ਸਾਹਿਤਕ ਚੋਰੀ ਕਰਨ ਵਾਲਿਆਂ ਵਿਰੁੱਧ ਹੋਵੇ ਕਾਰਵਾਈ

ਪੰਜਾਬ ਵਿੱਚ ਲੇਖਕ ਬਹੁਤ ਹਨ ਅਤੇ ਪਾਠਕਾਂ ਦੀ ਗਿਣਤੀ ਬਹੁਤ ਹੀ ਘੱਟ ਹੈ| ਹੁਣ ਤਾਂ ਹਾਲ ਇਹ ਹੋ ਗਿਆ ਹੈ ਕਿ ਜਿਹੜਾ ਵੀ ਬੰਦਾ ਜਾਂ ਜਨਾਨੀ ਪੰਜਾਬੀ ਵਿੱਚ ਦੋ ਅੱਖਰ ਲਿਖ ਲੈਂਦੇ ਹਨ ਉਹ ਵੀ ਸਾਹਿਤਕ ਰਚਨਾ ਦੇ ਨਾਮ ਉਪਰ ਕੂੜ ਕਬਾੜ ਲਿਖ ਕੇ ਆਪਣਾ ਝੱਸ ਪੂਰਾ ਕਰ ਲੈਂਦੇ ਹਨ| ਅਜਿਹੇ ਆਪੂੰ ਬਣੇ ਲੇਖਕ ਆਪਣੇ ਆਪ ਨੂੰ ਬੁਲੇ ਸ਼ਾਹ, ਸ਼ਿਵ ਕੁਮਾਰ ਬਟਾਲਵੀ ਅਤੇ ਅੰਮ੍ਰਿਤਾ ਪ੍ਰੀਤਮ ਦੇ ਵੀ ਉਸਤਾਦ ਸਮਝਦੇ ਹਨ| ਪੰਜਾਬੀ ਵਿੱਚ ਚੰਗਾ ਸਾਹਿਤ ਲਿਖਣ ਵਾਲੇ ਲੇਖਕਾਂ ਦੀ ਗਿਣਤੀ ਕਾਫੀ ਹੈ, ਪਰ ਉਹਨਾਂ ਆਪੂੰ ਬਣੇ ਲੇਖਕਾਂ ਅਤੇ ਲੇਖਿਕਾਵਾਂ ਦੀ ਗਿਣਤੀ ਉਸ ਤੋਂ ਵੀ ਕਿਤੇ ਜਿਆਦਾ ਹੈ, ਜਿਹੜੇ ਕਿ ਮਹਾਨ ਲੇਖਕਾਂ ਦੀਆਂ ਰਚਨਾਵਾਂ ਨੂੰ ਹੀ ਆਪਣੇ ਨਾਮ ਹੇਠ ਵੱਖ ਵੱਖ ਅਖਬਾਰਾਂ ਅਤੇ ਰਸਾਲਿਆਂ ਵਿੱਚ ਛਪਵਾ ਕੇ ਆਪਣੇ ਆਪ ਨੂੰ ਵੀ ਮਹਾਨ ਲੇਖਕ ਜਾਂ ਲੇਖਿਕਾ ਹੋਣ ਦਾ ਭਰਮ ਪਾਲ ਲੈਂਦੇ ਹਨ| ਕਈ ਚੁਸਤ ਕਿਸਮ ਦੇ ਉਭਰਦੇ ਲੇਖਕ ਤੇ ਲੇਖਿਕਾਵਾਂ ਅਕਸਰ ਹੀ ਮਹਾਨ ਲੇਖਕਾਂ ਦੀਆਂ ਮਹਾਨ ਰਚਨਾਵਾਂ ਨੂੰ ਤੋੜ ਮਰੋੜ ਕੇ ਜਾਂ ਫਿਰ ਇੱਕ ਦੋ ਲਾਈਨਾਂ ਬਦਲ ਕੇ ਆਪਣੇ ਨਾਮ ਹੇਠ ਵੀ ਅਖਬਾਰਾਂ ਵਿੱਚ ਛਪਵਾ ਲੈਂਦੇ ਹਨ| ਇਹ ਇੰਨੇ ਸ਼ਰਮ ਹੁੰਦੇ ਹਨ ਕਿ ਜਦੋਂ ਇਹਨਾਂ ਵਲੋਂ ਕੀਤੀ ਗਈ ਸਾਹਿਤਕ ਚੋਰੀ ਦਾ ਭਾਂਡਾ ਭੰਨਿਆ ਜਾਂਦਾ ਹੈ ਤਾਂ ਪਹਿਲਾਂ ਤਾਂ ਇਹ ਕਿਸੇ ਮਹਾਨ ਲੇਖਕ ਉਪਰ ਹੀ ਸਾਹਿਤਕ ਚੋਰੀ ਦਾ ਨਾਮ ਲਾ ਦਿੰਦੇ ਹਨ| ਹਾਲਾਂਕਿ ਇਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਜਿਸ ਮਹਾਨ ਲੇਖਕ ਦੀ ਰਚਨਾ ਤੂੰ ਚੋਰੀ ਕੀਤੀ ਹੈ, ਉਸ ਨੂੰ ਇਹ ਫਾਨੀ ਦੁਨੀਆਂ ਛੱਡੇ ਹੋਏ ਤਾਂ ਦਹਾਕੇ ਬੀਤ ਗਏ ਹਨ ਤਾਂ ਫਿਰ ਇਹਨਾਂ ਸਾਹਿਤ ਚੋਰਾਂ ਕੋਲ ਕੋਈ ਜਵਾਬ ਨਹੀਂ ਹੁੰਦਾ| ਕੁੱਝ ਮਿਆਰੀ ਅਖਬਾਰਾਂ ਨੇ ਤਾਂ ਇਹ ਨੀਤੀ ਬਣਾਈ ਹੋਈ ਹੈ ਕਿ ਜੇ ਉਹਨਾਂ ਕੋਲ ਕੋਈ ਲੇਖਕ ਕਿਸੇ ਦੂਸਰੇ ਦੀ ਰਚਨਾ ਚੋਰੀ ਕਰਕੇ ਭੇਜ ਕੇ ਛਪਵਾ ਲੈਂਦਾ ਹੈ ਤਾਂ ਬਾਅਦ ਵਿੱਚ ਅਸਲੀਅਤ ਪਤਾ ਲੱਗਣ ਤੇ ਉਸ ਲੇਖਕ ਨੂੰ ਉਸ ਅਖਬਾਰ ਵਲੋਂ ਬਲੈਕ ਲਿਸਟ ਕਰ ਦਿੱਤਾ ਜਾਂਦਾ ਹੈ, ਪਰ ਸਵਾਲ ਇਹ ਉਠਦਾ ਹੈ ਕਿ ਅਖਬਾਰਾਂ ਵਿੱਚ ਸਾਹਿਤਕ ਚੋਰੀ ਵਾਲੀਆਂ ਰਚਨਾਵਾਂ ਛਪ ਕਿਵੇਂ ਜਾਂਦੀਆਂ ਹਨ? ਇਸਦਾ ਵੱਡਾ ਕਾਰਨ ਇਹ ਹੈ ਕਿ ਅਕਸਰ ਹੀ ਅਖਬਾਰਾਂ ਦੇ ਸਾਹਿਤਕ ਪੰਨੇ ਤਿਆਰ ਕਰਨ ਲਈ ਅਜਿਹੇ ਮੁਲਾਜਮਾਂ ਦੀ ਡਿਊਟੀ ਲਗਾ ਦਿੱਤੀ ਜਾਂਦੀ ਹੈ ਜੋ ਕਿ ਖੁਦ ਹੀ ਸਾਹਿਤ ਤੋਂ ਕੋਰੇ ਹੁੰਦੇ ਹਨ ਜਾਂ ਉਹਨਾਂ ਨੂੰ ਖੁਦ ਹੀ ਸਾਹਿਤ ਬਾਰੇ ਪੂਰਾ ਗਿਆਨ ਨਹੀਂ ਹੁੰਦਾ, ਇਸੇ ਕਾਰਨ ਉਹਨਾਂ ਨੂੰ ਪਤਾ ਹੀ ਨਹੀਂ ਚਲਦਾ ਕਿ ਜਿਹੜੀ ਰਚਨਾ ਉਹਨਾਂ ਕੋਲ ਕਿਸੇ ਲੇਖਕ ਨੇ ਪ੍ਰਕਾਸ਼ਿਤ ਹੋਣ ਲਈ ਭੇਜੀ ਹੈ, ਉਹ ਰਚਨਾ ਉਸ ਲੇਖਕ ਦੀ ਮੌਲਿਕ ਰਚਨਾ ਹੈ ਜਾਂ ਫਿਰ ਕਿਸੇ ਹੋਰ ਲੇਖਕ ਦੀ ਚੋਰੀ ਕਰਕੇ ਭੇਜੀ ਗਈ ਹੈ|
