ਸਿਆਸੀ ਪਾਰਟੀਆਂ ਵਲੋਂ ਰੈਲੀਆਂ ਦੀ ਰਾਜਨੀਤੀ ਨਾਲ ਆਪਣੀ ਖਿਸਕਦੀ ਜਮੀਨ ਬਚਾਉਣ ਦੀ ਕਵਾਇਦ

ਐਤਵਾਰ ਨੂੰ ਪੰਜਾਬ ਵਿੱਚ ਤਿੰਨ ਵੱਖ ਵੱਖ ਥਾਵਾਂ ਤੇ ਹੋਈਆਂ ਵੱਡੀਆਂ ਰੈਲੀਆਂ ਨੇ ਪੰਜਾਬ ਦੇ ਪੂਰੇ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਇਸ ਦਿਨ ਤਿੰਨ ਵੱਖ ਵੱਖ ਸਿਆਸੀ ਧਿਰਾਂ ਨੇ ਇੱਕ ਦੂਜੇ ਨੂੰ ਵੰਗਾਰਦਿਆਂ ਆਪਣੀਆਂ ਵੱਖਰੀਆਂ ਰੈਲੀਆਂ ਕਰਕੇ ਨਾ ਸਿਰਫ ਆਪਣੀ ਰਾਜਨੀਤਿਕ ਤਾਕਤ ਦਾ ਪ੍ਰਗਟਾਵਾ ਕੀਤਾ ਹੈ ਬਲਕਿ ਇਹਨਾਂ ਤਿੰਨਾ ਧਿਰਾਂ ਵਲੋਂ ਆਪਣੀ ਖਿਸਕ ਰਹੀ ਸਿਆਸੀ ਜਮੀਨ ਨੂੰ ਕਾਇਮ ਰੱਖਣ ਦੀ ਇਸ ਕਵਾਇਦ ਦੌਰਾਨ ਆਪਣੀਆਂ ਰੈਲੀਆਂ ਵਿੱਚ ਵੱਧ ਤੋਂ ਵੱਧ ਭੀੜ ਇਕੱਤਰ ਕਰਨ ਲਈ ਆਪਣੀ ਪੂਰੀ ਵਾਹ ਲਗਾਈ ਗਈ ਹੈ|
ਅਕਾਲੀ ਦਲ ਵਲੋਂ ਜਿੱਥੇ ਪੰਜਾਬ ਸਰਕਾਰ ਦੇ ਕਥਿਤ ਜਬਰ ਦੇ ਵਿਰੁੱਧ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ (ਪਟਿਆਲੇ) ਵਿੱਚ ਰੈਲੀ ਕੀਤੀ ਗਈ ਹੈ ਉੱਥੇ ਉਸ ਵਲੋਂ ਬਰਗਾੜੀ ਕਾਂਡ ਦੀ ਜਾਂਚ ਲਈ ਬਣੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਕਾਰਨ ਪਾਰਟੀ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਆਪਣੀ ਪੂਰੀ ਤਾਕਤ ਲਗਾ ਕੇ ਵੱਡਾ ਇਕੱਠ ਕੀਤਾ ਗਿਆ ਹੈ| ਹਾਲਾਂਕਿ ਅਕਾਲੀ ਦਲ ਦੀ ਇਸ ਰੈਲੀ ਵਿੱਚ ਮਾਝੇ ਦੇ ਜਿਆਦਾਤਰ ਟਕਸਾਲੀ ਅਕਾਲੀ ਆਗੂਆਂ ਦੀ ਗੈਰਹਾਜਰੀ ਨੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਥੋੜ੍ਹਾ ਮਾਯੂਸ ਜਰੂਰ ਕੀਤਾ ਹੈ ਪਰੰਤੂ ਰੈਲੀ ਵਿੱਚ ਜੁੜੀ ਵੱਡੀ ਭੀੜ ਨੇ ਅਕਾਲੀ ਆਗੂਆਂ ਨੂੰ ਬਾਗੋ ਬਾਗ ਕਰ ਦਿੱਤਾ ਹੈ|
