ਸਿਆਸੀ ਪਾਰਟੀਆਂ ਤੋਂ ਖਤਮ ਹੁੰਦਾ ਜਾ ਰਿਹਾ ਹੈ ਲੋਕਾਂ ਦਾ ਭਰੋਸਾ

ਪਿਛਲੇ ਸਮੇਂ  ਦੌਰਾਨ ਸਾਡੇ ਦੇਸ਼ ਦੀਆਂ ਲਗਭਗ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵਲੋਂ ਦੇਸ਼ ਹਿੱਤ ਦੀ ਥਾਂ ਨਿੱਜੀ ਹਿੱਤਾਂ ਨੂੰ ਪਹਿਲ ਦਿੱਤੇ ਜਾਣ, ਭਾਈ ਭਤੀਜਾਵਾਦ ਨੂੰ ਬੜ੍ਹਾਵਾ ਦੇਣ ਅਤੇ ਰਾਜਨੀਤੀ ਦਾ ਪੱਧਰ ਲਗਾਤਾਰ ਹੇਠਾਂ ਅਤੇ ਹੋਰ ਹੇਠਾਂ ਡਿਗਣ ਕਾਰਨ ਆਮ ਜਨਤਾ ਦਾ ਦੇਸ਼ ਦੇ ਰਾਜਨੀਤਿਕ ਢਾਂਚੇ ਤੋਂ ਜਿਵੇਂ ਭਰੋਸਾ ਹੀ ਖਤਮ ਹੁੰਦਾ ਦਿਖ ਰਿਹਾ ਹੈ| ਤਿੰਨ ਸਾਲ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਦੇਸ਼ ਦੀ ਜਨਤਾ ਨੇ  ਦੇਸ਼ ਦੀ ਆਜਾਦੀ ਦੀ ਲੜਾਈ ਦੀ ਅਗਵਾਈ ਤੋਂ ਲੈ ਕੇ ਪਿਛਲੇ 60 ਸਾਲ ਤਕ ਦੇਸ਼ ਦੀ ਸੱਤਾ ਚਲਾਉਣ ਵਾਲੀ ਕਾਂਗਰਸ ਪਾਰਟੀ ਨੂੰ ਬੁਰੀ ਤਰ੍ਹਾਂ ਨਕਾਰ ਕੇ ਇਹ ਜਾਹਿਰ ਕਰ ਦਿੱਤਾ ਸੀ ਕਿ ਕਾਂਗਰਸ ਪਾਰਟੀ ਨੇ ਦੇਸ਼ਵਾਸੀਆਂ ਦਾ ਭਰੋਸਾ ਗਵਾ ਦਿੱਤਾ ਹੈ ਅਤੇ ਮੌਜੂਦਾ ਹਾਲਾਤ ਇਹ ਹੋ ਗਏ ਹਨ ਕਿ ਕਾਂਗਰਸ ਪਾਰਟੀ ਨੂੰ ਹਰਾ ਕੇ ਦੇਸ਼ ਦੀ ਸੱਤਾ ਤੇ ਕਾਬਜ ਹੋਣ ਵਾਲੀ  ਭਾਰਤੀ ਜਨਤਾ ਪਾਰਟੀ ਦੀ ਭਰੋਸੇਯੋਗਤਾ ਵੀ ਹੁਣ ਦਾਅ ਤੇ ਲੱਗ ਗਈ ਹੈ| ਪਿਛਲੇ ਸਮੇਂ ਦੌਰਾਨ ਕੇਂਦਰ ਦੀ ਸੱਤਾ ਤੇ ਕਾਬਿਜ ਐਨ ਡੀ ਏ ਸਰਕਾਰ ਦੇ ਮੰਤਰੀਆਂ ਤੋਂ ਲੈ ਕੇ ਭਾਜਪਾ ਦੀ ਸਰਕਾਰ ਵਾਲੇ ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਮੰਤਰੀਆਂ ਉੱਪਰ ਜਿਸ ਤਰੀਕੇ ਨਾਲ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਨਿੱਜੀ ਹਿੱਤ ਪੂਰਨ ਦੇ ਇਲਜਾਮ ਲੱਗਦੇ ਰਹੇ ਹਨ ਉਸਨੇ ਭਾਰਤੀ ਜਨਤਾ ਪਾਰਟੀ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਨਾਲ ਆਮ ਜਨਤਾ ਦਾ ਭਰੋਸਾ ਵੀ ਲਗਭਗ ਖਤਮ ਹੀ ਕਰ ਦਿੱਤਾ ਹੈ|
ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਜਨਤਾ ਵਿੱਚ ਰਾਜਨੀਤਿਕ ਆਗੂਆਂ ਦੀ ਸਾਖ ਦੇ ਡਿੱਗਦੇ ਪੱਧਰ ਦਾ ਇਹ ਮਾਮਲਾ ਸਿਰਫ ਰਾਸ਼ਟਰੀ ਪਾਰਟੀਆਂ ਤਕ ਹੀ ਸੀਮਿਤ ਹੈ| ਦੇਸ਼ ਦੀਆਂ ਇਹਨਾਂ ਦੋ ਮੁੱਖ ਰਾਜਨੀਤਿਕ ਪਾਰਟੀਆਂ  (ਭਾਜਪਾ ਅਤੇ ਕਾਂਗਰਸ) ਤੋਂ ਇਲਾਵਾ ਹੋਰ ਜਿੰਨੀਆਂ ਵੀ ਖੇਤਰੀ ਪਾਰਟੀਆਂ ਹਨ ਉਹਨਾਂ ਦੀ ਭਰੋਸੇਯੋਗਤਾ ਤਾਂ ਪਹਿਲਾਂ ਤੋਂ ਹੀ ਦਾਅ ਤੇ ਹੈ| ਖੇਤਰੀ ਪਾਰਟੀਆਂ ਦੀ ਤਾਂ ਇਹ ਹਾਲਤ ਹੈ ਕਿ ਉਹਨਾਂ ਦੀ ਪੂਰੀ ਰਾਜਨੀਤੀ ਕਿਸੇ ਵਿਅਕਤੀ ਵਿਸ਼ੇਸ਼ ਜਾਂ ਉਸਦੇ ਪਰਿਵਾਰ ਦੇ ਆਸਪਾਸ ਹੀ ਘੁੰਮਦੀ ਹੈ| ਅਕਾਲੀ ਦਲ, ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ, ਅੰਨਾ ਡੀ ਐਮ ਕੇ, ਡੀ ਐਮ ਕੇ, ਟੀ ਡੀ ਪੀ, ਆਰ ਜੇ ਡੀ, ਬੀਜੂ ਜਨਤਾ ਦਲ, ਤ੍ਰਿਣਮੂਲ ਕਾਂਗਰਸ ਆਦਿ ਅਜਿਹੀਆਂ ਤਮਾਮ ਰਾਜਨੀਤਿਕ ਪਾਰਟੀਆਂ ਆਪਣੇ ਪ੍ਰਧਾਨ ਅਤੇ ਉਸਦੇ ਪਰਿਵਾਰ ਦੀ ਨਿੱਜੀ ਕੰਪਨੀ ਵਾਂਗ ਹੀ ਕੰਮ ਕਰਦੀਆਂ ਆਈਆਂ ਹਨ ਅਤੇ ਇਹਨਾਂ ਪਾਰਟੀਆਂ ਵਿੱਚ ਅੰਦਰੂਨੀ ਲੋਕਤੰਤਰ ਲਾਗੂ ਹੋਣ ਦੀ ਗੱਲ ਸੁਫਨੇ ਵਿੱਚ ਵੀ ਨਹੀਂ ਸੋਚੀ ਜਾ ਸਕਦੀ|
ਸਾਡੇ ਇਹ ਰਾਜਨੀਤਿਕ ਆਗੂ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਸਮਝਦੇ ਹਨ ਕਿ ਆਮ ਲੋਕਾਂ ਦਾ ਭਰੋਸਾ ਉਹਨਾਂ ਤੋਂ ਕਿਸ ਕਦਰ ਖਤਮ ਹੁੰਦਾ ਜਾ ਰਿਹਾ ਹੈ ਪੰਰਤੂ ਇਸਦੇ ਬਾਵਜੂਦ ਉਹ ਆਏ ਦਿਨ ਨਵੇਂ ਨਵੇਂ ਤਰੀਕੇ ਲੱਭ ਕੇ ਸੱਤਾ ਹਾਸਿਲ ਕਰਨ ਦੀ ਦੌੜ ਵਿੱਚ ਲੱਗੇ ਰਹਿੰਦੇ ਹਨ| ਹਾਲਾਂਕਿ ਹੁਣ ਜਨਤਾ ਵੀ ਆਪਣੇ ਇਹਨਾਂ ਆਗੂਆਂ ਨੂੰ ਉਹਨਾਂ ਦੇ ਹੀ ਤਰੀਕੇ ਨਾਲ ਜਵਾਬ ਦੇਣ ਲੱਗ ਪਈ ਹੈ ਅਤੇ ਕੁੱਝ ਸਮਾਂ ਪਹਿਲਾਂ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਜਨਤਾ ਵਲੋਂ ਪੰਜਾਬ ਵਿੱਚ ਅਕਾਲੀ ਦਲ ਅਤੇ ਉੱਤਰ          ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਦਾ ਜੋ ਹਾਲ ਕੀਤਾ ਗਿਆ ਹੈ ਉਸਨੇ ਇਹ ਜਾਹਿਰ ਕਰ ਦਿੱਤਾ ਹੈ ਕਿ ਇਹਨਾਂ ਪਾਰਟੀਆਂ ਦੀ ਸ਼ਿਖਰ ਅਗਵਾਈ ਵਲੋਂ ਆਪਣੀਆਂ ਸਿਆਸੀ ਪਾਰਟੀਆਂ ਨੂੰ ਆਪਣੀ ਨਿੱਜੀ ਕੰਪਨੀ ਵਾਂਗ ਚਲਾਉਣ ਦੀ ਕਾਰਵਾਈ ਨੂੰ ਉਹ ਬਰਦਾਸ਼ਤ ਕਰਨ ਵਾਲੀ ਨਹੀਂ ਹੈ|
ਸਾਡੇ ਇਹਨਾਂ ਰਾਜਨੀਤਿਕ ਆਗੂਆਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਉਹਨਾਂ ਨੇ ਆਪਣੀ ਕਾਰਗੁਜਾਰੀ ਵਿੱਚ ਸੁਧਾਰ ਨਾ ਲਿਆਂਦਾ ਅਤੇ ਖੁਦ ਨੂੰ ਆਮ ਜਨਤਾ ਦੇ ਪ੍ਰਤੀ ਜਵਾਬਦੇਹ ਨਾ ਬਣਾਇਆ ਤਾਂ ਆਉਣ ਵਾਲੇ ਸਮੇਂ ਵਿੱਚ ਜਨਤਾ ਵਲੋਂ ਉਹਨਾਂ ਨੂੰ ਪੂਰੀ ਤਰ੍ਹਾਂ ਰੱਦ ਵੀ ਕੀਤਾ ਜਾ ਸਕਦਾ ਹੈ| ਇਸਤੋਂ ਪਹਿਲਾਂ ਕਿ ਇਹਨਾਂ ਪਾਰਟੀਆਂ ਤੋਂ  ਆਮ ਲੋਕਾਂ ਦਾ ਭਰੋਸਾ ਪੂਰੀ ਤਰ੍ਹਾਂ ਉਠ ਜਾਵੇ ਇਹਨਾਂ ਪਾਰਟੀਆਂ ਨੂੰ ਆਪਣੀ ਕਾਰਗੁਜਾਰੀ ਵਿੱਚ ਸੁਧਾਰ ਕਰਕੇ ਖੁਦ ਨੂੰ ਜਨਤਾ ਦੇ ਪ੍ਰਤੀ  ਜਵਾਬਦੇਹ ਬਣਾਉਣਾ ਚਾਹੀਦਾ ਹੈ ਅਤੇ ਨਿੱਜੀ ਹਿੱਤਾਂ ਤੋਂ ਉੱਪਰ ਉਠ ਕੇ ਆਮ ਜਨਤਾ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਤਾਂ ਹੀ ਉਹਨਾਂ ਦੀ ਸਾਰਥਕਤਾ ਵੀ ਕਾਇਮ ਰਹਿ ਸਕੇਗੀ|

Leave a Reply

Your email address will not be published. Required fields are marked *