ਸਾਰਕ ਸੰਮੇਲਨ ਦੇ ਆਗਾਜ਼ ਦੀ ਤਿਆਰੀ

ਪਿਛਲੇ ਦਿਨੀਂ ਭਾਰਤ ਆਏ ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ ‘ਪ੍ਰਚੰਡ’ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਸਾਰਕ ਨੂੰ ਪੁਨਰ ਜੀਵਤ ਕਰਨ ਦੇ ਨਾਲ ਹੀ ਇਸਦੇ ਮੁਲਤਵੀ ਸੰਮੇਲਨ ਨੂੰ ਛੇਤੀ ਤੋਂ ਛੇਤੀ ਆਯੋਜਿਤ ਕਰਾਉਣਾ ਚਾਹੁੰਦਾ ਹੈ| ਉਨ੍ਹਾਂ ਦੇ ਇਸ ਬਿਆਨ ਨਾਲ ਸਾਰਕ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ਛਿੜ ਗਈ ਹੈ| ਭਾਰਤ ਦੇ ਸਿਆਸੀ ਅਤੇ ਕੂਟਨੀਤਿਕ ਦਾਇਰੇ ਵਿੱਚ ਦੱਖਣ ਏਸ਼ੀਆਈ ਦੇਸ਼ਾਂ ਦੇ ਇਸ ਖੇਤਰੀ ਸੰਗਠਨ ਨੂੰ ਲਗਭਗ ਭੁਲਾ ਹੀ ਦਿੱਤਾ ਗਿਆ ਹੈ| ਹਾਲਾਂਕਿ ਇਲਾਕੇ ਦੇ ਕਈ ਦੇਸ਼ਾਂ ਵਿੱਚ ਸਾਰਕ ਦੇ ਨਾਮ ਤੇ ਬਹੁਤ ਤਰ੍ਹਾਂ ਦੀਆਂ ਗਤੀਵਿਧੀਆਂ ਚੱਲ ਰਹੀਆਂ ਹਨ|
ਜਿਵੇਂ, ਬੀਤੀ ਮਈ ਵਿੱਚ ਕੋਲੰਬੋ ਵਿੱਚ 8ਵੇਂ ਸਾਰਕ ਫਿਲਮ ਮਹਾਉਤਸਵ ਦਾ ਆਯੋਜਨ ਸੰਪੰਨ ਹੋਇਆ| ਪ੍ਰਚੰਡ ਤੋਂ ਪਹਿਲਾਂ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਸਾਰਕ ਸੰਮੇਲਨਾਂ ਦਾ ਰੁਕਿਆ ਹੋਇਆ ਸਿਲਸਿਲਾ ਫਿਰ ਤੋਂ ਸ਼ੁਰੂ ਕਰਨ ਦੀ ਇੱਛਾ ਜਤਾ ਚੁੱਕੇ ਹਨ| ਉਨ੍ਹਾਂ ਨੇ ਇਹ ਵੀ ਕਿਹਾ ਉਹ ਇਸ ਸਾਲ ਸਾਰਕ ਸਿਖਰ ਮੀਟਿੰਗ ਇਸਲਾਮਾਬਾਦ ਵਿੱਚ ਹੀ ਕਰਵਾਉਣ ਦੀ ਕੋਸ਼ਿਸ਼ ਕਰਣਗੇ| ਭਾਰਤ ਵੀ ਇਸ ਸਿਲਸਿਲੇ ਨੂੰ ਦੁਬਾਰਾ ਸ਼ੁਰੂ ਕਰਨ ਦੇ ਪੱਖ ਵਿੱਚ ਹੈ ਪਰੰਤੂ ਉਹ ਚਾਹੁੰਦਾ ਹੈ ਕਿ ਇਸਦਾ ਪ੍ਰਬੰਧ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿੱਚ ਹੋਵੇ| ਪਿਛਲਾ 18ਵਾਂ ਸਾਰਕ ਸਿਖਰ ਸੰਮੇਲਨ ਕਾਠਮੰਡੂ ਵਿੱਚ 2014 ਵਿੱਚ ਹੋਇਆ ਸੀ| ਉਸ ਤੋਂ ਬਾਅਦ 19 ਵਾਂ ਸਾਰਕ ਸਿਖਰ ਸੰਮੇਲਨ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਨਵੰਬਰ, 2016 ਵਿੱਚ ਹੋਣਾ ਤੈਅ ਸੀ| ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਉਸ ਵਿੱਚ ਹਿੱਸਾ ਲੈਣ ਉਤੇ ਸਹਿਮਤੀ ਜਤਾਈ ਸੀ ਪਰੰਤੂ ਉਸ ਤੋਂ ਪਹਿਲਾਂ ਜਨਵਰੀ, 2016 ਵਿੱਚ ਪਾਕਿਸਤਾਨ ਵਿਵੇਚਿਤ ਅੱਤਵਾਦੀ ਸੰਗਠਨਾਂ ਨੇ ਭਾਰਤ ਦੇ ਪਠਾਨਕੋਟ ਹਵਾਈ ਫੌਜੀ ਅੱਡੇ ਉਤੇ ਹਮਲਾ ਕਰ ਦਿੱਤਾ| ਉਸ ਤੋਂ ਬਾਅਦ ਭਾਰਤ- ਪਾਕ ਰਿਸ਼ਤਿਆਂ ਵਿੱਚ ਲਗਾਤਾਰ ਤਲਖੀ ਆਉਂਦੀ ਗਈ ਅਤੇ ਆਖਿਰ ਸਾਰਕ ਸਿਖਰ ਮੀਟਿੰਗ ਤੋਂ ਪਹਿਲਾਂ ਪਾਕਿਸਤਾਨ ਅਤੇ ਨੇਪਾਲ ਨੂੰ ਛੱਡ ਕੇ ਬਾਕੀ ਸਾਰੇ ਮੈਂਬਰ ਦੇਸ਼ਾਂ ਨੇ ਤਨਾਓ ਭਰੇ ਮਾਹੌਲ ਵਿੱਚ ਸੰਮੇਲਨ ਦੇ ਮਤਲਬ ਤੇ ਸਵਾਲ ਚੁੱਕਦੇ ਹੋਏ ਇਸ ਦਾ ਬਾਈਕਾਟ ਕਰ ਦਿੱਤਾ ਸੀ| ਉਦੋਂ ਤੋਂ ਸਾਰਕ ਸੰਮੇਲਨ ਮੁਲਤਵੀ ਹੈ|
ਇਧਰ ਬਿੰਸਟੇਕ ਵਿੱਚ ਭਾਰਤ ਦੀ ਵੱਧਦੀ ਸਰਗਰਮੀ ਨੂੰ ਵੇਖ ਕੇ ਇਹ ਕਿਹਾ ਜਾਣ ਲੱਗਿਆ ਹੈ ਕਿ ਭਾਰਤ ਸਾਰਕ ਨੂੰ ਬੇਲੋੜਾ ਬਣਾਉਣ ਲਈ ਹੀ ਇਸਨੂੰ ਮਜਬੂਤੀ ਦੇ ਰਿਹਾ ਹੈ| ਇਸ ਤਰ੍ਹਾਂ ਦਾ ਸੁਨੇਹਾ ਜਾਣਾ ਭਾਰਤ ਲਈ ਚੰਗਾ ਨਹੀਂ ਹੈ| ਦੋਵਾਂ ਸੰਗਠਨਾਂ ਦੀ ਆਪਣੀ ਭੂਮਿਕਾ ਹੈ| ਦੱਖਣ ਏਸ਼ੀਆਈ ਦੇਸ਼ਾਂ ਲਈ ਸਾਰਕ ਦਾ ਵਿਸ਼ੇਸ਼ ਮਹੱਤਵ ਹੈ ਅਤੇ ਭਾਰਤ ਨੇ ਇਸ ਨੂੰ ਹਮੇਸ਼ਾ ਮਹੱਤਵ ਦਿੱਤਾ ਹੈ| ਅੱਜ ਜਦੋਂ ਸੰਸਾਰ ਵਿੱਚ ਏਕਾਧਿਕਾਰੀ ਅਤੇ ਸੁਰੱਖਿਆਵਾਦੀ ਪ੍ਰਵ੍ਰਿੱਤੀਆਂ ਨਵੇਂ ਸਿਰੇ ਤੋਂ ਸਿਰ ਉਠਾ ਰਹੀਆਂ ਹਨ, ਉਦੋਂ ਸਾਰਕ ਵਰਗੇ ਖੇਤਰੀ ਸੰਗਠਨ ਦੀ ਭੂਮਿਕਾ ਹੋਰ ਵੀ ਵੱਧ ਜਾਂਦੀ ਹੈ| ਵੱਖ ਵੱਖ ਦੇਸ਼ਾਂ ਵਿੱਚ ਕੂਟਨੀਤਿਕ ਤਨਾਓ ਦੇ ਬਾਵਜੂਦ ਇਸ ਸੰਗਠਨ ਰਾਹੀਂ ਲੇਖਕਾਂ-ਕਲਾਕਾਰਾਂ ਅਤੇ ਵਿਦਿਆਰਥੀਆਂ ਦੇ ਵਿਚਾਲੇ ਸੰਵਾਦ ਵਿਕਸਿਤ ਹੋਇਆ| ਵਪਾਰਕ ਗਤੀਵਿਧੀਆਂ ਅਤੇ ਸਭਿਆਚਾਰਕ ਆਦਾਨ-ਪ੍ਰਦਾਨ ਵਧਣ ਨਾਲ ਕੂਟਨੀਤਿਕ ਅਤੇ ਸਿਆਸੀ ਉਲਝਨਾਂ ਘੱਟ ਹੁੰਦੀਆਂ ਹਨ| ਕੀ ਪਤਾ, ਸਾਰਕ ਦਾ ਮੰਚ ਹੀ ਭਾਰਤ – ਪਾਕਿਸਤਾਨ ਦਾ ਤਨਾਓ ਦੂਰ ਕਰਨ ਵਿੱਚ ਕਾਰਗਰ ਸਿੱਧ ਹੋਵੇ| 27 ਸਤੰਬਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸੰਯੁਕਤ ਰਾਸ਼ਟਰ ਮਹਾਸਭਾ ਤੋਂ ਬਾਅਦ ਸਾਰਕ ਵਿਦੇਸ਼ ਮੰਤਰੀਆਂ ਦੇ ਨਾਲ ਗੈਰ ਰਸਮੀ ਮੀਟਿੰਗ ਕਰਨਗੇ| ਚੰਗਾ ਹੋਵੇ ਕਿ ਇਸ ਮੌਕੇ ਉਤੇ ਸਾਰਕ ਸਮਿਟ ਦੀ ਅਗਲੀ ਤਾਰੀਖ ਅਤੇ ਜਗ੍ਹਾ ਵੀ ਤੈਅ ਹੋ ਜਾਵੇ|
ਅਖਿਲੇਸ਼ ਯਾਦਵ

Leave a Reply

Your email address will not be published. Required fields are marked *