ਦੂਜੇ ਪਾਸੇ ਕਾਂਗਰਸ ਪਾਰਟੀ ਵਲੋਂ ਅਕਾਲੀ ਦਲ ਦੀ ਇਸ ਰੈਲੀ ਦਾ ਜਵਾਬ ਦੇਣ ਅਤੇ ਬਰਗਾੜੀ ਕਾਂਡ ਵਿੱਚ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਘੇਰਨ ਦੀ ਆਪਣੀ ਮੁਹਿੰਮ ਦੇ ਤਹਿਤ ਸਾਬਕਾ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਦੇ ਜੱਦੀ ਹਲਕੇ (ਲੰਬੀ) ਵਿੱਚ ਹੀ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ| ਕਾਂਗਰਸ ਪਾਰਟੀ ਵਲੋਂ ਲੰਬੀ ਵਿੱਚ ਵੱਡੀ ਸਿਆਸੀ ਰੈਲੀ ਕਰਕੇ ਅਕਾਲੀ ਦਲ ਨੂੰ ਆਪਣੀ ਹੋਂਦ ਬਚਾਉਣ ਦੀ ਵੰਗਾਰ ਤਾਂ ਪਾਈ ਹੀ ਗਈ ਹੈ ਇਸਦੇ ਨਾਲ ਹੀ ਉਸਨੇ ਸੂਬੇ ਵਿੱਚ ਆਪਣੀ ਵੱਧਦੀ ਤਾਕਤ ਦਾ ਪ੍ਰਗਟਾJਾ ਵੀ ਕੀਤਾ ਹੈ|
ਪਿਛਲੀ ਵਾਰ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਤੀਜਾ ਬਦਲ ਪੇਸ਼ ਕਰਨ ਦਾ ਦਾਅਵਾ ਕਰਕੇ ਸੂਬੇ ਦੀ ਜਨਤਾ ਦਾ ਭਰਪੂਰ ਸਮਰਥਨ ਹਾਸਿਲ ਕਰਨ ਵਿੱਚ ਕਾਮਯਾਬ ਰਹੀ ਆਮ ਆਦਮੀ ਪਾਰਟੀ ਵਿੱਚੋਂ ਬਗਾਵਤ ਕਰ ਚੁੱਕੇ ਆਗੂਆਂ ਵਲੋਂ ਹੋਰਨਾਂ ਸਿਆਸੀ ਧਿਰਾਂ ਦੇ ਸਹਿਯੋਗ ਨਾਲ ਬਰਗਾੜੀ ਕਾਂਡ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਕੀਤੀ ਗਈ ਤੀਜੀ ਰੈਲੀ ਭਾਵੇਂ ਇੱਕ ਧਾਰਮਿਕ ਮੁੱਦੇ ਤੇ ਆਧਾਰਿਤ ਸੀ ਪਰੰਤੂ ਇਹ ਵੀ ਪੂਰੀ ਤਰ੍ਹਾਂ ਸਿਆਸੀ ਰੰਗਤ ਵਿੱਚ ਹੀ ਰੰਗੀ ਹੋਈ ਸੀ| ਇਸ ਰੈਲੀ ਦੌਰਾਨ ਬੁਲਾਰਿਆਂ ਨੇ ਪੰਜਾਬ ਦੀ ਸੱਤਾਧਾਰੀ ਧਿਰ ਕਾਂਗਰਸ ਅਤੇ ਵਿਰੋਧੀ ਪਾਰਟੀ ਅਕਾਲੀ ਦਲ ਤੇ ਇੱਕ ਦੂਜੇ ਨਾਲ ਅੰਦਰਖਾਤੇ ਮਿਲੇ ਹੋਣ ਦਾ ਇਲਜਾਮ ਲਗਾ ਕੇ ਆਪਣੀ ਸਿਆਸਤ ਨੂੰ ਚਮਕਾਇਆ ਅਤੇ ਇਹ ਤਿੰਨੇ ਰੈਲੀਆਂ ਵੱਖ ਵੱਖ ਸਿਆਸੀ ਧਿਰਾਂ ਵਲੋਂ ਆਪਣੀ ਆਪਣੀ ਸਿਆਸੀ ਜਮੀਨ ਨੂੰ ਕਾਇਮ ਰੱਖਣ ਦੀ ਕਵਾਇਦ ਹੀ ਹਨ|
