ਸਾਰੇ ਫੌਜੀਆਂ ਲਈ ਵਨ ਰੈਂਕ ਵਨ ਪੈਨਸ਼ਨ ਦੀ ਸਹੂਲੀਅਤ ਬਹਾਲ ਰਖੀ ਜਾਵੇ : ਕਰਨਲ ਸੋਹੀ

ਸਾਰੇ ਫੌਜੀਆਂ ਲਈ ਵਨ ਰੈਂਕ ਵਨ ਪੈਨਸ਼ਨ ਦੀ ਸਹੂਲੀਅਤ ਬਹਾਲ ਰਖੀ ਜਾਵੇ : ਕਰਨਲ ਸੋਹੀ
ਰੱਖਿਆ ਵਿਭਾਗ ਦੇ ਮੁੱਖ ਸਕੱਤਰ ਨੂੰ ਪੱਤਰ ਲਿਖਿਆ
ਐਸ ਏ ਐਸ ਨਗਰ,5 ਜੂਨ (ਸ.ਬ.) ਐਕਸ ਸਰਵਿਸਮੈਨ  ਗ੍ਰੀਵੈਂਸਿਸ ਸੈਲ ਦੇ ਪ੍ਰਧਾਨ ਲੈਫ ਕਰਨਲ ਐਸ ਐਸ ਸੋਹੀ ਨੇ ਰਖਿਆ ਵਿਭਾਗ ਦੇ ਚੀਫ ਸੈਕਟਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਮੇਂ ਤੋਂ ਪਹਿਲਾਂ ਆਪਣੀ ਮਰਜੀ ਨਾਲ ਹੀ ਰਿਟਾਇਰਮੈਂਟ ਲ ੈਣ ਵਾਲੇ ਫੌਜੀਆਂ ਲਈ ਵੀ ਵਨ ਰੈਂਕ ਵਨ ਪੈਨਸ਼ਨ ਦੀ ਸਹੂਲੀਅਤ ਬਹਾਲ ਰੱਖੀ ਜਾਵੇ|
ਆਪਣੇ ਪੱਤਰ ਵਿਚ ਕਰਨਲ ਸੋਹੀ ਨੇ ਲਿਖਿਆ ਹੈ ਕਿ ਰਖਿਆ ਵਿਭਾਗ ਨੇ ਭਾਰਤੀ ਫੌਜ ਦੇ ਤਿੰਨੇ ਵਿੰਗਾਂ ਦੇ ਮੁੱਖੀਆਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜਿਹੜੇ ਫੌਜੀ ਆਪਣੀ ਮਰਜੀ ਨਾਲ ਹੀ ਰਿਟਾਇਰਮੈਂਟ ਲੈ ਲੈਂਦੇ ਹਨ,  ਉਹਨਾਂ ਨੂੰ ਵਨ ਰੈਂਕ ਵਨ ਪੈਨਸ਼ਨ ਦੀ ਸਹੂਲੀਅਤ ਨਾ ਦਿਤੀ ਜਾਵੇ| ਇਸ ਪੱਤਰ ਵਿਚ ਇਹ ਵੀ ਲਿਖਿਆ ਹੈ ਕਿ ਆਪਣੀ ਮਰਜੀ ਨਾਲ ਰਿਟਾਇਰਮੈਂਟ ਲੈਣ ਵਾਲੇ ਜਿਹੜੇ ਫੌਜੀ ਇਹ ਵਨ ਰੈਂਕ ਵਨ ਪੈਨਸ਼ਨ ਦੀ ਸਹੂਲੀਅਤ ਲੈ ਚੁਕੇ ਹਨ, ਉਹਨਾਂ ਤੋਂ ਇਸ ਸਹੂਲੀਅਤ ਲਈ ਦਿਤਾ ਗਿਆ ਪੈਸਾ ਵਿਆਜ ਸਮੇਤ ਵਸੂਲ ਕੀਤਾ ਜਾਵੇਗਾ|
ਕਰਨਲ ਸੋਹੀ ਨੇ ਲਿਖਿਆ ਹੈ ਕਿ ਰਖਿਆ ਵਿਭਾਗ ਦੇ ਇਸ ਫੈਸਲੇ ਨਾਲ ਆਪਣੀ ਮਰਜੀ ਨਾਲ ਰਿਟਾਇਰਮੈਂਟ ਲੈਣ ਵਾਲੇ ਫੌਜੀਆਂ ਵਿਚ ਰੋਸ ਦੀ ਲਹਿਰ ਫੈਲ ਗਈ ਹੈ ਇਹ ਫੌਜੀ ਇਹ ਸਹੂਲੀਅਤ ਲੈ ਕੇ ਮਿਲੇ ਹੋਏ ਪੈਸੇ ਖਰਚ ਵੀ ਕਰ ਚੁਕੇ ਹਨ, ਇਸ ਲਈ ਇਹਨਾਂ ਨੁੰ ਹੁਣ ਇਹ ਪੈਸੇ ਵਾਪਸ ਕਰਨ ਵਿਚ ਬਹੁਤ ਮੁਸ਼ਕਿਲ ਆਉਣੀ ਹੈ| ਉਹਨਾ ਕਿਹਾ ਹੈ ਕਿ ਆਮ ਤੌਰ ਤੇ ਫੌਜੀ 20 ਸਾਲ ਦੀ ਨੌਕਰੀ ਤੋਂ ਬਾਅਦ ਆਪਣੀ ਮਰਜੀ ਨਾਲ ਰਿਟਾਇਰਮੈਂਟ ਲੈ ਲੈਂਦੇ ਹਨ ਪਰ ਹੁਣ ਰਖਿਆ ਵਿਭਾਗ ਦੇ ਫੈਸਲੇ ਨਾਲ ਆਪਣੀ ਮਰਜੀ ਨਾਲ ਰਿਟਾਇਰਮੈਂਟ ਲੈਣ ਵਾਲੇ ਫੌਜੀਆਂ ਨੂੰ ਵਨ ਰੈਂਕ ਵਨ ਪੈਨਸ਼ਨ ਦੀ ਸਹੂਲੀਅਤ ਨਹੀਂ  ਮਿਲੇਗੀ|
ਕਰਨਲ ਸੋਹੀ ਨੇ ਕਿਹਾ ਹੈ ਕਿ ਜਦੋਂ ਕੇਂਦਰ ਸਰਕਾਰ ਨੇ 5.9.15 ਨੂੰ ਫੌਜੀਆਂ ਨੂੰ ਵਨ  ਰੈਂਕ ਵਨ ਪੈਨਸ਼ਨ  ਦੇਣ ਦਾ ਫੈਸਲਾ ਕੀਤਾ ਸੀ ਤਾਂ ਉਸ ਸਮੇਂ ਪ੍ਰਧਾਨ ਮੰਤਰੀ ਅਤੇ ਰਖਿਆ ਮੰਤਰੀ ਨੇ ਸਪਸ਼ਟ ਤੌਰ ਤੇ ਕਿਹਾ ਸੀ ਕਿ ਇਹ ਸਹੂਲੀਅਤ ਆਪਣੀ ਮਰਜੀ ਨਾਲ ਰਿਟਾਇਰਮੈਂਟ ਲੈਣ ਵਾਲੇ ਫੌਜੀਆਂ ਨੂੰ ਵੀ ਮਿਲੇਗੀ| ਇਸ ਤੋਂ ਬਾਅਦ ਇਸ ਸਕੀਮ ਤਹਿਤ ਕੇਂਦਰ ਸਰਕਾਰ ਨੇ ਰਖਿਆ ਵਿਭਾਗ ਅਤੇ ਫੌਜ ਨੂੰ ਪੈਸਾ ਵੀ ਦਿਤਾ ਜੋ ਕਿ ਅੱਗੋਂ ਫੌਜੀਆਂ ਨੂੰ ਦੇ ਦਿਤਾ ਗਿਆ ਪਰ ਹੁਣ ਰਖਿਆ ਵਿਭਾਗ ਦੇ ਹੁਕਮ ਨਾਲ ਆਪਣੀ ਮਰਜੀ ਨਾਲ ਰਿਟਾਇਰਮੈਂਟ ਲੈਣ ਵਾਲੇ ਫੌਜੀਆਂ ਤੋਂ ਇਹ ਸਹੂਲੀਅਤ ਵਾਪਸ ਲੈ ਲਈ ਗਈ ਹੈ ਅਤੇ ਉਹਨਾਂ ਤੋਂ ਵਿਆਜ ਸਮੇਤ ਪੈਸਾ ਵਸੂਲਣ ਲਈ ਕਿਹਾ ਗਿਆ ਹੈ, ਜੋ ਕਿ ਫੌਜੀਆਂ ਦੇ ਜਖਮਾਂ ਉਪਰ ਲੂਣ ਛਿੜਕਣ ਬਰਾਬਰ ਹੈ|
ਉਹਨਾਂ ਕਿਹਾ ਹੈ ਕਿ ਅਫਸਰਸ਼ਾਹੀ ਹਮੇਸ਼ਾ ਹੀ ਫੌਜੀਆਂ ਅਤੇ ਸਾਬਕਾ ਫੌਜੀਆਂ ਨਾਲ ਧੱਕੇਸ਼ਾਹੀ ਕਰਦੀ ਹੈ, ਖਾਸ ਤੌਰ ਤੇ ਉਦੋਂ, ਜਦੋਂ  ਦੇਸ਼ ਦਾ ਕੋਈ ਵੱਖਰਾ ਰਖਿਆ ਮੰਤਰੀ ਹੀ ਨਹੀਂ ਹੈ| ਉਹਨਾ ਕਿਹਾ ਹੈ ਕਿ ਅਜਿਹਾ ਕਰਕੇ ਸਰਕਾਰ ਫੌਜੀਆਂ ਨੂੰ ਮੁੜ ਜੰਤਰ ਮੰਤਰ ਉਪਰ ਜਾ ਕੇ ਸੰਘਰਸ਼ ਕਰਨ ਲਈ ਮਜਬੂਰ ਕਰ ਰਹੀ ਹੈ|

Leave a Reply

Your email address will not be published. Required fields are marked *