ਸਿਆਸੀ ਪਾਰਟੀਆਂ ਵਲੋਂ ਜਨਰਲ ਵਰਗ ਵਿਰੁੱਧ ਲਏ ਜਾ ਰਹੇ ਸਿਆਸੀ ਫੈਸਲਿਆਂ ਵਿਰੁੱਧ ਰੋਸ ਪ੍ਰਗਟਾਇਆ

ਐਸ ਏ ਐਸ ਨਗਰ, 30 ਮਾਰਚ (ਸ.ਬ.) ਜਨਰਲ ਵਰਗ ਦੇ ਲੋਕਾਂ ਦੀ ਨੁਮਾਇੰਦਗੀ ਕਰਦੀ ਜਥੇਬੰਦੀ ਜਨਰਲ ਕੈਟਾਗਰੀਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਸੂਬਾਈ ਆਗੂਆਂ ਨੇ ਸਿਆਸੀ ਪਾਰਟੀਆਂ ਵਿਰੁੱਧ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਦੇਸ਼ ਵਿੱਚ ਨਿਆਂ ਪ੍ਰਣਾਲੀ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ| ਸਿਆਸੀ ਪਾਰਟੀਆਂ ਆਪਣੇ ਆਪਣੇ ਵੋਟ ਬੈਂਕ ਨੂੰ ਬਚਾਉਣ ਨਿਆਂ ਪ੍ਰਣਾਲੀ ਦੇ ਫੈਸਲਿਆਂ ਨੂੰ ਬਦਲਣ ਲਈ ਤਰਲੋ-ਮੱਛੀ ਹੋ ਰਹੀਆਂ ਹਨ ਜਦੋਂਕਿ ਨਿਆਂ ਪ੍ਰਣਾਲੀ ਵਲੋਂ ਲਏ ਗਏ ਫੈਸਲੇ ਤੱਥਾਂ ਤੇ ਅਧਾਰਿਤ ਅਤੇ ਸੰਵਿਧਾਨਕ ਤੌਰ ਤੇ ਬਿਲਕੁਲ ਠੀਕ ਹਨ| ਇਸ ਦੇ ਬਾਵਜੂਦ ਸਿਆਸੀ ਪਾਰਟੀਆਂ ਬਿਨ੍ਹਾਂ ਕਿਸੇ ਦਲੀਲ ਤੋਂ ਇਨ੍ਹਾਂ ਫੈਸਲਿਆਂ ਨੂੰ ਬਦਲਣ ਦੀ ਕੋਸ਼ਿਸ ਕਰ ਰਹੀਆਂ ਹਨ ਜਿਸ ਵਿੱਚ ਜਨਰਲ ਵਰਗ ਦੇ ਲੋਕਾਂ ਵਿੱਚ ਰੋਸ ਦੀ ਲਹਿਰ ਫੈਲ ਰਹੀ ਹੈ| ਉਹਨਾਂ ਕਿਹਾ ਕਿ ਪਿਛਲੇ ਦਿਨੀਂ ਮਾਨਯੋਗ ਸੁਪਰੀਮ ਕੋਰਟ ਵਲੋਂ ਐਸ.ਸੀ.ਅਤੇ ਐਸ.ਟੀ ਐਕਟ ਸਬੰਧੀ ਜੋ ਫੈਸਲਾ ਤੱਥਾਂ ਦੇ ਆਧਾਰ ਤੇ ਸੁਣਾਇਆ ਗਿਆ ਹੈ, ਉਸ ਵਿੱਚ ਕਿਹਾ ਗਿਆ ਹੈ ਕਿ ਐਟਰੋਸਿਟੀ ਐਕਟ ਅਧੀਨ ਆਈ ਸ਼ਿਕਾਇਤ ਦੇ ਆਧਾਰ ਤੇ ਤੁਰੰਤ ਗ੍ਰਿਫਤਾਰੀ ਨਾ ਹੋਵੇ ਸਗੋਂ ਘੱਟੋ ਘੱਟ ਡੀ.ਐਸ.ਪੀ ਰੈਂਕ ਦੇ ਅਧਿਕਾਰੀ ਤੋਂ ਪੜਤਾਲ ਕਰਵਾ ਕੇ ਦੋਸ਼ੀ ਪਾਏ ਜਾਣ ਤੇ ਹੀ ਗ੍ਰਿਫਤਾਰੀ ਕੀਤੀ ਜਾਵੇ| ਉਹਨਾਂ ਕਿਹਾ ਕਿ ਮਾਨਯੋਗ ਸੁਪਰੀਮ ਦੇ ਸਾਹਮਣੇ ਇਹ ਤੱਥ ਰੱਖੇ ਗਏ ਹਨ ਕਿ ਇਨ੍ਹਾਂ ਮਾਮਲਿਆਂ ਵਿੱਚ ਜ਼ਿਆਦਾਤਰ ਮਾਮਲੇ ਝੂਠੇ ਪਾਏ ਜਾਂਦੇ ਹਨ| ਆਗੂਆਂ ਨੇ ਕਿਹਾ ਕਿ ਹੁਣ ਇਸ ਫੈਸਲੇ ਨੂੰ ਸਿਆਸੀ ਪਾਰਟੀਆਂ ਬਦਲਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ ਜਦੋਂਕਿ ਇਸ ਫੈਸਲੇ ਵਿੱਚ ਕੁਝ ਵੀ ਗਲਤ ਨਹੀਂ ਅਤੇ ਇਹ ਫੈਸਲਾ ਸਿਰਫ ਝੂਠੇ ਮਾਮਲਿਆਂ ਨੂੰ ਰੋਕਣ ਲਈ ਸੁਣਾਇਆ ਗਿਆ ਹੈ| ਫੈਡਰੇਸ਼ਨ ਦੇ ਆਗੂਆਂ ਨੇ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਸਵਾਲ ਕੀਤਾ ਹੈ ਕਿ ਅਜਿਹੇ ਮਾਮਲਿਆਂ ਵਿੱਚ ਪੜਤਾਲ ਕਰਵਾਉਣਾ ਕਿਉਂ ਗਲਤ ਹੈ| ਜਦੋਂਕਿ 70 ਫੀਸਦੀ ਮਾਮਲੇ ਝੂਠੇ ਪਾਏ ਗਏ ਹਨ| ਇਸ ਸਬੰਧੀ ਉਹਨਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਸਵਾਲ ਕੀਤਾ ਹੈ ਕਿ ਜਦੋਂ ਉਹ ਆਪਣੇ ਤੇ ਦਰਜ ਹੋਏ ਮਾਮਲੇ ਸਮੇਂ ਝੂਠਾ ਹੋਣ ਦਾ ਢੰਡੋਰਾ ਪਿੱਟ ਕੇ ਪੜਤਾਲ ਕਰਵਾਉਣ ਦੀ ਮੰਗ ਕਰ ਰਹੇ ਸਨ ਤੇ ਹੁਣ ਮਾਨਯੋਗ ਸੁਪਰੀਮ ਕੋਰਟ ਵਲੋਂ ਪੜਤਾਲ ਕਰਵਾਉਣ ਦੀ ਦਲੀਲ ਨੂੰ ਕਿਵੇਂ ਭੰਡ ਰਹੇ ਹਨ ਜਦੋਂਕਿ ਉਹ ਆਪਣੇ ਕੇਸਾਂ ਵਿੱਚ ਸਪੁਰੀਮ ਕੋਰਟ ਵਲੋਂ ਸਟੇਅ ਦੇਣ ਤੇ ਨਿਆਂ ਪ੍ਰਣਾਲੀ ਵਿੱਚ ਵਿਸ਼ਵਾਸ਼ ਪ੍ਰਗਟ ਕਰ ਰਹੇ ਸਨ| ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਵਲੋਂ ਵੀ ਆਪਣੀ ਹਮ-ਖਿਆਲੀ ਪਾਰਟੀਆਂ ਨਾਲ ਮਿਲ ਕੇ ਇਸ ਫੈਸਲੇ ਵਿਰੁੱਧ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਜਿਸ ਦੀ ਫੈਡਰੇਸ਼ਨ ਨਿਖੇਧੀ ਕਰਦੀ ਹੈ| ਉਹਨਾਂ ਕਿਹਾ ਕਿ ਕੇਂਦਰ ਵਲੋਂ ਇਹ ਕਹਿਣਾ ਕਿ ਐਸ.ਸੀ ਅਤੇ ਐਸ.ਟੀ ਵਿੱਚ ਕੋਈ ਵੀ ਕ੍ਰੀਮੀਲੇਅਰ ਹੀ ਨਹੀਂ ਹੈ ਸਗੋਂ ਇਹ ਸਾਰਾ ਭਾਈਚਾਰਾ ਪਛੜਿਆ ਹੋਇਆ ਹੈ, ਹਾਸੋਹੀਣਾ ਹੈ| ਜਦੋਂਕਿ ਇਨ੍ਹਾਂ ਵਰਗਾਂ ਵਿੱਚ ਅਰਬਾਂਪਤੀ ਅਤੇ ਕਰੋੜਾਂਪਤੀ ਲੋਕ ਹਨ, ਜਿਹੜੇ ਕਿ ਆਪਣੇ ਗਰੀਬ ਭਾਈਚਾਰੇ ਤੱਕ ਰਾਖਵੇਂਕਰਨ ਦਾ ਲਾਭ ਨਹੀਂ ਪਹੁੰਚਣ ਦਿੰਦੇ ਅਤੇ ਸਿਰਫ ਮੁੱਠੀਭਰ ਅਮੀਰ ਲੋਕ ਹੀ ਰਾਖਵੇਂਕਰਨ ਦਾ ਵਾਰ-ਵਾਰ ਲਾਭ ਲੈ ਰਹੇ ਹਨ| ਇਸ ਮੌਕੇ ਸੂਬਾ ਪ੍ਰਧਾਨ ਸੁਖਬੀਰ ਇੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਬਰਾੜ ਅਤੇ ਜਸਵੀਰ ਸਿੰਘ ਗੜਾਂਗ ਹਾਜਰ ਸਨ|

Leave a Reply

Your email address will not be published. Required fields are marked *