ਸਾਰੀਆਂ ਸਿਆਸੀ ਪਾਰਟੀਆਂ ਕਰ ਰਹੀਆਂ ਹਨ ਆਪਣੇ ਉਮੀਦਵਾਰਾਂ ਦੀ ਜਿੱਤ ਦੇ ਦਾਅਵੇ

ਸਾਰੀਆਂ ਸਿਆਸੀ ਪਾਰਟੀਆਂ ਕਰ ਰਹੀਆਂ ਹਨ ਆਪਣੇ ਉਮੀਦਵਾਰਾਂ ਦੀ ਜਿੱਤ ਦੇ ਦਾਅਵੇ
ਭਲਕੇ ਆਉਣ ਵਾਲੇ ਨਤੀਜਿਆਂ ਨੇ ਉੜਾਈ ਆਗੂਆਂ ਦੀ ਨੀਂਦ
ਐਸ ਏ ਐਸ ਨਗਰ, 22 ਮਈ(ਸ.ਬ.) ਲੋਕਸਭਾ ਚੋਣਾਂ ਦੇ ਭਲਕੇ ਆਉਣ ਵਾਲੇ ਨਤੀਜਿਆਂ ਤੋਂ ਪਹਿਲਾਂ ਚੋਣ ਲੜਣ ਵਾਲੀਆਂ ਸਾਰੀਆਂ ਹੀ ਧਿਰਾਂ ਵਲੋਂ ਭਾਵੇਂ ਆਪਣੀ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ ਪਰੰਤੂ ਹਕੀਕਤ ਇਹੀ ਹੈ ਕਿ ਵੋਟਾਂ ਦੀ ਗਿਣਤੀ ਤੋਂ ਬਿਲਕੁਲ ਪਹਿਲਾਂ ਆ ਰਹੀ ਅੱਜ ਦੀ ਰਾਤ ਇਹਨਾਂ ਤਮਾਮ ਰਾਜਨੀਤਿਕ ਆਗੂਆਂ ਵਲੋਂ ਜਾਗ ਕੇ ਹੀ ਕੱਟੀ ਜਾਣੀ ਹੈ ਕਿਉਂਕਿ ਕਿਸੇ ਨੂੰ ਵੀ ਪਤਾ ਨਹੀਂ ਹੈ ਕਿ ਭਲਕੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਤੋਂ ਕੀ ਨਤੀਜਾ ਨਿਕਲ ਕੇ ਬਾਹਰ ਆਏਗਾ| ਇਸ ਸੰਬੰਧੀ ਜਿੱਥੇ ਅਕਾਲੀ ਭਾਜਪਾ ਗਠਜੋੜ ਦੇ ਆਗੂਆਂ ਦਾ ਦਾਅਵਾ ਹੈ ਕਿ ਉਹ ਪਿਛਲੀ ਵਾਰ ਨਾਲੋਂ ਵੀ ਵੱਧ ਸੀਟਾਂ ਤੇ ਜਿੱਤ ਹਾਸਿਲ ਕਰ ਰਹੇ ਹਨ ਅਤੇ ਸੂਬੇ ਦੀ ਜਨਤਾ ਨੇ ਦੇਸ਼ ਵਿੱਚ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਇੱਕ ਮਜਬੂਤ ਅਤੇ ਸਥਿਰ ਸਰਕਾਰ ਬਣਾਉਣ ਲਈ ਵੋਟਾਂ ਪਾਈਆਂ ਹਨ ਉੱਥੇ ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਦੇ ਆਗੂ ਇਹ ਦਾਅਵਾ ਕਰ ਰਹੇ ਹਨ ਕਿ ਸੂਬੇ ਦੀ ਜਨਤਾ ਨੇ ਦੇਸ਼ ਵਿੱਚ ਕਾਂਗਰਸ ਪਾਰਟੀ ਦੀ ਅਗਵਾਈ ਵਿੱਚ ਦੇਸ਼ ਦੀ ਨਵੀਂ ਸਰਕਾਰ ਬਣਾਉਣ ਦੇ ਹੱਕ ਵਿੱਚ ਵੋਟਾਂ ਪਾਈਆਂ ਹਨ ਅਤੇ ਕਾਂਗਰਸ ਪਾਰਟੀ ਪੰਜਾਬ ਦੀਆਂ ਪੂਰੀਆਂ 13 ਸੀਟਾਂ ਤੇ ਜਿੱਤ ਹਾਸਿਲ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ 13 ਨੂੰ ਕਾਮਯਾਬ ਕਰੇਗੀ|
ਇਸ ਸੰਬੰਧੀ ਹੁਣ ਤਕ ਆਏ ਵੱਖ ਵੱਖ ਟੈਲੀਵਿਜਨ ਚੈਨਲਾਂ ਦੇ ਐਗਜਿਟ ਪੋਲ ਨਤੀਜਿਆਂ ਵਿੱਚ ਭਾਰੀ ਫਰਕ ਰਿਹਾ ਹੈ| ਇਹਨਾਂ ਵਿੱਚੋਂ ਕੁੱਝ ਚੈਨਲਾਂ ਵਲੋਂ ਜਿੱਥੇ ਸੂਬੇ ਵਿੱਚ ਕਾਂਗਰਸ ਪਾਰਟੀ ਨੂੰ 8 ਤੋਂ 11 ਤਕ ਸੀਟਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ ਉੱਥੇ ਕੁੱਝ ਐਕਜਿਟ ਪੋਲ ਅਜਿਹੇ ਵੀ ਹਨ ਜਿਹਨਾਂ ਅਨੁਸਾਰ ਸੂਬੇ ਵਿੱਚ ਅਕਾਲੀ ਭਾਜਪਾ ਗਠਜੋੜ ਨੂੰ ਚਾਰ ਤੋਂ ਪੰਜ ਸੀਟਾਂ ਮਿਲਣ ਦੀ ਪੇਸ਼ੀਨਗੋਈ ਕੀਤੀ ਗਈ ਹੈ| ਪੰਜਾਬ ਦੀ ਮੁੱਖ ਵਿਰੋਧੀ ਆਮ ਆਦਮੀ ਪਾਰਟੀ ਨੂੰ ਇਹਨਾਂ ਵੱਖ ਵੱਖ ਐਕਜਿਟ ਪੋਲ ਨਤੀਜਿਆਂ ਵਿੱਚ ਇੱਕ ਜਾਂ ਦੋ ਸੀਟਾਂ ਦਿੱਤੀਆਂ ਗਈਆਂ ਹਨ ਅਤੇ ਜਿਆਦਾਤਰ ਸਰਵੇ ਚੋਣਾਂ ਵਿੱਚ ਕਾਂਗਰਸੀ ਉਮੀਦਵਾਰਾਂ ਦੇ ਮਜਬੂਤ ਹੋਣ ਦੀ ਹੀ ਗੱਲ ਕਰ ਰਹੇ ਹਨ|
ਐਗਜਿਟ ਪੋਲ ਪ੍ਰਸਾਰਿਤ ਕਰਨ ਵਾਲੇ ਦੇਸ਼ ਦੇ ਵੱਖ ਵੱਖ ਟੀ ਵੀ ਚੈਨਲਾਂ ਦੀਆਂ ਰਿਪੋਰਟਾਂ ਭਾਵੇਂ ਕੁੱਝ ਵੀ ਕਹਿਣ ਪਰੰਤੂ ਅਸਲੀਅਤ ਇਹੀ ਹੈ ਕਿ ਪੰਜਾਬ ਵਿੱਚ ਹਾਲਾਤ ਇੰਨੇ ਜਿਆਦਾ ਗੁੰਝਲਦਾਰ ਬਣੇ ਹੋਏ ਹਨ ਕਿ ਚੰਗੇ ਚੰਗੇ ਰਾਜਨੀਤਿਕ ਮਾਹਿਰ ਇਹਨਾਂ ਚੋਣਾਂ ਦੇ ਨਤੀਜਿਆਂ ਬਾਰੇ ਕੁੱਝ ਵੀ ਕਹਿਣ ਦੀ ਹਾਲਤ ਵਿੱਚ ਨਹੀਂ ਦਿਖਦੇ| ਹੋਰ ਤਾਂ ਹੋਰ ਖੁਦ ਚੋਣ ਲੜਣ ਵਾਲੇ ਉਮੀਦਵਾਰ ਵੀ ਇਹਨਾਂ ਨਤੀਜਿਆਂ ਨੂੰ ਲੈ ਕੇ ਭਾਰੀ ਭੰਬਲਭੂਸੇ ਦੀ ਹਾਲਤ ਵਿੱਚ ਹਨ| ਹਾਲਾਤ ਇਹ ਹਨ ਕਿ ਸੂਬੇ ਦੀਆਂ ਲਗਭਗ ਸਾਰੀਆਂ ਹੀ ਸੀਟਾਂ ਤੇ ਭੰਬਲਭੂਸੇ ਦੀ ਹਾਲਤ ਬਣੀ ਹੋਈ ਹੈ ਅਤੇ ਸਾਰੇ ਹੀ ਉਮੀਦਵਾਰ ਆਪੋ ਆਪਣੀ ਜਿੱਤ ਦੇ ਦਾਅਵੇ ਕਰਦੇ ਦਿਖ ਰਹੇ ਹਨ|
ਹੁਣ ਜਦੋਂ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਣ ਵਿੱਚ ਬਹੁਤ ਥੋੜ੍ਹਾ ਸਮਾਂ ਬਚਿਆ ਹੈ, ਚੋਣ ਲੜਣ ਵਾਲੇ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਦੀ ਬੇਚੈਨੀ ਵੀ ਵੱਧਦੀ ਜਾ ਰਹੀ ਹੈ ਅਤੇ ਵੇਖਣਾ ਇਹ ਹੈ ਕਿ ਭਲਕੇ ਹੋਣ ਵਾਲੀ ਵੋਟਾਂ ਦੀ ਗਿਣਤੀ ਵਿੱਚ ਕਿਹੜੀ ਧਿਰ ਜੇਤੂ ਹੋ ਕੇ ਨਿਕਲਦੀ ਹੈ|

Leave a Reply

Your email address will not be published. Required fields are marked *