ਸਾਹਮਣੇ ਆਇਆ ਪਾਕਿ ਦਾ ਦੋਗਲਾਪਣ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ 2008 ਦੇ ਮੁੰਬਈ ਅੱਤਵਾਦੀ ਹਮਲੇ ਨੂੰ ਲੈ ਕੇ ਆਖ਼ਿਰਕਾਰ ਉਸ ਸੱਚ ਤੋਂ ਪਰਦਾ ਉਠਾ ਦਿੱਤਾ ਜਿਸ ਨੂੰ ਪਾਕਿ ਸੱਤਾ ਧਾਰੀ ਪੂਰੀ ਤਾਕਤ ਨਾਲ ਝੁਠਲਾਉਂਦੇ ਆ ਰਹੇ ਸਨ| ਇਹ ਵੱਖ ਗੱਲ ਹੈ ਕਿ ਇਸ ਨਾਲ ਘੱਟ ਤੋਂ ਘੱਟ ਭਾਰਤ ਵਿੱਚ ਕਿਸੇ ਨੂੰ ਹੈਰਾਨੀ ਨਹੀਂ ਹੋਈ| 26 / 11 ਨੂੰ ਅੰਜਾਮ ਦੇਣ ਵਾਲੇ ਇੱਕ ਅੱਤਵਾਦੀ ਨੂੰ ਜਿੰਦਾ ਫੜਨ ਤੋਂ ਬਾਅਦ ਉਸ ਉਤੇ ਇੱਕ ਸਾਧਾਰਨ ਕੈਦੀ ਦੇ ਰੂਪ ਵਿੱਚ ਅਦਾਲਤ ਵਿੱਚ ਮੁਕੱਦਮਾ ਚਲਾਉਂਦੇ ਹੋਏ ਅਸੀਂ ਪੂਰੀ ਦੁਨੀਆ ਦੇ ਸਾਹਮਣੇ ਪਾਕਿਸਤਾਨੀ ਅੱਤਵਾਦ ਦਾ ਉਹ ਚਿਹਰਾ ਪ੍ਰਗਟ ਕੀਤਾ ਜੋ ਪਾਕਿ ਸਰਕਾਰ ਦਾ ਵਸ ਚੱਲਦਾ ਤਾਂ ਕਦੇ ਸਾਹਮਣੇ ਨਹੀਂ ਆਉਂਦਾ| ਪਾਕਿਸਤਾਨ ਇਸ ਮਾਮਲੇ ਵਿੱਚ ਕੁੱਝ ਕਰ ਨਹੀਂ ਸਕਦਾ ਸੀ ਸਿਵਾਏ ਇਸਦੇ ਕਿ ਅੱਖਾਂ ਬੰਦ ਕਰਕੇ ਭਾਰਤ ਦੀਆਂ ਕਹੀਆਂ ਗੱਲਾਂ ਨੂੰ ਗਲਤ ਦੱਸਦਾ ਰਹੇ | ਇਹੀ ਉਸਨੇ ਕੀਤਾ ਵੀ| ਪਰੰਤੂ ਹੁਣ ਉਸਦੇ ਸਾਬਕਾ ਪ੍ਰਧਾਨ ਮੰਤਰੀ ਨੇ ਖੁਦ ਇਸ ਰਵਈਏ ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ| ਸੁਭਾਵਕ ਰੂਪ ਨਾਲ ਪਾਕਿਸਤਾਨੀ ਸੱਤਾਧਾਰੀ ਇਸ ਗੱਲ ਉਤੇ ਬੌਖਲਾ ਉਠੇ ਹਨ| ਤਿੰਨ ਰਾਜਾਂ ਦੀ ਅਸੈਂਬਲੀ ਵਿੱਚ ਨਵਾਜ ਸ਼ਰੀਫ ਉਤੇ ਰਾਜਧਰੋਹ ਦਾ ਮਾਮਲਾ ਚਲਾਉਣ ਦਾ ਪ੍ਰਸਤਾਵ ਲਿਆਇਆ ਜਾ ਚੁੱਕਿਆ ਹੈ| ਉਨ੍ਹਾਂ ਦੇ ਖਿਲਾਫ ਨਾ ਸਿਰਫ ਪੁਲੀਸ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਬਲਕਿ ਅਦਾਲਤ ਵਿੱਚ ਵੀ ਕੇਸ ਪਾਇਆ ਗਿਆ ਹੈ| ਉਥੇ ਉਨ੍ਹਾਂ ਨੂੰ ਸਾਫ਼ – ਸਾਫ਼ ਕਿਹਾ ਜਾ ਰਿਹਾ ਹੈ ਕਿ ਜੇਕਰ ਉਹ ਖੈਰੀਅਤ ਚਾਹੁੰਦੇ ਹਨ ਤਾਂ ਆਪਣਾ ਬਿਆਨ ਵਾਪਸ ਲੈਣ| ਪਰੰਤੂ ਕੀ ਇਹ ਸਭ ਕਰਕੇ ਇਸ ਮਾਮਲੇ ਨੂੰ ਖਤਮ ਕੀਤਾ ਜਾ ਸਕੇਗਾ, ਦੂਜੇ ਪਾਸੇ ਖੁਦ ਨਵਾਜ ਵੀ ਸਵਾਲਾਂ ਦੇ ਘੇਰੇ ਤੋਂ ਬਾਹਰ ਨਹੀਂ ਹਨ| ਉਹ ਲੰਬੇ ਸਮੇਂ ਤੋਂ ਖੁਦ ਸੱਤਾ ਵਿੱਚ ਰਹੇ ਹਨ| ਉਨ੍ਹਾਂ ਦਾ ਸਵਾਲ ਉਨ੍ਹਾਂ ਨੂੰ ਵੀ ਪੁੱਛਿਆ ਜਾ ਸਕਦਾ ਹੈ ਕਿ ਸੱਤਾ ਵਿੱਚ ਰਹਿੰਦੇ ਹੋਏ ਉਨ੍ਹਾਂ ਨੇ ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀਆਂ ਨੂੰ ਸਜਾ ਯਕੀਨੀ ਕਰਨ ਲਈ ਕੀ ਕੀਤਾ| ਕੁੱਝ ਨਹੀਂ ਕੀਤਾ ਤਾਂ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਇਸ ਤਰ੍ਹਾਂ ਦਾ ਬਿਆਨ ਜਾਰੀ ਕਰਕੇ ਕੀ ਹਾਸਲ ਕਰ ਲੈਣਗੇ| ਜਾਹਿਰ ਹੈ ਕਿ ਉਨ੍ਹਾਂ ਦਾ ਬਿਆਨ ਹੋਰ ਕੁੱਝ ਨਹੀਂ, ਸੱਤਾ ਵਿੱਚ ਬੈਠੇ ਲੋਕਾਂ ਨੂੰ ਦਬਾਅ ਵਿੱਚ ਲਿਆਉਣ ਦੀ ਇੱਕ ਕੋਸ਼ਿਸ਼ ਭਰ ਹੈ ਤਾਂ ਕਿ ਉਹ ਉਨ੍ਹਾਂ ਉੱਤੇ ਸ਼ਿਕੰਜਾ ਹੱਦ ਤੋਂ ਜ਼ਿਆਦਾ ਨਾ ਕਸਣ| ਭਾਰਤ ਜਾਂ ਕਿਸੇ ਹੋਰ ਦੇਸ਼ ਦੇ ਮੁਕਾਬਲੇ ਖੁਦ ਪਾਕਿਸਤਾਨ ਦੇ ਹਿਤਾਂ ਲਈ, ਉੱਥੇ ਅਮਨ-ਚੈਨ ਬਣਾ ਕੇ ਰੱਖਣ ਲਈ ਇਹ ਜਰੂਰੀ ਹੈ ਕਿ ਅੱਤਵਾਦ ਵਰਗੇ ਵੱਡੇ ਮਸਲੇ ਨੂੰ ਸੱਤਾ ਦੀ ਆਪਸੀ ਲੜਾਈ ਵਿੱਚ ਸਿਰਫ ਜੋੜ-ਤੋੜ ਦਾ ਸਾਧਨ ਨਾ ਬਣਾ ਕੇ ਰੱਖਿਆ ਜਾਵੇ| ਰਮਨਪ੍ਰੀਤ ਸਿੰਘ

Leave a Reply

Your email address will not be published. Required fields are marked *