ਇਸ ਸਾਹਿਤਕ ਚੋਰੀ ਰੋਕਣ ਲਈ ਅਕਸਰ ਹੀ ਅਖਬਾਰਾਂ ਦੇ ਸੰਪਾਦਕ ਸਾਹਿਤਕ ਪੰਨੇ ਤਿਆਰ ਕਰਨ ਲਈ ਉਹਨਾਂ ਮੁਲਾਜਮਾਂ ਦੀ ਹੀ ਡਿਊਟੀ ਲਗਾਉਂਦੇ ਹਨ, ਜੋ ਮੁਲਾਜਮ ਖੁਦ ਲੇਖਕ ਹੁੰਦੇ ਹਨ|
ਸਾਹਿਤਕ ਚੋਰੀ ਦਾ ਰੁਝਾਨ ਅਸਲ ਵਿੱਚ ਬਚਪਨ ਵਿੱਚ ਉਦੋਂ ਹੀ ਸ਼ੁਰੂ ਹੋ ਜਾਂਦਾ ਹੈ ਜਦੋਂ ਵਿਦਿਆਰਥੀਆਂ ਕੋਲੋ ਉਹਨਾਂ ਦੇ ਸਕੂਲ ਵਲੋਂ ਸਕੂਲ ਮੈਗਜੀਨ ਲਈ ਰਚਨਾਵਾਂ ਮੰਗੀਆਂ ਜਾਂਦੀਆਂ ਹਨ| ਇਸ ਮੌਕੇ ਸਕੂਲ ਦੇ ਕੁੱਝ ਵਿਦਿਆਰਥੀ ਤਾਂ ਆਪਣੀਆਂ ਮੌਲਿਕ ਰਚਨਾਵਾਂ ਹੀ ਸਕੂਲ ਮੈਗਜੀਨ ਲਈ ਦਿੰਦੇ ਹਨ ਪਰ ਵੱਡੀ ਗਿਣਤੀ ਵਿਦਿਆਰਥੀ ਆਪਣੇ ਸਕੂਲ ਦੇ ਮੈਗਜੀਨ ਲਈ ਪੁਰਾਣੇ ਅਖਬਾਰਾਂ ਜਾਂ ਫਿਰ ਇੰਟਰਨੈਟ ਤੋਂ ਹੀ ਕਿਸੇ ਲੇਖਕ ਦੀਆਂ ਰਚਨਾਵਾਂ ਚੋਰੀ ਕਰਕੇ ਆਪਣੇ ਨਾਮ ਹੇਠ ਛਪਵਾ ਲੈਂਦੇ ਹਨ| ਰਚਨਾਵਾਂ ਚੋਰੀ ਕਰਨ ਦਾ ਰੁਝਾਨ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਪੜ੍ਹਾਈ ਦੌਰਾਨ ਵੀ ਜਾਰੀ ਰਹਿੰਦਾ ਹੈ| ਇਸ ਤੋਂ ਇਲਾਵਾ ਕਈ ਮਾਸਟਰ ਤੇ ਪ੍ਰੋਫੈਸਰ ਵੀ ਇੰਗਲਿਸ਼ ਕਿਤਾਬਾਂ ਪੜ ਕੇ ਜਾਂ ਪੁਰਾਣੇ ਲੇਖਕ ਦੀਆਂ ਰਚਨਾਵਾਂ ਪੜਕੇ ਉਹਨਾਂ ਨੂੰ ਬਹੁਤ ਬਦਲ ਕੇ ਆਪਣੇ ਨਾਮ ਹੇਠ ਹੀ ਛਪਵਾ ਲੈਂਦੇ ਹਨ| ਹੋਰ ਤਾਂ ਹੋਰ ਇੱਕ ਪ੍ਰਸਿੱਧ ਗੀਤਕਾਰ ਉਪਰ ਵੀ ਪੁਰਾਣੇ ਲੋਕ ਗੀਤਾਂ ਨੂੰ ਮਾੜਾ ਮੋਟਾ ਬਦਲ ਕੇ ਆਪਣੇ ਨਾਮ ਹੇਠ ਛਪਵਾਉਣ ਅਤੇ ਗਵਾਉਣ ਦਾ ਦੋਸ਼ ਲਗਦਾ ਰਿਹਾ ਹੈ| ਹੁਣ ਤਾਂ ਹਾਲ ਇਹ ਹੋ ਗਿਆ ਹੈ ਕਿ ਕਈ ਚੁਸਤ ਕਿਸਮ ਦੇ ਲੋਕ ਇੰਟਰਨੈਟ ਤੋਂ ਹਿੰਦੀ ਅਖਬਾਰਾਂ ਵਿੱਚ ਛਪੇ ਆਰਟੀਕਲ ਜਾਂ ਕਵਿਤਾਵਾਂ ਨੂੰ ਪੰਜਾਬੀ ਵਿੱਚ ਆਨ ਲਾਈਨ ਹੀ ਅਨੁਵਾਦ ਕਰਕੇ ਵੱਖ ਵੱਖ ਪੰਜਾਬੀ ਅਖਬਾਰਾਂ ਵਿੱਚ ਆਪਣੇ ਨਾਮ ਹੇਠ ਛਪਵਾ ਕੇ ਖੁਦ ਨੂੰ ਮਹਾਨ ਲੇਖਕ ਜਾਂ ਮਹਾਨ ਲੇਖਿਕਾ ਹੋਣ ਦਾ ਵੱਡਾ ਭਰਮ ਪਾਲ ਲੈਂਦੇ ਹਨ|
ਵੱਖ ਵੱਖ ਸ਼ਹਿਰਾਂ ਤੋਂ ਅਤੇ ਵਿਦੇਸ਼ਾਂ ਵਿਂੱਚ ਆਨ ਲਾਈਨ ਹੀ ਅਪਡੇਟ ਹੁੰਦੇ ਅਖਬਾਰਾਂ ਅਤੇ ਹੋਰ ਛਪਦੇ ਅਖਬਾਰਾਂ ਵਿੱਚ ਅਕਸਰ ਹੀ ਸਾਹਿਤਕ ਚੋਰੀ ਵਾਲੀਆਂ ਰਚਨਾਵਾਂ ਛਪੀਆਂ ਹੋਈਆਂ ਵੇਖਣ ਨੂੰ ਮਿਲਦੀਆਂ ਹਨ| ਅਜਿਹੇ ਆਨਲਾਈਨ ਜਾਂ ਹੋਰ ਅਖਬਾਰਾਂ ਦਾ ਸਾਰਾ ਜੋਰ ਖਬਰਾਂ ਜਾਂ ਇਸ਼ਤਿਹਾਰਾਂ ਉਪਰ ਹੀ ਲੱਗ ਗਿਆ ਹੁੰਦਾ ਹੈ, ਜਿਸ ਕਰਕੇ ਸਾਹਿਤਕ ਚੋਰ ਆਪਣੀਆਂ ਰਚਨਾਵਾਂ ਇਹਨਾਂ ਅਖਬਾਰਾਂ ਵਿੱਚ ਛਪਵਾਉਣ ਵਿੱਚ ਸਫਲ ਹੋ ਜਾਂਦੇ ਹਨ| ਚਾਹੀਦਾ ਤਾਂ ਇਹ ਹੈ ਕਿ ਦੂਜਿਆਂ ਦੀਆਂ ਰਚਨਾਵਾਂ ਨੂੰ ਆਪਣੇ ਨਾਮ ਹੇਠ ਛਪਵਾਉਣ ਵਾਲੇ ਸਾਹਿਤਕ ਚੋਰਾਂ ਖਿਲਾਫ ਵੀ ਚੋਰੀ ਦਾ ਮੁਕਦਮੇ ਦਰਜ ਕਰਕੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਅਜਿਹੇ ਸਾਹਿਤਕ ਚੋਰਾਂ ਦੇ ਨਾਮ ਬਲੈਕ ਲਿਸਟ ਕਰਕੇ ਜਨਤਕ ਕੀਤੇ ਜਾਣ ਤਾਂ ਕਿ ਇਹਨਾਂ ਸਾਹਿਤਕ ਚੋਰਾਂ ਨੂੰ ਕੁਝ ਸ਼ਰਮ ਹਯਾ ਆਵੇ ਅਤੇ ਸਾਹਿਤਕ ਚੋਰੀ ਦੇ ਵੱਧ ਰਹੇ ਰੁਝਾਨ ਨੂੰ ਰੋਕਿਆ ਜਾ ਸਕੇ|

Leave a Reply

Your email address will not be published. Required fields are marked *