ਸਿਆਸਤਦਾਨਾਂ ਵਲੋਂ ਧਰਮ ਦੇ ਨਾਮ ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ

ਪਿਛਲੇ ਦਿਨੀਂ ਕਸ਼ਮੀਰ ਘਾਟੀ ਵਿੱਚ ਨੈਸ਼ਨਲ ਕੰਨਫਰੈਂਸ ਦੇ ਸਰਵੇ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ ਵਿਰੁੱਧ ਮਸਜਿਦ ਵਿੱਚ ਨਮਾਜ ਪੜਨ ਦੇ ਦੌਰਾਨ ਨਾਅਰੇਬਾਜੀ ਅਤੇ ਜੁੱਤੇ ਸੁੱਟਣ ਦੀ ਘਟਨਾ ਅਤੇ ਅਮਰੀਕਾ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਦੀ ਪੱਗ ਉਤਾਰਨੀ ਅਤੇ ਉਨ੍ਹਾਂ ਦੀ ਮਾਰ ਕੁਟਾਈ ਕਰਨੀ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਓਐਸਡੀ ਦੀ ਮਾਰ ਕੁਟਾਈ ਅਤੇ ਲੰਦਨ ਵਿੱਚ ਵੱਖਵਾਦੀ ਸਿੱਖਾਂ ਵੱਲੋਂ ਭਾਰਤ ਵਿਰੋਧੀ ਨਾਹਰਿਆਂ ਦੀ ਗਹਿਰਾਈ ਵਿੱਚ ਜਾਈਏ ਤਾਂ ਪਤਾ ਲਗਦਾ ਹੈ ਕਿ ਇਹ ਸਭ ਘਟਨਾਵਾਂ ਕੋਈ ਅਚਾਨਕ ਨਹੀਂ ਹੋਈਆਂ ਹਨ| ਇਹਨਾਂ ਸਾਰੀਆਂ ਘਟਨਾਵਾਂ ਨੂੰ ਜੋ ਇੱਕ ਗੱਲ ਜੋੜਦੀ ਹੈ ਉਹ ਹੈ ਸਿਆਸਤਦਾਨਾਂ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਧਰਮ ਅਤੇ ਖੇਤਰ ਦੇ ਨਾਮ ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਕੀਤਾ ਗਿਆ ਖਿਲਵਾੜ|
ਜੰਮੂ – ਕਸ਼ਮੀਰ ਅਤੇ ਪੰਜਾਬ ਦੇ ਰਾਜਨੇਤਾਵਾਂ ਨੇ ਪਿਛਲੇ 4 ਦਹਾਕਿਆਂ ਤੋਂ ਜਿਸ ਤਰ੍ਹਾਂ ਸੱਤਾ ਹਾਸਲ ਕਰਨ ਲਈ ਸਥਾਨਕ ਲੋਕਾਂ ਦੀ ਧਰਮ ਅਤੇ ਖੇਤਰ ਦੇ ਨਾਮ ਤੇ ਭਾਵਨਾਵਾਂ ਨੂੰ ਭੜਕਾਇਆ ਅਤੇ ਦਿੱਲੀ ਜੋ ਕਿ ਦੇਸ਼ ਦੀ ਰਾਜਧਾਨੀ ਹੈ ਉਸਨੂੰ ਉਸੇ ਤਰ੍ਹਾਂ ਲੋਕਾਂ ਸਨਮੁਖ ਰੱਖਿਆ ਜਿਵੇਂ ਉਥੇ ਜਨਪ੍ਰਤੀਨਿਧੀਆਂ ਦਾ ਰਾਜ ਨਾ ਹੋ ਕੇ ਕੋਈ ਮੁਗਲਿਆ ਜਾਂ ਅੰਗਰੇਜ਼ੀ ਹਕੂਮਤ ਦਾ ਪ੍ਰਤੀਨਿੱਧੀ ਉਥੇ ਬੈਠਾ ਹੈ| ਹਰ ਇੱਕ ਪ੍ਰਦੇਸ਼ ਦੀਆਂ ਆਪਣੀਆਂ ਸਮੱਸਿਆਵਾਂ ਹੁੰਦੀਆਂ ਹਨ| ਇਹ ਰਾਜਨੀਤੀ ਤੋਂ ਲੈ ਕੇ ਆਰਥਿਕ ਅਤੇ ਸਮਾਜਿਕ ਹੋ ਸਕਦੀ ਹੈ, ਪਰੰਤੂ ਜਦੋਂ ਅਸੀਂ ਹਰ ਇੱਕ ਤਿਉਹਾਰ ਉਤੇ ਸਿਰਫ ਵਿਰੋਧ ਲਈ ਵਿਰੋਧ ਕਰਦੇ ਹੋਏ ਦਿੱਲੀ ਨੂੰ ਖੇਤਰ ਅਤੇ ਧਰਮ ਦੇ ਵਿਰੁੱਧ ਦੱਸਦੇ ਚਲੇ ਜਾਵਾਂਗੇ ਤਾਂ ਉਸ ਗੱਲ ਦੇ ਨਤੀਜੇ ਵੀ ਤਾਂ ਭੁਗਤਣੇ ਹੀ ਪੈਣਗੇ|
ਜੰਮੂ-ਕਸ਼ਮੀਰ ਸਬੰਧੀ ਆਈ ਇੱਕ ਰਿਪੋਰਟ ਅਨੁਸਾਰ ਘਾਟੀ ਵਿੱਚ ਅੱਤਵਾਦ ਦੇ ਪ੍ਰਤੀ ਨੌਜਵਾਨਾਂ ਦਾ ਰੁਝਾਨ ਪਿਛਲੇ ਇੱਕ ਦਹਾਕੇ ਵਿੱਚ ਵਧਿਆ ਹੈ, ਵਿਸ਼ੇਸ਼ਤਾ ਪਿਛਲੇ ਸਾਲ ਸਥਾਨਕ ਜਵਾਨ ਸਭ ਤੋਂ ਜਿਆਦਾ ਅੱਤਵਾਦੀ ਸਮੂਹਾਂ ਨਾਲ ਜੁੜੇ ਹਨ| ਅਧਿਕਾਰੀਆਂ ਦੇ ਅਨੁਸਾਰ 31 ਜੁਲਾਈ ਤੱਕ 131 ਜਵਾਨ ਵੱਖ- ਵੱਖ ਅੱਤਵਾਦੀ ਸੰਗਠਨਾਂ ਨਾਲ ਜੁੜੇ ਹਨ| ਇਸ ਵਿੱਚ ਸਭ ਤੋਂ ਵੱਡੀ ਗਿਣਤੀ ਦੱਖਣ ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ ਦੀ ਹੈ, ਜਿੱਥੋਂ 35 ਜਵਾਨ ਸ਼ਾਮਿਲ ਹੋਏ ਹਨ| ਪਿਛਲੇ ਸਾਲ 126 ਸਥਾਨਕ ਲੋਕ ਇਹਨਾਂ ਗੁਟਾਂ ਨਾਲ ਜੁੜੇ ਸਨ| ਅਧਿਕਾਰੀਆਂ ਨੇ ਦੱਸਿਆ ਕਿ ਕਈ ਜਵਾਨ ਅੰਸਾਰ ਗਜਵਤ – ਉਲ-ਹਿੰਦ ਵਿੱਚ ਸ਼ਾਮਿਲ ਹੋ ਰਹੇ ਹਨ| ਇਹ ਸਮੂਹ ਅਲਕਾਇਦਾ ਦੇ ਸਮਰਥਨ ਦਾ ਦਾਅਵਾ ਕਰਦਾ ਹੈ ਅਤੇ ਇਸਦੀ ਅਗਵਾਈ ਜਾਕੀਰ ਰਸ਼ੀਦ ਸਿਪਾਹੀ ਉਰਫ ਜਾਕੀਰ ਮੂਸਾ ਕਰਦਾ ਹੈ| ਉਹ ਪੁਲਵਾਮਾ ਜਿਲ੍ਹੇ ਦੇ ਤਰਾਲ ਖੇਤਰ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ| ਇਸ ਸਮੂਹ ਦੀ ਸਵੀਕਾਰਤਾ ਹੌਲੀ – ਹੌਲੀ ਵੱਧ ਰਹੀ ਹੈ ਕਿਉਂਕਿ ਮੂਸਾ ਇੱਕਮਾਤਰ ਅਜਿਹਾ ਅੱਤਵਾਦੀ ਹੈ ਜਿਸ ਨੇ ਹੁਰੀਅਤ ਕਾਨਫਰੈਂਸ ਦੇ ਵੱਖਵਾਦੀ ਨੇਤਾਵਾਂ ਦਾ ਦਬਦਬਾ ਖਤਮ ਕੀਤਾ ਹੈ ਅਤੇ ਕਸ਼ਮੀਰ ਨੂੰ ਰਾਜਨੀਤਿਕ ਮੁੱਦਾ ਦੱਸਣ ਤੇ ਸਿਰ ਕਲਮ ਕਰ ਦੇਣ ਦੀ ਧਮਕੀ ਦਿੱਤੀ ਹੈ| ਕਸ਼ਮੀਰ ਘਾਟੀ ਵਿੱਚ ਸੁਰੱਖਿਆ ਹਾਲਤ ਤੇ ਨਜ਼ਰ ਰੱਖਣ ਵਾਲੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਸ਼ਰੀਅਤ ਜਾਂ ਸ਼ਹਾਦਤ ਦੇ ਮੂਸਾ ਦੇ ਨਾਹਰੇ ਨੇ ਪਾਕਿਸਤਾਨ ਦੇ ਸਮਰਥਨ ਵਾਲੇ ਸਾਲਾਂ ਪੁਰਾਣੇ ਨਾਹਰੇ ਦੀ ਜਗ੍ਹਾ ਲੈ ਲਈ ਹੈ| ਉਸਨੇ ਇੰਜੀਨੀਅਰਿੰਗ ਕਾਲਜ ਦੀ ਪੜਾਈ ਵਿੱਚ ਹੀ ਛੱਡ ਦਿੱਤੀ| ਹਿਜਬੁਲ ਮੁਜਾਹੀਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਇਸ 24 ਸਾਲਾ ਜਵਾਨ ਨੇ ਨੌਜਵਾਨਾਂ ਨੂੰ ਆਕਰਸ਼ਿਤ ਕੀਤਾ ਹੈ| ਵਾਨੀ 2016 ਵਿੱਚ ਮਾਰਿਆ ਗਿਆ ਸੀ| ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਉਹ ਪੜਾਈ ਦੇ ਨਾਲ ਖੇਡ ਵਿੱਚ ਵੀ ਚੰਗਾ ਸੀ ਅਤੇ ਅੰਤਰ ਰਾਜੀ ਕੈਰਮ ਚੈਂਪੀਅਨਸ਼ਿਪ ਵਿੱਚ ਉਸਨੇ ਰਾਜ ਦੀ ਅਗਵਾਈ ਕੀਤੀ ਸੀ| ਇਹ ਵੱਡੀ ਵਜ੍ਹਾ ਹੈ ਕਿ ਉਹ ਘਾਟੀ ਵਿੱਚ ਕਈ ਨੌਜਵਾਨਾਂ ਲਈ ਨਾਇਕ ਦੀ ਤਰ੍ਹਾਂ ਉਭਰਣ ਲੱਗਿਆ| ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ੋਪੀਆਂ, ਪੁਲਵਾਮਾ, ਅਨੰਤਨਾਗ, ਕੁਲਗਾਮ ਅਤੇ ਅਵੰਤੀਪੁਰਾ ਜਿਲ੍ਹਿਆਂ ਵਾਲੇ ਸਭ ਤੋਂ ਅਸ਼ਾਂਤ ਦੱਖਣ ਕਸ਼ਮੀਰ ਵਿੱਚ ਸਭ ਤੋਂ ਜ਼ਿਆਦਾ ਜਵਾਨ ਅੱਤਵਾਦੀ ਸੰਗਠਨਾਂ ਵਿੱਚ ਸ਼ਾਮਿਲ ਹੋ ਰਹੇ ਹਨ| ਕਸ਼ਮੀਰ ਘਾਟੀ ਵਿੱਚ ਇਹਨਾਂ ਪੰਜ ਜਿਲ੍ਹਿਆਂ ਤੋਂ 100 ਤੋਂ ਜ਼ਿਆਦਾ ਜਵਾਨ ਵੱਖ- ਵੱਖ ਅੱਤਵਾਦੀ ਸਮੂਹ ਵਿੱਚ ਸ਼ਾਮਿਲ ਹੋਏ ਹਨ| ਪੰਜਾਬ ਵਿੱਚ ਵੀ 1978 ਵਿੱਚ ਜਦੋਂ ਭਿੰਡਰਾਵਾਲੇ ਦਾ ਨਾਮ ਵੱਜਣ ਲਗਾ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਧਰਮ ਅਤੇ ਖੇਤਰ ਦੇ ਨਾਮ ਉਤੇ ਕੀਤੀ ਜਾਣ ਵਾਲੀ ਰਾਜਨੀਤੀ ਜ਼ੋਰ ਫੜਦੀ ਗਈ| ਗੁਰੁਪਰਬ ਹੋਵੇ ਜਾਂ ਕੋਈ ਹੋਰ ਤਿਉਹਾਰ ਹੋ ਜਿਆਦਾਤਰ ਰਾਜਨੇਤਾ ਇੱਕ ਦੂਜੇ ਨੂੰ ਕੋਸਦੇ-ਕੋਸਦੇ ਇਹ ਭੁੱਲ ਜਾਂਦੇ ਹਨ ਕਿ ਉਹ ਮਰਿਆਦਾ ਦੀ ਉਲੰਘਣਾ ਕਰ ਰਹੇ ਹਨ| ਪੰਜਾਬ ਵਿੱਚ 1980 – 90 ਦੇ ਦਹਾਕੇ ਵਿੱਚ ਜੋ ਖੂਨ ਖਰਾਬਾ ਹੋਇਆ ਅਤੇ ਜੰਮੂ – ਕਸ਼ਮੀਰ ਵਿੱਚ 1989 ਪਾਕਿਸਤਾਨ ਵੱਲੋਂ ਸ਼ੁਰੂ ਕੀਤੀ ਗਈ ਅੱਤਵਾਦ ਦੀ ਅੱਗ ਦੀ ਅੱਜ ਵੀ ਖੁੱਲੇ ਸ਼ਬਦਾਂ ਵਿੱਚ ਨਿੰਦਿਆ ਸਬੰਧਤ ਖੇਤਰ ਦਾ ਇੱਕ ਵਰਗ ਵਿਸ਼ੇਸ਼ ਅਤੇ ਕੁੱਝ ਰਾਜਨੇਤਾ ਅਤੇ ਬੁੱਧੀਜੀਵੀ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਜਿਹਾ ਕਰਨ ਨਾਲ ਉਨ੍ਹਾਂ ਦਾ ਆਧਾਰ ਕਮਜੋਰ ਹੋ ਜਾਵੇਗਾ|
