ਸਿਆਸੀ ਪਾਰਟੀਆਂ ਅਤੇ ਆਗੂਆਂ ਵਲੋਂ ਕੀਤੇ ਜਾਂਦੇ ਝੂਠੇ ਵਾਅਦਿਆਂ ਤੇ ਰੋਕ ਲਈ ਹੋਵੇ ਕਾਰਵਾਈ

ਸਾਡੇ ਦੇਸ਼ ਵਿੱਚ ਲਾਗੂ ਲੋਕਤਾਂਤਰਿਕ ਵਿਵਸਥਾ ਦੇ ਤਹਿਤ ਅਜਿਹੀ ਕਿਸੇ ਵੀ ਸਿਆਸੀ ਪਾਰਟੀ ਜਾਂ ਆਗੂ ਨੂੰ ਚੋਣਾਂ ਵਿੱਚ ਭਾਗ ਲੈਣ ਦਾ ਅਧਿਕਾਰ ਹਾਸਿਲ ਹੈ ਜਿਹੜਾ ਦੇਸ਼ ਦੇ ਸੰਵਿਧਾਨ ਵਿੱਚ ਯਕੀਨ ਰੱਖਦਾ ਹੋਵੇ| ਦੇਸ਼ ਵਿੱਚ ਮੁੱਖ ਸਿਆਸੀ ਪਾਰਟੀਆਂ ਤੋਂ ਇਲਾਵਾ ਅਜਿਹੀਆਂ ਸੈਂਕੜੇ ਸਿਆਸੀ ਪਾਰਟੀਆਂ ਮੌਜੂਦ ਹਨ ਜਿਹੜੀਆਂ ਦੇਸ਼ ਦੇ ਵੱਖ ਵੱਖ ਖੇਤਰਾਂ ਵਿੱਚ ਸਮਾਜ ਦੀ ਨੁਮਾਇੰਦਗੀ ਦੀ ਗੱਲ ਕਰਦੀਆਂ ਹਨ ਅਤੇ ਇਹਨਾਂ ਵਿੱਚੋਂ ਜਿਆਦਾਤਰ ਚੋਣ ਮੈਦਾਨ ਵਿੱਚ ਵੀ ਉਤਰਦੀਆਂ ਹਨ| ਇਸਤੋਂ ਇਲਾਵਾ ਨਿੱਜੀ ਤੌਰ ਤੇ ਚੋਣ ਲੜਣ ਵਾਲੇ ਅਜਿਹੇ ਵੱਡੀ ਗਿਣਤੀ ਆਗੂ ਵੀ ਮੌਜੂਦ ਹਨ ਜਿਹੜੇ ਆਜਾਦ ਉਮੀਦਵਾਰ ਵਜੋਂ ਚੋਣ ਲੜਦੇ ਹਨ|
ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਚੋਣ ਲੜਣ ਵਾਲੇ ਉਮੀਦਵਾਰਾਂ ਅਤੇ ਉਹਨਾਂ ਦੀ ਮੂਲ ਪਾਰਟੀਆਂ ਵਲੋਂ ਆਮ ਲੋਕਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਵੋਟਰਾਂ ਨਾਲ ਕਈ ਤਰ੍ਹਾਂ ਦੇ ਵਾਇਦੇ ਕੀਤੇ ਜਾਂਦੇ ਹਨ| ਭਾਰਤ ਦੀ ਮੌਜੂਦਾ ਮੋਦੀ ਸਰਕਾਰ ਵੀ ਲੋਕਾਂ ਨੂੰ ਅੱਛੇ ਦਿਨ ਲਿਆਉਣ ਦਾ ਵਾਇਦਾ ਕਰਕੇ ਹੀ ਸੱਤਾ ਵਿੱਚ ਆਈ ਸੀ| ਇਹ ਗੱਲ ਹੋਰ ਹੈ ਕਿ ਮੋਦੀ ਸਰਕਾਰ ਦੇ ਰਾਜ ਵਿੱਚ ਲੋਕਾਂ ਦੇ ਚੰਗੇ ਦਿਨ ਆਉਣ ਦੀ ਥਾਂ ਬੁਰੇ ਦਿਨ ਹੀ ਆ ਗਏ| ਲੋਕਾਂ ਨੂੰ ਅਜੇ ਵੀ ਮੋਦੀ ਸਰਕਾਰ ਵਲੋਂ ਕੀਤੀ ਗਈ ਨੋਟਬੰਦੀ ਅਤੇ ਜੀ ਐਸ ਟੀ ਦਾ ਸੇਕ ਲੱਗ ਰਿਹਾ ਹੈ| ਇਸੇ ਤਰ੍ਹਾਂ ਪਿਛਲੇ ਸਾਲ ਪੰਜਾਬ ਦੀ ਸੱਤਾ ਤੇ ਕਾਬਿਜ ਹੋਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਵਲੋਂ ਵੀ ਪੰਜਾਬ ਦੀ ਜਨਤਾ ਨਾਲ ਅਜਿਹੇ ਢੇਰਾਂ ਵਾਇਦੇ ਕੀਤੇ ਗਏ ਸੀ ਜਿਹਨਾਂ ਦੇ ਪੂਰਾ ਹੋਣ ਦੀ ਦੂਰ ਦੂਰ ਤਕ ਕੋਈ ਆਸ ਨਹੀਂ ਹੈ| ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਕਾਂਗਰਸ ਪਾਰਟੀ ਨੇ ਪੰਜਾਬੀਆਂ ਨੂੰ ਹਰ ਘਰ ਨੌਕਰੀ, ਹਰ ਨੌਜਵਾਨ ਨੂੰ ਮੋਬਾਇਲ ਦੇਣ ਦੇ ਵਾਅਦੇ ਕਰਨ ਦੇ ਨਾਲ ਹੀ ਗਰੀਬਾਂ ਨੂੰ ਮੁਫਤ ਪਲਾਟ ਦੇਣ ਦੇ ਵਾਅਦੇ ਵੀ ਕੀਤੇ ਗਏ ਸਨ| ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਪੰਜਾਬੀਆਂ ਨਾਲ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਸਿਰਫ ਚਾਰ ਹਫਤਿਆਂ ਵਿੱਚ ਹੀ ਪੰਜਾਬ ਵਿਚ ਨਸ਼ਾ ਬੰਦ ਕਰਨ ਦਾ ਵਾਅਦਾ ਵੀ ਕੀਤਾ ਸੀ, ਪਰੰਤੂ ਜਮੀਨੀ ਹਕੀਕਤ ਇਹੀ ਹੈ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਕਾਂਗਰਸ ਪਾਰਟੀ ਵਲੋਂ ਕੀਤੇ ਗਏ ਸਾਰੇ ਵਾਅਦੇ ਪੂਰੀ ਤਰ੍ਹਾਂ ਹਵਾ ਹਵਾਈ ਹੋ ਗਏ|
ਇਹੀ ਹਾਲ ਹੋਰਨਾਂ ਪਾਰਟੀਆਂ ਦਾ ਵੀ ਹੈ ਅਤੇ ਹਰੇਕ ਪਾਰਟੀ ਵਲੋਂ ਲੋਕਾਂ ਨਾਲ ਵੱਡੇ ਵੱਡੇ ਵਾਇਦੇ ਕੀਤੇ ਜਾਂਦੇ ਹਨ| ਲੋਕਾਂ ਨਾਲ ਵਾਇਦੇ ਕਰਨ ਵਿੱਚ ਅਕਾਲੀ ਦਲ ਵੀ ਪਿੱਛੇ ਨਹੀਂ ਹੈ| ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਅਕਸਰ ਹੀ ਪੰਜਾਬੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦਾ ਵਾਇਦਾ ਕਰਦੇ ਹਨ ਜਦੋਂਕਿ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਪੰਜਾਬੀਆਂ ਨੂੰ ਸੁਫਨਾ ਵਿਖਾਉਂਦੇ ਹਨ ਕਿ ਉਹ ਪੰਜਾਬ ਨੂੰ ਕੈਲੇਫੋਰਨੀਆ ਬਣਾ ਦੇਣਗੇ| ਚੋਣ ਵਾਇਦਿਆਂ ਦੀ ਇਸ ਹੋੜ ਵਿੱਚ ਅਜਿਹੇ ਆਗੂ ਵੀ ਪਿੱਛੇ ਨਹੀਂ ਰਹਿੰਦੇ ਜਿਹੜੇ ਕਿਸੇ ਵੀ ਪਾਰਟੀ ਵਲੋਂ ਚੋਣ ਲੜਣ ਦੀ ਥਾਂ ਆਜਾਦ ਉਮੀਦਵਾਰ ਵਜੋਂ ਹੀ ਚੋਣਾਂ ਵਿੱਚ ਉਤਰਦੇ ਹਨ| ਇਹ ਆਗੂ ਅਤੇ ਪਾਰਟੀਆਂ ਲੋਕਾਂ ਨੂੰ ਚੋਣਾਂ ਮੌਕੇ ਵੱਡੇ ਵੱਡੇ ਸਬਜਬਾਗ ਤਾਂ ਦਿਖਾਉਂਦੇ ਹਨ ਪਰੰਤੂ ਚੋਣਾਂ ਤੋਂ ਬਾਅਦ ਮੁੜ ਕੇ ਨਜਰ ਨਹੀਂ ਆਉਂਦੇ|
