ਸਿਆਸੀ ਬਦਲੇਖੋਰੀ ਦੀਆਂ ਕਾਰਵਾਈਆਂ ਤੋਂ ਬਾਜ ਆਏ ਸਰਕਾਰ : ਸਤਿੰਦਰ ਗਿੱਲ

ਸਿਆਸੀ ਬਦਲੇਖੋਰੀ ਦੀਆਂ ਕਾਰਵਾਈਆਂ ਤੋਂ ਬਾਜ ਆਏ ਸਰਕਾਰ : ਸਤਿੰਦਰ ਗਿੱਲ
ਪਰਮਜੀਤ ਕਾਹਲੋਂ ਦੇ ਖਿਲਾਫ ਦਰਜ ਮਾਮਲਾ ਰੱਦ ਕਰਨ ਦੀ ਮੰਗ
ਐਸ. ਏ. ਐਸ. 8 ਮਾਰਚ (ਸ.ਬ.) ਪੰਜਾਬ ਦੀ ਸੱਤਾਧਾਰੀ ਕਾਂਗਰਸ ਸਰਕਾਰ ਸਿਆਸੀ ਬਦਲੇਖੋਰੀ ਦੀ ਰਾਜਨੀਤੀ ਦੇ ਤਹਿਤ ਅਕਾਲੀ ਆਗੂਆਂ ਅਤੇ ਵਰਕਰਾਂ ਦੇ ਖਿਲਾਫ ਝੂਠੇ ਮਾਮਲੇ ਦਰਜ ਕਰਕੇ ਪੰਜਾਬ ਦੀ ਸਿਆਸਤ ਅਤੇ ਸਮਾਜਿਕ ਤਾਣੇ ਬਾਣੇ ਨੂੰ ਨੁਕਸਾਨ ਪਹੁੰਚਾ ਰਹੀ ਹੈ ਅਤੇ ਸਿਆਸੀ ਰੰਜਿਸ਼ ਕੱਢਣ ਵਾਲੀ ਇਸ ਕਾਰਵਾਈ ਤੇ ਤੁਰੰਤ ਰੋਕ ਲਗਾਈ ਜਾਣੀ ਚਾਹੀਦੀ ਹੈ| ਇਹ ਗੱਲ ਜਿਲ੍ਹਾ ਯੂਥ ਅਕਾਲੀ ਦਲ (ਦਿਹਾਤੀ) ਦੇ ਪ੍ਰਧਾਨ ਸ੍ਰ. ਸਤਿੰਦਰ ਸਿੰਘ ਗਿੱਲ ਨੇ ਅੱਜ ਇੱਥੇ ਸਥਾਨਕ ਪੱਤਰਕਾਰਾਂ ਨਾਲ ਦੌਰਾਨ ਆਖੀ| ਸ੍ਰ. ਗਿੱਲ ਨੇ ਕਿਹਾ ਕਿ ਪੁਲੀਸ ਵੱਲੋਂ ਅਕਾਲੀ ਦਲ ਮੁਹਾਲੀ (ਸ਼ਹਿਰੀ) ਦੇ ਸਾਬਕਾ ਪ੍ਰਧਾਨ ਸ੍ਰ. ਪਰਮਜੀਤ ਸਿੰਘ ਕਾਹਲੋਂ ਦੇ ਖਿਲਾਫ ਜੀਰਕਪੁਰ ਥਾਣੇ ਦਰਜ ਕੀਤਾ ਗਿਆ ਇਰਾਦਾ ਕਤਲ ਦਾ ਮਾਮਲਾ ਇਸ ਸਿਆਸੀ ਬਦਲੇਖੋਰੀ ਦੀ ਮਿਸਾਲ ਹੈ| ਉਹਨਾਂ ਕਿਹਾ ਕਿ ਪੁਲੀਸ ਵਲੋਂ ਜੀਰਕਪੁਰ ਵਿੱਚ ਦੋ ਵਪਾਰਕ ਅਦਾਰਿਆਂ ਦੇ ਵਰਕਰਾਂ ਵਿੱਚ ਹੋਈ ਲੜਾਈ ਦੇ 15 ਦਿਨ ਪੁਰਾਣੇ ਮਾਮਲੇ ਵਿੱਚ ਸ੍ਰ. ਪਰਮਜੀਤ ਸਿੰਘ ਕਾਹਲੋਂ ਦਾ ਨਾਮ ਸਿਰਫ ਇਸ ਕਰਕੇ ਸ਼ਾਮਿਲ ਕਰ ਦਿੱਤਾ ਕਿਉਂਕਿ ਉਹ ਇਹਨਾਂ ਵਿੱਚੋਂ ਇਕ ਕੰਪਨੀ ਨਾਲ ਸੰਬੰਧਿਤ ਸੀ ਅਤੇ ਉਹਨਾਂ ਦੇ ਅਕਾਲੀ ਆਗੂ ਹੋਣ ਕਾਰਨ ਉਹਨਾਂ ਤੇ ਝੂਠਾ ਮੁਕਦਮਾ ਦਰਜ ਕਰਕੇ ਉਹਨਾਂ ਦੇ ਮੁਹਾਲੀ ਘਰ ਵਿੱਚ ਪੁਲੀਸ ਦੀ ਛਾਪੇਮਾਰੀ ਵੀ ਕੀਤੀ ਗਈ ਜਿਵੇਂ ਉਹ ਕੋਈ ਵੱਡੇ ਮੁਜਰਿਮ ਹੋਣ ਜਦੋਂਕਿ ਉਹ ਮਹਾਲੀ ਦੇ ਚੁਣੇ ਹੋਏ ਕੌਂਸਲਰ ਹਨ ਅਤੇ ਸ਼ਹਿਰ ਦੇ ਸਨਮਾਨਿਤ ਵਿਅਕਤੀ ਹਨ| ਸ੍ਰ. ਗਿੱਲ ਨੇ ਕਿਹਾ ਕਾਂਗਰਸ ਸਰਕਾਰ ਇਸ ਤਰੀਕੇ ਨਾਲ ਅਕਾਲੀ ਆਗੂਆਂ ਦੇ ਵਪਾਰਕ ਮਸਲਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਜਾਣ ਵਾਲੀਆਂ ਇਹਨਾਂ ਕਾਰਵਾਈਆਂ ਤੋਂ ਬਾਜ ਆਏ ਕਿਉਂਕਿ ਅਜਿਹੀਆਂ ਕਾਰਵਾਈਆਂ ਜਿੱਥੇ ਦੋਵਾਂ ਪਾਰਟੀਆਂ ਦੇ ਵਰਕਰਾਂ ਵਿੱਚ ਨਿੱਜੀ ਦੁਸ਼ਮਨੀ ਦਾ ਕਾਰਨ ਬਣਦੀਆਂ ਹਨ ਉੱਥੇ ਇਸ ਕਾਰਨ ਸਮਾਜਿਕ ਤਾਣਾ ਬਾਣਾ ਵੀ ਪ੍ਰਭਾਵਿਤ ਹੁੰਦਾ ਹੈ|
ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹ ਐਲਾਨ ਕਰਦੇ ਹਨ ਕਿ ਅਕਾਲੀ ਵਰਕਰਾਂ ਤੇ ਸਿਆਸੀ ਬਦਲੇਖੋਰੀ ਦੇ ਤਹਿਤ ਕਾਰਵਾਈ ਨਹੀਂ ਹੋਵੇਗੀ ਅਤੇ ਦੂਜੇ ਪਾਸੇ ਹਲਕਾ ਵਿਧਾਇਕ ਵਲੋਂ ਇਸ ਤਰੀਕੇ ਨਾਲ ਸਿਆਸੀ ਬਦਲੇ ਖੋਰੀ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ| ਉਹਨਾਂ ਮੰਗ ਕੀਤੀ ਕਿ ਸ੍ਰ. ਕਾਹਲੋਂ ਤੇ ਦਰਜ ਕੀਤਾ ਗਿਆ ਇਹ ਮਾਮਲਾ ਤੁਰੰਤ ਰੱਦ ਕੀਤਾ ਜਾਵੇ ਅਤੇ ਸਿਆਸੀ ਬਦਲੇਖੋਰੀ ਦੀਆਂ ਇਹਨਾਂ ਕਾਰਵਾਈਆਂ ਤੇ ਰੋਕ ਲਗਾਈ ਜਾਵੇ|

Leave a Reply

Your email address will not be published. Required fields are marked *