ਸਿਆਸੀ ਪਾਰਟੀਆਂ ਦੀ ਸੋਸ਼ਲ ਮੀਡੀਆ ਤੇ ਵੱਧਦੀ ਨਿਰਭਰਤਾ

ਮੌਜੂਦਾ ਕੇਂਦਰ ਸਰਕਾਰ ਆਪਣੇ ਕਾਰਜਕਾਲ ਦੇ ਸਾਢੇ ਤਿੰਨ ਸਾਲ ਦਾ ਸਮਾਂ ਪੂਰਾ ਕਰ ਚੁੱਕੀ ਹੈ ਅਤੇ 2019 ਵਿੱਚ ਹੋਣ ਵਾਲੀਆਂ ਲੋਕਸਭਾ ਚੋਣਾਂ ਲਈ ਮੈਦਾਨ ਵੀ ਸਜਣਾ ਸ਼ੁਰੂ  ਹੋ ਗਿਆ ਹੈ| ਇਸ ਦੌਰਾਨ ਸਾਰੀਆਂ ਹੀ ਪਾਰਟੀਆਂ ਦੀ ਆਪਣੇ ਹੱਕ ਵਿੱਚ ਅਤੇ ਵਿਰੋਧੀਆਂ ਦੇ ਖਿਲਾਫ ਕੀਤੇ ਜਾਣ ਵਾਲੇ ਪ੍ਰਚਾਰ ਲਈ ਸੋਸ਼ਲ ਮੀਡੀਆ ਤੇ ਨਿਰਭਰਤਾ ਵੀ ਲਗਾਤਾਰ ਵੱਧ ਰਹੀ ਹੈ ਅਤੇ ਸਾਰੀਆਂ ਹੀ ਧਿਰਾਂ ਵਲੋਂ ਰੋਜਾਨਾਂ ਨਵੇਂ ਨਵੇਂ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਵਿਰੋਧੀਆਂ ਦੇ ਖਿਲਾਫ ਪ੍ਰਚਾਰ ਦੀ ਧਾਰ ਤਿੱਖੀ ਕਰ ਦਿੱਤੀ ਗਈ ਹੈ| ਚੋਣਾਂ ਵਿੱਚ ਭਾਵੇਂ ਹੁਣੇ ਡੇਢ ਸਾਲ ਦਾ ਸਮਾਂ ਪਿਆ ਹੈ ਪਰੰਤੂ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਬਾਕਾਇਦਾ ਸੋਚੀ ਸਮਝੀ ਰਣਨੀਤੀ ਦੇ ਤਹਿਤ ਵੱਖ ਵੱਖ ਪਾਰਟੀਆਂ ਦੇ ਵੱਡੇ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦੇ ਖਿਲਾਫ ਝੂਠੀਆਂ ਸੱਚੀਆਂ ਟਿੱਪਣੀਆਂ ਅਤੇ ਗੁੰਮਰਾਹਕੁੰਨ ਖਬਰਾ ਫੈਲਾਈਆਂ ਜਾ ਰਹੀਆਂ ਹਨ ਅਤੇ ਇੱਕ ਦੂਜੇ ਦਾ ਅਕਸ ਖਰਾਬ ਕਰਨ ਦੀ ਇਹ ਕਾਰਵਾਈ ਪੂਰੇ ਜੋਰ ਸ਼ੋਰ ਨਾਲ ਚਲਾਈ ਜਾ ਰਹੀ ਹੈ| ਹਾਲਾਤ ਇਹ ਹਨ ਕਿ ਇਸ ਸਮੇਂ ਫੇਸਬੁੱਕ, ਵੱਟਸਅਪ ਅਤੇ ਹੋਰਨਾਂ ਸੋਸ਼ਲ ਨੈਟਵਰਕਿੰਗ  ਸਾਈਟਾਂ ਉਪਰ ਜਿਆਦਾਤਰ ਵੱਖ ਵੱਖ ਸਿਆਸੀ ਪਾਰਟੀਆਂ ਦੇ ਕਥਿਤ ਸਮਰਥਕਾਂ ਵਲੋਂ ਕੀਤਾ ਜਾ ਰਿਹਾ ਪ੍ਰਚਾਰ ਹੀ ਵੱਧ ਦਿਖਦਾ ਹੈ|
