ਸਿਆਸੀ ਦਲਾਂ ਨੂੰ ਮਿਲਣ ਵਾਲੇ ਹਰ ਤਰ੍ਹਾਂ ਦੇ ਫੰਡ ਦੀ ਜਾਣਕਾਰੀ ਜਨਤਕ ਹੋਵੇ

ਭਾਰਤੀ ਅਮੀਰਾਂ (ਸਿਆਸੀ ਆਗੂਆਂ, ਉਦਯੋਗਪਤੀਆਂ ਅਤੇ ਨੌਕਰਸ਼ਾਹਾਂ) ਵਲੋਂ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਕਰਵਾਈ ਗਈ ਆਪਣੀ ਕਾਲੀ ਕਮਾਈ (ਕਾਲੇ ਧਨ) ਨੂੰ ਮੁੱਦਾ ਬਣਾ ਕੇ ਦੇਸ਼ ਦੀ ਸੱਤਾ ਤੇ ਕਾਬਜ ਹੋਣ ਵਾਲੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਅਗਵਾਈ ਵਿੱਚ ਚਲਣ ਵਾਲੀ ਐਨ ਡੀ ਏ ਦੀ ਮੌਜੂਦਾ ਸਰਕਾਰ ਵਲੋਂ ਆਪਣੇ ਸਵਾ ਦੋ ਸਾਲ ਦੇ ਕਾਰਜਕਾਲ ਦੌਰਾਨ         ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਇਸ ਕਾਲੇ ਧਨ ਨੂੰ ਵਾਪਸ ਲਿਆਉਣ ਦੇ ਨਾਮ ਤੇ ਸਿਰਫ ਜਬਾਨੀ ਜਮਾ ਖਰਚ ਕਰਨ ਤੋਂ ਇਲਾਵਾ ਕੁੱਝ ਵੀ ਨਹੀਂ ਕਰ ਪਾਈ ਹੈ ਅਤੇ ਕਾਲੇ ਧਨ ਦੇ ਮੁੱਦੇ ਤੇ ਸਰਕਾਰ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਪੂਰੀ ਤਰ੍ਹਾਂ ਖੋਖਲੀ ਹੀ ਸਾਬਿਤ ਹੋਈ ਹੈ| ਸਰਕਾਰ ਵਲੋਂ ਇਸ ਸੰਬੰਧੀ ਭਾਵੇਂ ਕਿੰਨੇ ਵੀ ਦਾਅਵੇ ਕੀਤੇ ਜਾਣ ਪਰੰਤੂ ਸਰਕਾਰ ਦੀ ਕਾਰਗੁਜਾਰੀ ਨਾਲ ਅਜਿਹਾ ਨਹੀਂ ਲੱਗਦਾ ਕਿ ਇਸ ਸਰਕਾਰ ਦਾ ਕਾਰਜਕਾਲ ਖਤਮ ਹੋਣ ਤਕ ਇਸ ਮੁੱਦੇ ਤੇ ਕੋਈ ਫੈਸਲਾਕੁੰਨ ਕਾਰਵਾਈ ਹੋ ਪਾਏਗੀ|
ਸਾਡੀਆਂ ਰਾਜਨੀਤਿਕ ਪਾਰਟੀਆਂ ਵਲੋਂ ਕਾਲੇ ਧਨ ਨੂੰ ਤਾਂ ਮੁੱਦਾ ਬਣਾਇਆ ਜਾਂਦਾ ਹੈ ਪਰੰਤੂ ਜੇਕਰ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਦੀ ਖੁਦ ਦੀ ਕਾਰਗੁਜਾਰੀ ਦਾ ਲੇਖਾ ਜੋਖਾ ਕੀਤਾ ਜਾਵੇ ਤਾਂ ਇਹ ਖੁਦ ਚਿਕੱੜ ਵਿੱਚ ਖੜ੍ਹੇ ਹੋ ਕੇ ਹੋਰਨਾਂ ਉੱਪਰ ਚਿੱਕੜ ਸੁੱਟਣ ਵਰਗੀ ਹੀ ਲੱਗਦੀ ਹੈ| ਜੇਕਰ ਕਾਲੇ ਧਨ ਦੀ ਹੀ ਗੱਲ ਕਰੀਏ ਤਾਂ ਅਸੀਂ ਸਾਰੇ ਹੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਚੋਣਾਂ ਦੌਰਾਨ ਆਪਣੀ ਕਿਸਮਤ ਅਜਮਾਉਣ ਵਾਲੇ ਲਗਭਗ ਸਾਰੇ ਹੀ ਉਮੀਦਵਾਰ (ਭਾਵੇਂ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸੰਬੰਧ ਰੱਖਦੇ ਹੋਣ) ਚੋਣ ਜਿੱਤਣ ਲਈ ਕੀਤੇ ਜਾਣ ਵਾਲੇ ਅਥਾਹ ਖਰਚਿਆਂ ਦੇ ਰੂਪ ਵਿੱਚ ਇਸੇ ਕਾਲੇ ਧਨ ਦੀ ਵਰਤੋਂ ਕਰਦੇ ਹਨ|
ਚੋਣਾਂ ਮੌਕੇ ਸਾਡੀਆਂ ਇਹਨਾਂ ਤਮਾਮ ਰਾਜਨੀਤਿਕ ਪਾਰਟੀਆਂ ਅਤੇ ਉਹਨਾਂ ਵਲੋਂ ਚੋਣ ਲੜਣ ਵਾਲੇ ਉਮੀਦਵਾਰਾਂ ਵਲੋਂ ਪਾਣੀ ਵਾਂਗ ਪੈਸਾ ਬਹਾਇਆ ਜਾਂਦਾ ਹੈ ਅਤੇ ਕਾਲੇ ਧਨ ਦੀ ਖੁੱਲੀ ਵਰਤੋਂ ਕਰਨ ਵਾਲੇ ਸਾਡੇ ਇਹਨਾਂ ਰਾਜਨੀਤਿਕ ਨੇਤਾਵਾਂ ਤੋਂ ਇਹ ਆਸ ਕਿਵੇਂ ਕੀਤੀ ਜਾ ਸਕਦੀ ਹੈ ਕਿ ਉਹ ਕਾਲੇ ਧਨ ਦੇ ਖਿਲਾਫ ਕੋਈ ਸਮਰਥ ਕਾਰਵਾਈ ਨੂੰ ਅੰਜਾਮ ਦੇਣਗੇ| ਦੇਸ਼ ਦੀਆਂ ਤਮਾਮ ਰਾਜਨੀਤਿਕ ਪਾਰਟੀਆਂ ਦੀ ਖੁਦ ਦੀ ਹਾਲਤ ਤਾਂ ਇਹ ਹੈ ਕਿ ਉਹ ਜਿਹੜੀ ਰਕਮ ਵੱਖ ਵੱਖ ਤਰੀਕਿਆਂ (ਚੰਦੇ, ਦਾਨ, ਮਦਦ ਆਦਿ) ਨਾਲ ਇਕੱਤਰ ਕਰਦੀਆਂ ਹਨ, ਉਸ ਬਾਰੇ ਪੂਰੀ ਜਾਣਕਾਰੀ ਤਕ ਦੇਣ ਲਈ ਤਿਆਰ ਨਹੀਂ ਹੁੰਦੀਆਂ| ਪਾਠਕਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਯਾਦ ਹੋਵੇਗੀ ਕਿ ਇਸ ਸੰਬੰਧੀ 2013 ਵਿੱਚ ਜਦੋਂ ਦੇਸ਼ ਦੇ ਮੁੱਚ ਸੂਚਨਾ ਕਮਿਸ਼ਨਰ ਵਲੋਂ ਰਾਜਨੀਤਿਕ ਪਾਰਟੀਆਂ ਨੂੰ ਸੂਚਨਾ ਦੇ ਅਧਿਕਾਰ ਤਹਿਤ ਲਿਆਉਣ ਸੰਬੰਧੀ ਹੁਕਮ ਜਾਰੀ ਕੀਤੇ ਗਏ ਸਨ ਤਾਂ ਸਾਡੇ ਦੇਸ਼ ਦੀਆਂ ਤਮਾਮ ਰਾਜਨੀਤਿਕ ਪਾਰਟੀਆਂ ਨੇ ਇੱਕ ਮਤ ਹੋ ਕੇ ਖੁਦ ਨੂੰ ਸੂਚਨਾ ਦੇ ਅਧਿਕਾਰ ਤੋਂ ਬਾਹਰ ਰੱਖਣ ਲਈ            ਵਿਸ਼ੇਸ਼ ਕਾਨੂੰਨ ਤਕ ਪਾਸ ਕਰ ਲਿਆ ਸੀ|
