ਸਾਲ 2020 ਤੱਕ ਆਬੂ ਧਾਬੀ ਵਿੱਚ ਬਣੇਗਾ ਪਹਿਲਾ ਹਿੰਦੂ ਮੰਦਰ : ਰਿਪੋਰਟ

ਦੁਬਈ, 25 ਜੁਲਾਈ (ਸ.ਬ.) ਆਬੂ ਧਾਬੀ ਵਿਚ ਸਾਲ 2020 ਤੱਕ ਪਹਿਲਾ ਹਿੰਦੂ ਮੰਦਰ ਬਣ ਕੇ ਤਿਆਰ ਹੋ ਜਾਵੇਗਾ| ਸਾਲ 2015 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਬੂ ਧਾਬੀ ਦੀ ਯਾਤਰਾ ਦੌਰਾਨ ਉਥੇ ਦੀ ਸਰਕਾਰ ਨੇ ਸੰਯੁਕਤ ਅਰਬ ਅਮੀਰਤ (ਯੂ.ਏ.ਈ.) ਦੀ ਰਾਜਧਾਨੀ ਵਿਚ ਮੰਦਰ ਨਿਰਮਾਣ ਦੀ ਯੋਜਨਾ ਨੂੰ ਆਪਣੀ ਮਨਜ਼ੂਰੀ ਦਿੱਤੀ ਸੀ| ਮੰਦਰ ਨਿਰਮਾਣ ਕਮੇਟੀ ਕਾਨੂੰਨੀ ਪ੍ਰਬੰਧਾਂ ਦੇ ਤਹਿਤ ਇਕ ਮਹੀਨੇ ਦੇ ਅੰਦਰ ਸਲਾਹਕਾਰਾਂ ਦੀ ਨਿਯੁਕਤੀ ਕਰੇਗੀ| ਗਲੋਬਲ ਹਿੰਦੂ ਧਾਰਮਿਕ ਸੰਗਠਨ ਬੀਏਪੀਐਸ ਸਵਾਮੀਨਾਰਾਇਣ ਸੰਸਥਾ ਮੰਦਰ ਦਾ ਨਿਰਮਾਣ ਅਤੇ ਪ੍ਰਬੰਧ ਕਰੇਗੀ|
ਬੀਏਪੀਐਸ ਸਵਾਮੀ ਨਾਰਾਇਣ ਸੰਸਥਾ ਦੇ ਮੱਧ-ਪੂਰਬ ਦੇ ਇੰਚਾਰਜ ਸਾਧੂ ਬ੍ਰਹਮਾ ਵਿਹਾਰੀਦਾਸ ਨੇ ਕਿਹਾ ਕਿ ਇਕ ਵਾਰ ਸਲਾਹਕਾਰਾਂ ਦੀ ਨਿਯੁਕਤੀ ਹੋ ਜਾਣ ਦੇ ਬਾਅਦ ਸਭ ਕੁਝ ਉਨ੍ਹਾਂ ਵੱਲੋਂ ਕੀਤਾ ਜਾਵੇਗਾ ਕਿਉਂਕਿ ਉਹ ਸਥਾਨਕ ਨਿਯਮ-ਕਾਨੂੰਨ ਦੇ ਤਹਿਤ ਅਗਲਾ ਕਦਮ ਚੁੱਕ ਸਕਦੇ ਹਨ| ਉਨ੍ਹਾਂ ਨੇ ਕਿਹਾ ਕਿ ਮੰਦਰ ਕਮੇਟੀ ਸਾਲ 2020 ਤੱਕ ਇਸ ਮੰਦਰ ਦੇ ਨਿਰਮਾਣ ਦੀ ਉਮੀਦ ਕਰ ਰਹੀ ਹੈ| 7 ਟਾਵਰਾਂ ਵਾਲਾ ਇਹ ਹਿੰਦੂ ਮੰਦਰ ਯੂ.ਏ.ਈ. ਦੇ 7 ਅਮੀਰਤ ਦੀ ਨੁਮਾਇੰਦਗੀ ਕਰੇਗਾ, ਜੋ ਕਿ ਆਬੂ ਧਾਬੀ-ਦੁਬਈ ਹਾਈਵੇਅ ਨੇੜੇ 14 ਏਕੜ ਦੀ ਜ਼ਮੀਨ ਤੇ ਬਣੇਗਾ| ਮੰਦਰ ਦੇ ਪੱਥਰਾਂ ਤੇ ਨੱਕਾਸ਼ੀ ਭਾਰਤੀ ਸ਼ਿਲਪਕਾਰ ਕਰਨਗੇ ਅਤੇ ਉਨ੍ਹਾਂ ਨੂੰ ਯੂ.ਏ.ਈ. ਵਿਚ ਜੋੜਿਆ ਜਾਵੇਗਾ|

Leave a Reply

Your email address will not be published. Required fields are marked *