ਅਸੀਂ ਸਾਰੇ ਹੀ ਜਾਣਦੇ ਹਾਂ ਕਿ ਪਿਛਲੀ ਵਾਰ ਹੋਈਆਂ ਲੋਕਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਵਲੋਂ ਆਪਣੇ ਪ੍ਰਚਾਰ ਲਈ ਸੋਸ਼ਲ ਮੀਡੀਆ ਦੀ ਰੱਜ ਕੇ ਵਰਤੋਂ ਕੀਤੀ ਗਈ ਸੀ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਮੇਤ ਭਾਜਪਾ ਆਗੂਆਂ ਦੇ ਪ੍ਰਚਾਰ ਵਾਸਤੇ ਸੋਸ਼ਲ ਮੀਡੀਆਂ ਦਾ ਸਹਾਰਾ ਲੈਣ ਵਾਲੀ ਭਾਜਪਾ ਵਲੋਂ ਉਸ ਵੇਲੇ ਦੀ ਸੱਤਾਧਾਰੀ ਪਾਰਟੀ ਕਾਂਗਰਸ ਦਾ ਮਜਾਕ ਉੜਾਉਣ ਲਈ ਵੀ ਸੋਸ਼ਲ ਮੀਡੀਆ ਦੀ ਹੀ ਵਰਤੋਂ ਕੀਤੀ ਜਾਂਦੀ ਸੀ|ਉਸਤੋਂ ਬਾਅਦ ਤੋਂ ਹੀ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਆਪਣੇ ਪ੍ਰਚਾਰ ਲਈ ਸੋਸ਼ਲ ਮੀਡੀਆ ਨੂੰ ਵੱਧ ਅਹਿਮੀਅਤ ਦਿੱਤੀ ਜਾਣ ਲੱਗ ਪਈ ਹੈ| ਇਸਦਾ ਇੱਕ ਕਾਰਨ ਇਹ ਵੀ ਹੈ ਕਿ ਸੋਸ਼ਲ ਮੀਡੀਆ ਤੇ ਕੀਤੇ ਜਾਣ ਵਾਲੇ ਇਸ ਪ੍ਰਚਾਰ (ਅਤੇ ਵਿਰੋਧੀਆਂ ਬਾਰੇ ਕੀਤੇ ਜਾਣ ਵਾਲੇ ਮਾੜੇ ਪ੍ਰਚਾਰ) ਉੱਤੇ ਨਾ ਤਾਂ ਕੋਈ ਬੰਦਿਸ਼ ਲਾਗੂ ਹੈ ਅਤੇ ਨਾ ਹੀ ਇਸ ਉੱਪਰ ਕੋਈ ਨਿਯਮ ਹੀ ਲਾਗੂ ਹੁੰਦਾ ਹੈ|
ਇਹ ਵੀ ਕਿਹਾ ਜਾ ਸਕਦਾ ਹੈ ਕਿ ਵੱਖ ਵੱਖ ਸਿਆਸੀ ਪਾਰਟੀਆ ਵਲੋਂ ਸੋਸ਼ਲ ਮੀਡੀਆ ਉੱਪਰ ਆਪਣੇ ਸਿਆਸੀ ਵਿਰੋਧੀਆਂ ਨੂੰ ਗਲਤ ਅਤੇ ਖੁਦ ਨੂੰ ਠੀਕ ਸਾਬਿਤ ਕਰਨ ਲਈ ਪੂਰੀ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਝੂਠੇ ਸੱਚੇ ਤੱਥ ਜਾਰੀ ਕਰਕੇ ਆਮ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ| ਇਸ ਦੌੜ ਵਿੱਚ ਸਾਰੀਆਂ ਹੀ ਪਾਰਟੀਆਂ ਸ਼ਾਮਿਲ ਹਨ ਅਤੇ  ਇਹ ਸਾਰੇ ਹੀ ਆਪਣੇ ਆਪਣੇ ਢੰਗ ਨਾਲ ਆਪਣੇ ਹੱਕ ਵਿੱਚ ਇਸ ਕਾਰਵਾਈ ਨੂੰ ਅੰਜਾਮ ਦੇ ਰਹੇ ਹਨ| ਜਿਵੇਂ ਜਿਵੇਂ ਲੋਕ ਸਭਾ ਚੋਣਾ ਦਾ ਸਮਾਂ ਨੇੜੇ ਆਉਣਾ ਹੈ ਸੋਸ਼ਲ ਮੀਡੀਆ ਤੇ ਕੀਤੇ ਜਾਣ ਵਾਲੇ ਇਸ ਪ੍ਰਚਾਰ ਨੇ ਹੋਰ ਵੀ ਜੋਰ ਫੜਣਾ ਹੈ| ਚੋਣਾਂ ਦੌਰਾਨ ਸੋਸ਼ਲ ਮੀਡੀਆ ਤੇ ਵੱਖੋ ਵੱਖਰੀਆਂ ਸਿਆਸੀ ਪਾਰਟੀਆਂ ਦੇ ਨਾਲ ਨਾਲ ਉਹਨਾਂ ਦੇ ਆਗੂਆਂ ਦੀ ਨਿੱਜੀ ਸਰਗਰਮੀਆਂ ਅਤੇ ਪ੍ਰਚਾਰ  ਦਾ ਅਮਲ ਵੀ ਜੋਰ ਫੜ ਜਾਂਦਾ ਹੈ ਅਤੇ ਸਾਰੇ ਹੀ ਸਿਆਸੀ  ਆਗੂਆਂ ਵਲੋਂ ਆਪਣੇ ਨਾਲ ਅਜਿਹੇ ਬੰਦੇ ਰੱਖੇ ਜਾਂਦੇ ਹਨ, ਜੋ ਉਹਨਾਂ ਦੀ ਹਰ ਸਰਗਰਮੀ ਨੂੰ (ਤਸਵੀਰਾਂ ਸਮੇਤ) ਸੋਸ਼ਲ ਮੀਡੀਆ ਉਪਰ  ਸ਼ੇਅਰ ਕਰਦੇ ਹਨ| ਇਸਦੇ ਨਾਲ ਨਾਲ ਸੋਸ਼ਲ ਮੀਡੀਆ ਤੇ ਉਪਰ ਵੱਖ ਵੱਖ ਵਿਅਕਤੀਆਂ ਵਿਚਾਲੇ ਬਹਿਸ ਵੀ ਹੁੰਦੀ ਹੈ ਜਿਹੜੀ ਅਕਸਰ ਹੀ ਗੱਲ ਬਾਤ ਦੇ ਪੱਧਰ ਤੋਂ ਵੱਧ ਕੇ ਧਮਕੀਆਂ ਦੇਣ ਤੱਕ ਚਲੀ ਜਾਂਦੀ ਹੈ| ਇਸ ਦੌਰਾਨ ਹਰ ਰਾਜਸੀ ਪਾਰਟੀ ਦਾ ਸਮਰਥਕ ਆਪਣੀ ਪਾਰਟੀ ਨੂੰ ਸਹੀ ਦੱਸਦਾ ਹੈ ਅਤੇ ਦੂਜੀਆਂ ਪਾਰਟੀਆਂ ਦੀ ਨਿੰਦਾ ਕਰਦਾ ਹੈ|
ਅਸਲੀਅਤ ਇਹ ਹੈ ਕਿ ਸੋਸ਼ਲ ਮੀਡੀਆ ਹੁਣ ਇਹਨਾਂ ਸਿਆਸੀ ਪਾਰਟੀਆਂ ਦੀ ਲੜਾਈ ਦਾ ਅਖਾੜਾ ਬਣ ਚੁੱਕੀਆਂ ਹਨ ਅਤੇ ਜਿਵੇਂ ਜਿਵੇਂ ਦੇਸ਼ ਵਾਸੀਆਂ ਦੀ ਸੋਸ਼ਲ ਮੀਡੀਆ ਤੇ ਸਰਗਰਮੀ ਵੱਧ ਰਹੀ ਹੈ ਇਹਨਾਂ ਸਿਆਸੀ ਪਾਰਟੀਆਂ ਦੀ ਇਸਤੇ ਨਿਰਭਰਤਾ ਵੀ ਲਗਾਤਾਰ ਵੱਧ ਰਹੀ ਹੈ| ਇਸਤੋਂ ਪਹਿਲਾਂ ਜਿਸ ਤਰੀਕੇ ਨਾਲ  ਭਾਜਪਾ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਸੋਸ਼ਲ ਮੀਡੀਆ ਉਪਰ ਆਪਣੇ ਪੱਖ ਵਿਚ ਲਹਿਰ ਚਲਾਉਣ ਵਿਚ ਕਾਮਯਾਬ ਰਹੀਆਂ ਸਨ ਉਸੇ ਦਾ ਅਸਰ ਹੈ ਕਿ ਹੁਣ ਸਾਰੀਆਂ ਹੀ ਪਾਰਟੀਆਂ ਇਸਦੀ ਵਰਤੋਂ ਲਈ ਪੱਬਾਂ ਭਾਰ ਹਨ ਅਤੇ ਆਉਣ ਵਾਲੇ ਦਿਨ:ਾਂ ਵਿੱਚ ਸਾਡੀਆਂ ਇਹਨਾਂ ਸਿਆਸੀ ਪਾਰਟੀਆਂ ਦੀ ਸੋਸ਼ਲ ਮੀਡੀਆ ਤੇ ਨਿਰਭਰਤਾ ਹੋਰ ਵੀ ਵੱਧਣੀ ਹੈ|

Leave a Reply

Your email address will not be published. Required fields are marked *