ਸਿਆਸੀ ਸਰਗਰਮੀਆਂ ਦੇ ਨਾਲ ਹੀ ਅਫਵਾਹਾਂ ਦਾ ਬਾਜ਼ਾਰ ਵੀ ਹੋਣ ਲਗਿਆ ਗਰਮ ਪਿੰਡ ਬੜੀ ਦੇ ਵਸਨੀਕ ਦੀ ਮੌਤ ਤੋਂ ਬਾਅਦ ਫੈਲੀ ਜਹਿਰੀਲੀ ਸ਼ਰਾਬ ਕਾਰਣ ਮੌਤ ਦੀ ਅਫਵਾਹ

ਐਸ.ਏ.ਐਸ.ਨਗਰ,18 ਜਨਵਰੀ (ਸ.ਬ.) ਨਜ਼ਦੀਕੀ ਪਿੰਡ ਬੜੀ ਦੇ ਇੱਕ ਵਿਅਕਤੀ ਦੀ ਬੀਤੀ ਰਾਤ ਹੋਈ ਮੌਤ ਪਿੰਡ ਵਾਸੀਆਂ ਵੱਲੋਂ ਸਖਤ ਸਟੈਂਡ ਲਏ ਜਾਣ ਕਾਰਣ ਰਾਜਨੀਤਿਕ ਮੁੱਦਾ ਬਣਨ ਤੋਂ ਰਹਿ ਗਈ| ਅੱਜ  ਸਵੇਰੇ ਵੀ ਮੀਡੀਆ ਵਿੱਚ ਇਹ ਖਬਰ ਫੈਲ ਗਈ ਕਿ ਪਿੰਡ ਬੜੀ ਵਿੱਚ ਇਕ ਵਿਅਕਤੀ ਦੀ ਚੋਣਾ ਲੜਣ ਵਾਲੇ ਇਕ ਉਮੀਦਵਾਰ ਵੱਲੋਂ ਵੰਡੀ ਸ਼ਰਾਬ ਪੀਣ ਕਾਰਣ ਮੌਤ ਹੋ ਗਈ ਹੈ| ਇਹ ਖਬਰ ਫੈਲਦਿਆਂ ਹੀ ਮੀਡੀਆਂ ਕਰਮੀਆਂ ਨੇ ਪਿੰਡ ਬੜੀ ਵੱਲ ਰਵਾਨਗੀ ਪਾ ਦਿੱਤੀ|
ਪਿੰਡ ਬੜੀ ਵਿੱਚ ਪਹੁੰਚਣ ਤੇ ਪਤਾ ਲੱਗਿਆ ਕਿ ਪਿੰਡ ਦੇ ਵਸਨੀਕ ਮੰਗਤ ਸਿੰਘ ਨਾਮ ਦੇ ਇੱਕ ਵਿਅਕਤੀ ਦੀ ਬੀਤੀ ਰਾਤ ਆਪਣੇ ਘਰ ਵਿੱਚ ਹੀ ਮੌਤ ਹੋਈ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਮੰਗਤ ਸਿੰਘ 56 ਕੁ ਸਾਲ ਦਾ ਸੀ ਅਤੇ ਦਿਹਾੜੀ ਕਰਦਾ ਸੀ| ਉਹ ਸ਼ਰਾਬ ਪੀਂਦਾ ਸੀ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਬਹੁਤ ਬੰਦੇ ਸ਼ਰਾਬ ਪੀਂਦੇ ਹਨ ਅਤੇ ਮੰਗਤ ਸਿੰਘ ਨੇ ਵੀ ਬੀਤੀ ਰਾਤ ਆਪਣੇ ਘਰ ਵਿੱਚ ਸ਼ਰਾਬ ਪੀਤੀ ਹੋ ਸਕਦੀ ਹੈ ਪਰੰਤੂ ਇਸਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਇਸ ਮੌਤ ਤੇ ਸਿਆਸਤ ਖੇਡਣੀ ਸ਼ੁਰੂ ਕਰ ਦਿੱਤੀ ਜਾਵੇ|
ਪਿੰਡ ਦੇ ਸਰਪੰਚ ਸ੍ਰ. ਅਮਰੀਕ ਸਿੰਘ ਅਨੁਸਾਰ ਮੰਗਤ ਸਿੰਘ ਦੇ ਬੱਚੇ ਵਿਆਹੇ ਹੋਏ ਹਨ ਅਤੇ ਉਹ ਪਤਨੀ ਦੇ ਨਾਲ ਰਹਿੰਦਾ ਸੀ| ਉਹ ਦਿਹਾੜੀ ਕਰਨ ਵਾਲਾ ਸਧਾਰਣ ਬੰਦਾ ਸੀ ਅਤੇ ਉਸਦੀ ਮੌਤ ਦਿਲ ਦਾ ਦੌਰਾ ਪੈਣ ਕਾਰਣ ਹੋਈ ਹੋ ਸਕਦੀ ਹੈ ਇਸ ਲਈ ਇਸ ਮੌਤ ਤੇ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ|
ਇਹ ਮਾਮਲਾ ਚੋਣ ਕਮਿਸ਼ਨ ਦੇ ਧਿਆਨ ਵਿੱਚ ਵੀ ਆਇਆ ਅਤੇ ਇਸ ਸੰਬੰਧੀ ਮੁਹਾਲੀ ਵਿਧਾਨ ਸਭਾ ਹਲਕੇ ਦੇ ਰਿਟਰਨਿੰਗ ਅਫਸਰ ਸ੍ਰੀਮਤੀ ਅਨੁਪ੍ਰਿਤਾ ਜੋਹਲ ਵੱਲੋਂ ਥਾਣਾ ਸੋਹਾਣਾ ਦੇ ਮੁੱਖ ਅਫਸਰ ਤੋਂ ਇਸ ਸੰਬੰਧੀ ਰਿਪੋਰਟ ਮੰਗੀ ਹੈ| ਸੰਪਰਕ ਕਰਨ ਤੇ ਸ੍ਰੀਮਤੀ ਅਨੁਪ੍ਰਿਤਾ ਜੋਹਲ ਨੇ ਦੱਸਿਆ ਕਿ ਇਹ ਮਾਮਲੇ ਸੰਬੰਧੀ ਐਸ.ਐਚ.ਓ ਰਿਪੋਰਟ ਮੰਗੀ ਗਈ ਹੈ ਅਤੇ ਰਿਪੋਰਟ ਮਿਲਣ ਤੋਂ ਬਾਅਦ ਹੀ ਕੁਝ ਕਹਿ ਸਕਣਗੇ|
ਇਸ ਸੰਬੰਧੀ ਸੰਪਰਕ ਕਰਨ ਤੇ ਥਾਣਾ ਸੋਹਾਣਾ ਦੇ ਮੁੱਖੀ ਸ੍ਰੀ ਪਵਨ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਪੁਲੀਸ ਟੀਮ ਭੇਜੀ ਗਈ ਹੈ| ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ ਗਈ ਹੈ ਅਤੇ ਸਰਪੰਚ ਦੇ ਦੱਸਣ ਅਨੁਸਾਰ ਇਸ ਵਿਅਕਤੀ ਦੀ ਬੀਤੀ ਰਾਤ ਆਪਣੇ ਘਰ ਵਿੱਚ ਕੁਦਰਤੀ ਮੌਤ ਹੋਈ ਹੈ ਅਤੇ ਇਸਦਾ ਕਿਸੇ ਸਿਆਸੀ ਸਰਗਰਮੀ ਨਾਲ ਕੋਈ ਸੰਬੰਧ ਸਾਮ੍ਹਣੇ ਨਹੀਂ ਆਇਆ|

Leave a Reply

Your email address will not be published. Required fields are marked *