ਸਿਆਸੀ ਸਰਗਰਮੀਆਂ ਪੱਖੋਂ ਹਲਕੇ ਵਿੱਚ ਪੂਰੀ ਤਰ੍ਹਾਂ ਪਿਛੜ ਗਈ ਹੈ ਆਮ ਆਦਮੀ ਪਾਰਟੀ

ਸਿਆਸੀ ਸਰਗਰਮੀਆਂ ਪੱਖੋਂ ਹਲਕੇ ਵਿੱਚ ਪੂਰੀ ਤਰ੍ਹਾਂ ਪਿਛੜ ਗਈ ਹੈ ਆਮ ਆਦਮੀ ਪਾਰਟੀ
ਸਿਆਸੀ ਸਰਗਰਮੀਆਂ ਠੱਪ ਹੋਣ ਕਾਰਨ ਆਉਣ ਵਾਲੀਆਂ ਚੋਣਾਂ ਦੌਰਾਨ ਹੋਵੇਗਾ ਪਾਰਟੀ ਦਾ ਨੁਕਸਾਨ
ਭੁਪਿੰਦਰ ਸਿੰਘ
ਐਸ ਏ ਐਸ ਨਗਰ, 6 ਮਾਰਚ

ਪਿਛਲੇ ਸਾਲ ਹੋਈਆਂ ਵਿਧਾਨਸਭਾ ਚੋਣਾਂ ਵਿੱਚ ਐਸ ਏ ਐਸ ਨਗਰ ਵਿਧਾਨਸਭਾ ਹਲਕੇ ਵਿੱਚ ਕਾਂਗਰਸ ਪਾਰਟੀ ਨੂੰ ਤਕੜੀ ਟੱਕਰ ਦੇਣ ਵਾਲੀ ਆਮ ਆਦਮੀ ਪਾਰਟੀ ਦੀਆਂ ਸਿਆਸੀ ਸਰਗਰਮੀਆਂ ਪੂਰੀ ਤਰ੍ਹਾਂ ਠੱਪ ਪਈਆਂ ਹਨ ਅਤੇ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਵਲੋਂ ਇੱਥੇ ਕੋਈ ਸਰਗਰਮੀ ਨਹੀਂ ਕੀਤੀ ਜਾ ਰਹੀ ਹੈ| ਵਿਧਾਨਸਭਾ ਚੋਣਾਂ ਮੌਕੇ ਇੱਥੋਂ ਚੋਣ ਲੜਣ ਵਾਲੇ ਉਮੀਦਵਾਰ ਸ੍ਰੀ ਨਰਿੰਦਰ ਸਿੰਘ ਸ਼ੇਰਗਿਲ ਚੋਣਾਂ ਤੋਂ ਬਾਅਦ ਕੁੱਝ ਦਿਨ ਤਾਂ ਸਰਗਰਮ ਨਜਰ ਆਏ ਸੀ ਅਤੇ ਉਹਨਾਂ ਵਲੋਂ ਫੇਜ਼ 3 ਬੀ 2 ਵਿੱਚ ਪਾਰਟੀ ਵਲੋਂ ਖੋਲ੍ਹਿਆ ਗਿਆ ਦਫਤਰ ਵੀ ਕਾਇਮ ਰੱਖਿਆ ਗਿਆ ਸੀ ਪਰੰਤੂ ਦੋ ਕੁ ਮਹੀਨਿਆਂ ਬਾਅਦ ਹੀ ਇਹ ਦਫਤਰ ਵੀ ਬੰਦ ਹੋ ਗਿਆ ਅਤੇ ਇਸਦੇ ਨਾਲ ਹੀ ਸ਼ਹਿਰ ਵਿੱਚ ਪਾਰਟੀ ਦੀਆਂ ਸਰਗਰਮੀਆਂ ਵੀ ਲਗਭਗ ਠੱਪ ਹੋ ਕੇ ਰਹਿ ਗਈਆਂ ਹਨ| ਅਜਿਹਾ ਹੋਣ ਕਾਰਨ ਜਿੱਥੇ ਪਾਰਟੀ ਆਪਣੀ ਸਥਾਨਕ ਹੋਂਦ ਗਵਾ ਰਹੀ ਹੈ ਉੱਥੇ ਸ਼ਹਿਰ ਦੇ ਵੱਖ ਵੱਖ ਮੁੱਦਿਆਂ ਉੱਪਰ ਪਾਰਟੀ ਵਲੋਂ ਕੋਈ ਕਾਰਵਾਈ ਤਾਂ ਦੂਰ ਇਸ ਸੰਬੰਧੀ ਪਾਰਟੀ ਦੀ ਅਧਿਕਾਰਤ ਪ੍ਰਤੀਕ੍ਰਿਆ ਤਕ ਹਾਸਿਲ ਨਾ ਹੋਣ ਕਾਰਨ ਆਮ ਲੋਕਾਂ ਵਿੱਚ ਪਾਰਟੀ ਦੀ ਸਾਖ ਨੂੰ ਵੀ ਢਾਅ ਵੱਜ ਰਹੀ ਹੈ|