ਜੰਮੂ-ਕਸ਼ਮੀਰ ਅਤੇ ਪੰਜਾਬ ਵਿੱਚ ਘੱਟ ਗਿਣਤੀ ਭਾਈਚਾਰਾ ਬਹੁਮਤ ਵਿੱਚ ਹੈ ਅਤੇ ਉਪਰੋਕਤ ਹਾਲਤ ਦਾ ਰਾਜਨੀਤਿਕ ਲਾਭ ਲੈਣ ਲਈ ਰਾਜਨੀਤਿਕ ਦਲ ਅਤੇ ਉਨ੍ਹਾਂ ਦੇ ਨੇਤਾ ਆਮ ਲੋਕਾਂ ਦੀਆਂ ਸੱਮਸਿਆਵਾਂ ਨੂੰ ਸੁਲਝਾਉਣ ਦੀ ਬਜਾਏ ਜਨਸਾਧਾਰਣ ਨੂੰ ਧਰਮ ਅਤੇ ਖੇਤਰ ਦੇ ਨਾਮ ਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਭੜਕਾਉਂਦੇ ਰਹਿੰਦੇ ਹਨ ਅਤੇ ਹਾਲਤ ਨੂੰ ਉਲਝਾ ਕੇ ਰੱਖ ਦਿੰਦੇ ਹਨ| ਜੋ ਕੁੱਝ ਜੰਮੂ-ਕਸ਼ਮੀਰ ਅਤੇ ਪੰਜਾਬ ਵਿੱਚ ਹੋਇਆ ਜਾਂ ਹੋ ਰਿਹਾ ਹੈ ਉਹ ਦੇਸ਼ ਦੇ ਹੋਰ ਰਾਜਾਂ ਵਿੱਚ ਵੀ ਦੇਖਿਆ ਜਾ ਸਕਦਾ ਹੈ| ਬੁੱਧੀਜੀਵੀਆਂ ਦਾ ਇੱਕ ਵਰਗ ਤਾਂ ਕੇਂਦਰ ਦੀ ਸਰਕਾਰ ਉਤੇ ਵੀ ਜਨ ਭਾਵਨਾਵਾਂ ਨਾਲ ਖੇਡਣ ਦਾ ਇਲਜ਼ਾਮ ਲਗਾ ਰਿਹਾ ਹੈ| ਕਾਂਗਰਸ ਅਤੇ ਉਨ੍ਹਾਂ ਦੇ ਸਾਥੀ ਤਾਂ ਭਾਜਪਾ ਨੂੰ ਪਹਿਲਾਂ ਤੋਂ ਹੀ ਕਟਹਿਰੇ ਵਿੱਚ ਖੜਾ ਕਰਨ ਦੀ ਕੋਸ਼ਿਸ਼ ਵਿੱਚ ਹਨ| ਉਪਰੋਕਤ ਹਾਲਤ ਨੇ ਦੇਸ਼ ਵਿੱਚ ਇੱਕ ਟਕਰਾਓ ਅਤੇ ਅਵਿਸ਼ਵਾਸ ਦੀ ਭਾਵਨਾ ਨੂੰ ਜਨਮ ਦਿੱਤਾ ਹੈ| ਇਸ ਗੱਲ ਦਾ ਲਾਭ ਲੈਣ ਲਈ ਭਾਰਤ ਵਿਰੋਧੀ ਸ਼ਕਤੀਆਂ ਅੰਤਰਰਾਸ਼ਟਰੀ ਪੱਧਰ ਉਤੇ ਸਰਗਰਮ ਹੋ ਕੇ ਕਾਰਜ ਕਰ ਰਹੀਆਂ ਹਨ| ਭਾਰਤ ਦੀ ਅੰਦਰੂਨੀ ਰਾਜਨੀਤੀ ਦੇ ਨਕਾਰਾਤਮਕ ਪਹਿਲੂ ਨੂੰ ਆਪਣਾ ਆਧਾਰ ਬਣਾ ਕੇ ਵਿਦੇਸ਼ ਵਿੱਚ ਜਦੋਂ ਕੋਈ ਕੁੱਝ ਕਹਿੰਦਾ ਅਤੇ ਕਰਦਾ ਹੈ ਤਾਂ ਉਸਦੀ ਪ੍ਰਤੀਕ੍ਰਿਆ ਵਿੱਚ ਜਦੋਂ ਸਥਾਨਕ ਨੇਤਾ ਉਨ੍ਹਾਂ ਦੀ ਗੱਲ ਨੂੰ ਲੈ ਚੁੱਪੀ ਸਾਧ ਲੈਂਦੇ ਹਨ ਜਾਂ ਸਮਰਥਨ ਨਹੀਂ ਕਰਦੇ ਤਾਂ ਉਸ ਕਾਰਨ ਵਿਦੇਸ਼ਾਂ ਵਿੱਚ ਬੈਠੇ ਲੋਕ ਜੋ ਹਨ ਤਾਂ ਭਾਰਤੀ ਮੂਲ ਦੇ ਪਰੰਤੂ ਭਾਰਤ ਦੇ ਨਾਗਰਿਕ ਨਹੀਂ ਉਹ ਉਹੀ ਕੁੱਝ ਕਰਦੇ ਹੈ ਜੋ ਲੰਦਨ ਜਾਂ ਅਮਰੀਕਾ ਵਿੱਚ ਹੋਇਆ| ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਕੱਲ ਤੱਕ ਇਹ ਖੁਦ ਦਿੱਲੀ ਦਾ ਵਿਰੋਧ ਕਰ ਰਹੇ ਸਨ ਅੱਜ ਸਾਡਾ ਸਾਥ ਨਹੀਂ ਦੇ ਰਹੇ| ਸਮੇਂ ਦੀ ਮੰਗ ਹੈ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਚੁਣੌਤੀ ਦੇਣ ਵਾਲੇ ਹਰ ਇੱਕ ਵਰਗ, ਸੰਸਥਾ ਅਤੇ ਦੇਸ਼ ਦਾ ਚਾਹੇ ਉਹ ਪਾਕਿਸਤਾਨ, ਇੰਗਲੈਂਡ, ਕਨੇਡਾ ਜਾਂ ਕੋਈ ਹੋਰ ਹੋਵੇ ਉਸਦਾ ਵਿਰੋਧ ਸਖਤੀ ਨਾਲ ਹੋਣਾ ਚਾਹੀਦਾ ਹੈ ਅਤੇ ਭਾਰਤੀ ਨਾਗਰਿਕਾਂ ਦੇ ਪ੍ਰਤੀ ਹਿੰਸਾਤਮਕ ਘਟਨਾ ਦੀ ਨਿੰਦਾ ਸਖਤ ਸ਼ਬਦਾਂ ਵਿੱਚ ਹੋਣੀ ਚਾਹੀਦੀ ਹੈ| ਭਾਰਤੀ ਨੇਤਾਵਾਂ ਜਿਨ੍ਹਾਂ ਦੀ ਰਾਜਨੀਤੀ ਧਰਮ, ਜਾਤੀ, ਭਾਸ਼ਾ ਅਤੇ ਖੇਤਰ ਉਤੇ ਆਧਾਰਿਤ ਹੈ ਉਨ੍ਹਾਂ ਨੂੰ ਵੀ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਖੇਡ ਬੰਦ ਕਰਨੀ ਚਾਹੀਦੀ ਹੈ ਅਤੇ ਖੁੱਲ ਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਚੁਣੌਤੀ ਦੇਣ ਵਾਲਿਆਂ ਦਾ ਵਿਰੋਧ ਕਰਨਾ ਚਾਹੀਦਾ ਹੈ| ਫਾਰੁਖ ਅਬਦੁੱਲਾ ਅਤੇ ਮਨਜੀਤ ਸਿੰਘ ਨੇ ਜਿਸ ਤਰ੍ਹਾਂ ਖੁੱਲੇ ਸ਼ਬਦਾਂ ਵਿੱਚ ਵੱਖਵਾਦੀਆਂ ਦਾ ਵਿਰੋਧ ਕੀਤਾ ਹੈ ਉਸਦੇ ਲਈ ਉਹ ਵਧਾਈ ਦੇ ਪਾਤਰ ਹਨ| ਸਮਾਜ ਅਤੇ ਸਰਕਾਰ ਦਾ ਕਰਤੱਵ ਹੈ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਖੜੇ ਲੋਕਾਂ ਦਾ ਨਾਲ ਅਤੇ ਸਮਰਥਨ ਦੇਣ| ਇਰਵਿਨ ਖੰਨਾ

Leave a Reply

Your email address will not be published. Required fields are marked *