ਇਹਨਾਂ ਰੈਲੀਆਂ ਵਿੱਚ ਸ਼ਾਮਿਲ ਹੋਣ ਵਾਲਿਆਂ ਦੀ ਵੱਡੀ ਗਿਣਤੀ ਨੂੰ ਮੁੱਖ ਰੱਖਕੇ ਇਹ ਕਿਹਾ ਜਾ ਸਕਦਾ ਹੈ ਕਿ ਇਹਨਾਂ ਰੈਲੀਆਂ ਦੇ ਆਯੋਜਕ ਵੱਡੀ ਭੀੜ ਇਕੱਤਰ ਕਰਨ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਹੇ ਹਨ ਅਤੇ ਉਹਨਾਂ ਵਲੋਂ ਹਰ ਹੀਲਾ (ਸਾਮ-ਦਾਮ-ਦੰਡ-ਭੇਦ) ਅਖਤਿਆਰ ਕਰਕੇ ਆਪਣੀਆਂ ਰੈਲੀਆਂ ਵਿੱਚ ਵੱਡੇ ਇਕੱਠ ਕੀਤੇ ਗਏ ਹਨ| ਇਹਨਾਂ ਰੈਲੀਆਂ ਦੀ ਕਾਮਯਾਬੀ ਲਈ ਤਿੰਨੇ ਧਿਰਾਂ ਪਿਛਲੇ ਕਈ ਦਿਨਾਂ ਤੋਂ ਪੱਬਾਂ ਭਾਰ ਹੋ ਕੇ ਜੁਟੀਆਂ ਹੋਈਆਂ ਸਨ ਅਤੇ ਹੁਣ ਜਦੋਂ ਇਹ ਰੈਲੀਆਂ ਕਾਮਯਾਬੀ ਨਾਲ ਖਤਮ ਹੋ ਗਈਆਂ ਹਨ ਤਾਂ ਇਹ ਸਾਰੇ ਹੀ ਆਪਣੀ ਆਪਣੀ ਪਿੱਠ ਥਪਥਪਾ ਰਹੇ ਹਨ| ਹਾਲਾਂਕਿ ਇਸ ਦੌਰਾਨ ਸਾਰੀਆਂ ਹੀ ਪਾਰਟੀਆਂ ਦੇ ਆਗੂਆਂ ਉੱਪਰ ਇਹ ਇਲਜਾਮ ਵੀ ਲੱਗਿਆ ਹੈ ਕਿ ਉਹਨਾਂ ਵਲੋਂ ਦਿਹਾੜੀਦਾਰ ਮਜਦੂਰਾਂ ਤੱਕ ਨੂੰ ਪੈਸੇ ਦੇ ਕੇ ਰੈਲੀਆਂ ਵਿੱਚ ਸ਼ਾਮਿਲ ਹੋਣ ਅਤੇ ਨਾਹਰੇਬਾਜੀ ਕਰਨ ਲਈ ਲਿਆਂਦਾ ਗਿਆ ਸੀ|
ਹੁਣ ਜਦੋਂ ਇਹ ਰੈਲੀਆਂ ਖਤਮ ਹੋ ਗਈਆਂ ਹਨ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਸਿਆਸੀ ਧਿਰਾਂ ਦੀ ਇਹ ਪੂਰੀ ਕਵਾਇਦ ਉਹਨਾਂ ਦੀ ਆਪਣੀ ਹੋਂਦ ਨੂੰ ਬਚਾਉਣ ਦੀ ਸੋਚ ਤੱਕ ਹੀ ਸੀਮਿਤ ਸੀ ਅਤੇ ਇਹਨਾਂ ਰੈਲੀਆਂ ਦੌਰਾਨ ਅਜਿਹਾ ਕੋਈ ਵੀ ਮੁੱਦਾ ਉਭਰ ਕੇ ਸਾਮ੍ਹਣੇ ਨਹੀਂ ਆਇਆ ਜਿਹੜਾ ਆਮ ਜਨਤਾ ਦੀ ਭਲਾਈ ਨਾਲ ਜੁੜਿਆ ਹੋਵੇ| ਆਮ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਇਹਨਾਂ ਸਿਆਸੀ ਪਾਰਟੀਆਂ ਅਤੇ ਆਗੂਆਂ ਵਲੋਂ ਆਪਣੀ ਨਿੱਜੀ ਰਾਜਨੀਤੀ ਚਮਕਾਉਣ ਲਈ ਕੀਤੀਆਂ ਗਈਆਂ ਇਹਨਾਂ ਰੈਲੀਆਂ ਦਾ ਪੰਜਾਬ ਦੀ ਜਨਤਾ ਨੂੰ ਕੋਈ ਫਾਇਦਾ ਨਹੀਂ ਹੋਣਾ ਅਤੇ ਇਹ ਸਾਰੀਆਂ ਸਿਆਸੀ ਪਾਰਟੀਆਂ ਜਨਤਾ ਨੂੰ ਆਧਾਰ ਬਣਾ ਕੇ ਸਿਰਫ ਅਤੇ ਸਿਰਫ ਆਪਣੀ ਰਾਜਨੀਤੀ ਹੀ ਚਮਕਾ ਰਹੀਆਂ ਹਨ|

Leave a Reply

Your email address will not be published. Required fields are marked *