਨਹੀਂ ਹੁੰਦਾ| ਅਜਿਹੇ ਸਮਾਜ ਵਿੱਚ ਕਿਸੇ ਰਾਜਨੀਤਕ – ਸਭਿਆਚਾਰਕ ਧਾਰਾ ਦੇ ਸਮੂਲ ਨਾਸ਼ ਦੀ ਗੱਲ ਕਿੰਨੀ ਔਖੀ ਹੈ, ਇਹ ਹਕੀਕਤ ਨਾਗਪੁਰ ਵਿੱਚ ਪ੍ਰਣਬ ਮੁਖਰਜੀ ਦੇ ਬਿਆਨ ਨਾਲ ਪ੍ਰਗਟ ਹੋਈ| ਆਪਣੇ ਸੰਖੇਪ ਭਾਸ਼ਣ ਵਿੱਚ ਉਨ੍ਹਾਂ ਨੇ ਜੋ ਕੁੱਝ ਕਿਹਾ, ਉਸ ਵਿੱਚ ਨਾ ਸਿਰਫ ਆਰਐਸਐਸ ਬਲਕਿ ਦੇਸ਼ ਦੇ ਪੂਰੇ ਰਾਜਨੀਤਕ ਵਰਗ ਲਈ ਇੱਕ ਅਹਿਮ ਸੁਨੇਹਾ ਹੈ, ਜਿਸ ਨੂੰ ਜੇਕਰ ਉਹ ਗੰਭੀਰਤਾ ਨਾਲ ਲੈਣ ਤਾਂ ਭਾਰਤ ਵਿੱਚ ਸੰਵਾਦ ਦੀ ਸੰਸਕ੍ਰਿਤੀ ਵਾਪਸ ਪੈਦਾ ਹੋ ਸਕਦੀ ਹੈ|
ਪ੍ਰਣਬ ਦਾ ਨੇ ਸਪੱਸ਼ਟ ਕਿਹਾ ਕਿ ਸਹਿਨਸ਼ੀਲਤਾ ਅਤੇ ਅਧਿਕਤਾ ਹੀ ਭਾਰਤ ਦੀ ਅਸਲ ਪਹਿਚਾਣ ਹੈ| ਇਨ੍ਹਾਂ ਦੋ ਤੱਤਾਂ ਵਿੱਚ ਭਾਰਤ ਦੀ ਆਤਮਾ ਵਸਦੀ ਹੈ ਅਤੇ ਇਨ੍ਹਾਂ ਦੀ ਬੁਨਿਆਦ ਉਤੇ ਸਾਡਾ ਰਾਸ਼ਟਰਵਾਦ ਵਿਕਸਿਤ ਹੋਇਆ ਹੈ| ਉਨ੍ਹਾਂ ਕਿਹਾ ਕਿ ਵੱਖ – ਵੱਖ ਮਤਾਂ ਦਾ ਸਨਮਾਨ ਕਰਨਾ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਨਾ ਸਿਰਫ ਭਾਰਤੀ ਸੰਸਕ੍ਰਿਤੀ ਦੀ ਵਿਸ਼ੇਸ਼ਤਾ ਹੈ ਬਲਕਿ ਇਹੀ ਸਾਡੇ ਸੰਸਦੀ ਲੋਕਤੰਤਰ ਦੀ ਬੁਨਿਆਦ ਵੀ ਹੈ| ਨਫਰਤ ਨਾਲ ਰਾਸ਼ਟਰਵਾਦ ਕਮਜੋਰ ਹੁੰਦਾ ਹੈ ਅਤੇ ਗੁਸੈਲਾਪਨ ਸਾਡੀ ਰਾਸ਼ਟਰੀ ਪਹਿਚਾਣ ਨੂੰ ਕਮਜੋਰ ਕਰੇਗਾ| ਜੀਵਨ ਭਰ ਧਰਮਨਿਰਪੱਖਤਾ ਦੇ ਅਸੂਲਾਂ ਦਾ ਪਾਲਣ ਕਰਨ ਵਾਲੇ ਪ੍ਰਣਬ ਮੁਖਰਜੀ ਨੇ ਸੰਘ ਦੇ ਪ੍ਰਬੰਧ ਵਿੱਚ ਸ਼ਾਮਿਲ ਹੋ ਕੇ ਦੇਸ਼ ਵਿੱਚ ਫੈਲ ਰਹੇ ਰਾਜਨੀਤਿਕ ਦੂਰੀ ਨੂੰ ਸ਼ਕਤੀ ਮੁਤਾਬਕ ਪੂਰਾ ਦੀ ਕੋਸ਼ਿਸ਼ ਕੀਤੀ ਹੈ| ਅੱਜ ਸੱਤਾ ਪੱਖ ਵਿੱਚ ਖੁਦ ਨੂੰ ਸਰਵਸ਼ਕਤੀਮਾਨ ਸਮਝਣ ਅਤੇ ਵਿਰੋਧੀ ਧਿਰ ਵਿੱਚ ਵਿਰੋਧ ਦਾ ਝੰਡਾ ਬੁਲੰਦ ਕਰਦੇ ਹੋਏ ਕਿਸੇ ਵੀ ਹੱਦ ਤੱਕ ਜਾਣ ਦਾ ਭਾਵ ਵੇਖਿਆ ਜਾ ਰਿਹਾ ਹੈ| ਪਰੰਤੂ ਇਸ ਤਰ੍ਹਾਂ ਇੱਕ-ਦੂਜੇ ਨੂੰ ਨਕਾਰ ਕੇ ਅੱਗੇ ਵਧਣ ਦੀ ਸੋਚ ਨਾਲ ਨੁਕਸਾਨ ਦੇਸ਼ ਦਾ ਹੀ ਹੋਣਾ ਹੈ| ਤਿੱਖੀ ਸੰਸਦੀ ਬਹਿਸਾਂ ਦੇ ਬਾਵਜੂਦ ਸਾਡੇ ਇੱਥੇ ਵਿਰੋਧੀਆਂ ਨੂੰ ਵੀ ਲੋੜੀਂਦਾ ਸਨਮਾਨ ਦੇਣ ਅਤੇ ਉਨ੍ਹਾਂ ਦੇ ਚੁੱਕੇ ਹੋਏ ਮੁੱਦਿਆਂ ਨੂੰ ਭਰਪੂਰ ਧਿਆਨ ਦੇਣ ਦੀ ਇੱਕ ਤੰਦੁਰੁਸਤ ਪਰੰਪਰਾ ਰਹੀ ਹੈ| ਪਿਛਲੇ ਛੇ -ਸੱਤ ਸਾਲਾਂ ਤੋਂ ਲਗਭਗ ਸਾਰੇ ਹੀ ਸੰਸਦੀ ਇਜਲਾਸਾਂ ਦਾ ਵਾਸ਼ਆਊਟ ਹੋਣਾ ਅਤੇ ਕਦੇ ਵਿਰਲੇ ਹੀ ਕਿਸੇ ਮੁੱਦੇ ਤੇ ਢੰਗ ਦੀ ਬਹਿਸ ਹੋ ਸਕਣਾ ਇਹ ਦੱਸਦਾ ਹੈ ਕਿ ਭਾਰਤੀ ਲੋਕਤੰਤਰ ਸਾਡੇ ਦੇਖਦੇ – ਦੇਖਦੇ ਕਿਸ ਪ੍ਰਕਾਰ ਸੰਕਟਗ੍ਰਸਤ ਹੋ ਚਲਿਆ ਹੈ| ਪ੍ਰਣਬ ਮੁਖਰਜੀ ਸਾਡੇ ਦੇਸ਼ ਦੇ ਸਭ ਤੋਂ ਅਨੁਭਵੀ ਰਾਜਪੁਰੁਸ਼ਾਂ ਵਿੱਚੋਂ ਇੱਕ ਹਨ| ਬਿਨਾਂ ਕੋਈ ਤੂਫਾਨ ਖੜਾ ਕੀਤੇ, ਭਾਰਤ ਦੇ ਗੌਰਵਸ਼ਾਲੀ ਅਤੀਤ ਦੀ ਯਾਦ ਦਿਵਾਉਂਦੇ ਹੋਏ ਆਪਣੇ ਮਿਜਾਜ ਤੋਂ ਬਿਲਕੁੱਲ ਵੱਖ ਸਮਝੇ ਜਾਣ ਵਾਲੇ ਮੰਚ ਤੋਂ ਮੌਜੂਦਾ ਸਮਸਿਆਵਾਂ ਵੱਲ ਇਸ਼ਾਰਾ ਕਰਨ ਦੀ ਉਮੀਦ ਉਨ੍ਹਾਂ ਤੋਂ ਨਹੀਂ ਤਾਂ ਹੋਰ ਭਲਾ ਕਿਸ ਤੋਂ ਕੀਤੀ ਜਾ ਸਕਦੀ ਸੀ| ਆਸ ਹੈ, ਸਾਬਕਾ ਰਾਸ਼ਟਰਪਤੀ ਦਾ ਇਹ ਸੁਨੇਹਾ ਦੂਰ ਤੱਕ ਅਸਰ ਕਰੇਗਾ ਅਤੇ ਸਾਡੀ ਰਾਜਨੀਤੀ ਕੁੱਝ ਹੱਦ ਤੱਕ ਆਪਣੀਆਂ ਕੂਟਨੀਤੀਆਂ ਤੋਂ ਬਾਹਰ ਆਵੇਗੀ|
ਨਿਰੇਸ਼ ਕੁਮਾਰ

Leave a Reply

Your email address will not be published. Required fields are marked *