ਅਸਲ ਵਿੱਚ ਰਾਜਸੀ ਪਾਰਟੀਆਂ ਦੇ ਆਗੂ ਲੋਕਾਂ ਦਾ ਧਿਆਨ ਉਹਨਾਂ ਦੇ ਅਸਲ ਮੁੱਦਿਆਂ ਜਿਵੇਂ ਬੇਰੁਜਗਾਰੀ, ਗਰੀਬੀ, ਮਾੜੀ ਸਿਹਤ ਅਤੇ ਸਿਖਿਆ ਵਿਵਸਥਾ, ਖਸਤਾਹਾਲ ਸੜਕਾਂ, ਪਾਣੀ, ਬਿਜਲੀ, ਨਸ਼ੇ ਅਤੇ ਹੋਰਨਾਂ ਮੁੱਦਿਆਂ ਤੋਂ ਹਟਾਉਣ ਲਈ ਹੀ ਅਜਿਹੇ ਵੱਡੇ- ਵੱਡੇ ਵਾਅਦੇ ਕਰਦੇ ਹਨ, ਜਿਸ ਨਾਲ ਆਮ ਲੋਕਾਂ ਦਾ ਧਿਆਨ ਆਪਣੇ ਅਸਲ ਮੁਦਿਆਂ ਤੋਂ ਭਟਕ ਜਾਂਦਾ ਹੈ| ਬਾਅਦ ਵਿੱਚ ਇਹ ਰਾਜਸੀ ਆਗੂ ਆਪੋ ਆਪਣੇ ਵਾਅਦੇ ਕਰਕੇ ਚੋਣਾਂ ਤੋਂ ਬਾਅਦ ਗਾਇਬ ਹੋ ਜਾਂਦੇ ਹਨ ਤੇ ਫਿਰ ਕੋਈ ਵੀ ਨਜਰ ਨਹੀਂ ਆਉਂਦਾ ਅਤੇ ਲੋਕਾਂ ਦੇ ਮਸਲੇ ਪਹਿਲਾਂ ਵਾਂਗ ਹੀ ਲਟਕਦੇ ਰਹਿੰਦੇ ਹਨ|
ਚੋਣ ਕਮਿਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਇਸ ਗੱਲ ਨੂੰ ਯਕੀਨੀ ਕਰੇ ਕਿ ਜਿਹੜੇ ਆਗੂ ਜਾਂ ਪਾਰਟੀਆਂ ਚੋਣਾਂ ਲੜਣ ਵੇਲੇ ਆਮ ਲੋਕਾਂ ਨਾਲ ਜਿਹੜੇ ਵਾਇਦੇ ਅਤੇ ਦਾਅਵੇ ਕਰਦੀਆਂ ਹਨ ਉਹਨਾਂ ਨੂੰ ਅਮਲੀ ਜਾਮਾ ਵੀ ਪੁਆਉਣ ਅਤੇ ਜਿਹੜੀਆਂ ਪਾਰਟੀਆਂ ਜਾਂ ਆਗੂ ਆਪਣੇ ਵਾਇਦਿਆਂ ਤੋਂ ਮੁਕਰ ਕੇ ਆਮ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਨ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਦਾ ਪ੍ਰਬੰਧ ਹੋਵੇ| ਸਾਡੀਆਂ ਇਹ ਪਾਰਟੀਆਂ ਅਤੇ ਆਗੂ ਉਹੀ ਦਾਅਵੇ ਕਰਨ ਜਿਹਨਾਂ ਨੂੰ ਪੂਰਾ ਕਰਨ ਦੇ ਉਹ ਸਮਰਥ ਹਨ ਅਤੇ ਖੋਖਲੇ ਵਾਇਦੇ ਕਰਕੇ ਜਨਤਾ ਨੂੰ ਮੂਰਖ ਬਣਾਉਣ ਵਾਲੇ ਤਮਾਮ ਆਗੂਆਂ ਅਤੇ ਪਾਰਟੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ|

Leave a Reply

Your email address will not be published. Required fields are marked *