ਰਾਜਨੀਤਿਕ ਪਾਰਟੀਆਂ ਅਤੇ ਇਹਨਾਂ ਪਾਰਟੀਆਂ ਦੇ ਆਗੂਆਂ ਨੂੰ ਕਿੱਥੋਂ-ਕਿੱਥੋਂ ਅਤੇ ਕਿਨਾ ਫੰਡ ਮਿਲਦਾ ਹੈ ਅਤੇ ਇਹਨਾਂ ਨੂੰ ਫੰਡ ਦੇ ਰੂਪ ਵਿੱਚ ਵੱਡੀਆਂ ਰਕਮਾਂ ਦੇਣ ਵਾਲਿਆਂ ਵਲੋਂ ਇਸਦੇ ਬਦਲੇ ਸਰਕਾਰਾਂ ਕੋਲੋਂ ਕੀ-ਕੀ ਲਾਭ ਹਾਸਿਲ ਕੀਤੇ ਜਾਂਦੇ ਹਨ ਇਸ ਬਾਰੇ ਜਾਣਕਾਰੀ ਹਾਸਿਲ ਕਰਨ ਦਾ ਜਨਤਾ ਨੂੰ ਪੂਰਾ ਹੱਕ ਹੈ| ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸਰਕਾਰ ਕੋਲੋਂ ਵੱਡੇ ਲਾਭ ਲੈਣ ਵਾਲੇ ਵੱਡੇ ਕਾਰੋਬਾਰੀ ਅਤੇ ਉਦਯੋਗਪਤੀ, ਹਾਕਮ  ਧਿਰ ਨੂੰ ਹੀ ਨਹੀਂ ਬਲਕਿ  ਵਿਰੋਧੀ ਧਿਰਾਂ ਨੂੰ ਵੀ ਵੱਡਾ ਫੰਡ ਦਿੰਦੇ ਹਨ ਅਤੇ ਇਸ ਤੋਂ ਡਰਦਿਆਂ ਹੀ ਸਭ ਪਾਰਟੀਆਂ ਆਪਣੀ-ਆਪਣੀ ਅਸਲੀਅਤ ਜਗ ਜਾਹਿਰ ਹੋਣ ਤੋਂ ਡਰਦਿਆਂ ਉਹਨਾਂ ਨੂੰ ਮਿਲਣ ਵਾਲੇ ਫੰਡਾਂ ਦੀ ਜਾਣਕਾਰੀ ਦੇਣ ਤੋਂ ਭੱਜਦੀਆਂ ਹਨ| ਇਹਨਾਂ ਰਾਜਨੀਤਿਕ ਪਾਰਟੀਆਂ ਅਤੇ ਰਾਜਨੇਤਾਵਾਂ ਨੂੰ ਮੋਟਾ ਫੰਡ ਦੇਣ ਅਤੇ ਬਦਲੇ ਵਿੱਂਚ ਮੋਟਾ ਲਾਭ ਲੈਣ ਵਾਲਿਆਂ ਵਿੱਚ ਰੇਤ ਮਾਫੀਆ, ਸ਼ਰਾਬ ਮਾਫੀਆ, ਭੂ ਮਾਫੀਆ, ਟਰਾਂਸਪੋਰਟ ਮਾਫੀਆ, ਕੋਇਲੇ ਦੀਆਂ ਖਦਾਨਾਂ ਲੈਣ ਵਾਲੇ, ਤੇਲ ਤੇ ਕੁਦਰਤੀ ਗੈਸ ਨਾਲ ਜੁੜੇ ਵਪਾਰੀ ਸਮੇਤ ਵੱਡੇ ਵੱਡੇ ਅਜਿਹੇ ਲੋਕ ਸ਼ਾਮਿਲ ਹੋ ਸਕਦੇ ਹਨ ਜਿਨ੍ਹਾਂ ਦਾ ਨਾਮ ਸਾਹਮਣੇ ਆਉਣ ਤੇ ਇਹਨਾਂ ਪਾਰਟੀਆਂ ਦੀ ਅਸਲੀਅਤ ਲੋਕਾਂ ਅੱਗੇ ਖੁੱਲ ਸਕਦੀ ਹੈ| ਚੋਣਾਂ ਵਿੱਚ ਕਰੋੜਾਂ-ਅਰਬਾਂ ਰੁਪਏ ਖਰਚ ਕਰਕੇ ਅਤੇ ਵਾਰੀ ਬਦਲ ਕੇ ਦੇਸ਼ ਦੀ ਸੱਤਾ ਸੰਭਾਲਣ ਵਾਲੀਆਂ ਸਾਡੀਆਂ ਇਹਨਾਂ ਪਾਰਟੀਆਂ ਨੂੰ ਮਿਲਣ ਵਾਲੇ ਫੰਡਾਂ ਦੀ ਅਸਲੀਅਤ ਹਰ ਹਾਲ ਵਿੱਚ ਜੱਗਜਾਹਿਰ ਹੋਣੀ ਚਾਹੀਦੀ ਹੈ ਤਾਂ ਜੋ ਇਹਨਾਂ ਪਾਰਟੀਆਂ ਦੀ ਅਸਲੀਅਤ ਸਾਰਿਆਂ ਦੇ ਸਾਮ੍ਹਣੇ ਆ ਸਕੇ|

Leave a Reply

Your email address will not be published. Required fields are marked *