ਵਿਧਾਨਸਭਾ ਚੋਣਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਧਾਨਸਭਾ ਵਿੱਚ ਵਿਰੋਧੀ ਧਿਰ ਦਾ ਦਰਜਾ ਮਿਲਿਆ ਹੈ| ਚੋਣਾਂ ਦੌਰਾਨ ਭਾਵੇਂ ਐਸ ਏ ਐਸ ਨਗਰ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰ. ਨਰਿੰਦਰ ਸਿੰਘ ਸ਼ੇਰਗਿਲ ਦੀ ਹਾਰ ਹੋਈ ਸੀ ਪਰੰਤੂ ਉਹਨਾਂ ਨੂੰ 40 ਹਜਾਰ ਦੇ ਕਰੀਬ ਵੋਟਾਂ ਮਿਲੀਆਂ ਸੀ ਅਤੇ ਉਹ ਦੂਜੇ ਨੰਬਰ ਤੇ ਰਹੇ ਸੀ| ਵਿਧਾਨਸਭਾ ਚੋਣਾਂ ਤੋਂ ਬਾਅਦ ਪਾਰਟੀ ਵਲੋਂ ਕੀਤੇ ਗਏ ਜੱਥੇਬੰਧਕ ਢਾਂਚੇ ਦੇ ਐਲਾਨ ਦੌਰਾਨ ਸ੍ਰ. ਨਰਿੰਦਰ ਸਿੰਘ ਸ਼ੇਰਗਿਲ ਨੂੰ ਪਾਰਟੀ ਵਲੋਂ ਐਸ ਏ ਐਸ ਨਗਰ ਦੇ ਕਾਰਪੋਰੇਸ਼ਨ ਖੇਤਰ ਦਾ ਪ੍ਰਧਾਨ ਥਾਪ ਦਿੱਤਾ ਅਤੇ ਪਾਰਟੀ ਦੀਆਂ ਸਰਗਰਮੀਆਂ ਵਾਸਤੇ ਸ਼ਹਿਰ ਦੀ ਕਮਾਨ ਉਹਨਾਂ ਦੇ ਹੱਥਾਂ ਵਿੱਚ ਸੌਂਪ ਦਿੱਤੀ ਗਈ| ਪਰੰਤੂ ਇਸ ਦੌਰਾਨ ਸ੍ਰ. ਨਰਿੰਦਰ ਸਿੰਘ ਸ਼ੇਰਗਿਲ ਵਲੋਂ ਪਾਰਟੀ ਦਫਤਰ ਨੂੰ ਬੰਦ ਕਰਨ ਤੋਂ ਬਾਅਦ ਨਾ ਤਾਂ ਇੱਥੇ ਕੋਈ ਸਰਗਰਮੀ ਕੀਤੀ ਜਾ ਰਹੀ ਹੈ ਅਤੇ ਨਾ ਹੀ ਪਾਰਟੀ ਦਾ ਕੋਈ ਹੋਰ ਆਗੂ ਇੱਥੇ ਸਰਗਰਮ ਹੋਇਆ ਹੈ| ਹੋਰ ਤਾਂ ਹੋਰ ਸ੍ਰੀ ਸ਼ੇਰਗਿਲ ਵਲੋਂ ਪਾਰਟੀ ਦੀ ਸਥਾਨਕ ਜੱਥੇਬੰਦੀ ਦਾ ਐਲਾਨ ਵੀ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਪਾਰਟੀ ਦੀਆਂ ਇਕਾਈਆਂ ਕਾਇਮ ਕੀਤੀਆਂ ਗਈਆਂ ਹਨ|
ਆਮ ਆਦਮੀ ਪਾਰਟੀ ਦੀ ਸਰਗਰਮੀ ਦੇ ਨਾਮ ਤੇ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ੍ਰ. ਦਰਸ਼ਨ ਸਿੰਘ ਧਾਲੀਵਾਲ ਅਤੇ ਹਲਕਾ ਖਰੜ ਦੇ ਵਿਧਾਇਕ ਸ੍ਰ. ਕੰਵਰ ਸੰਧੂ ਵਲੋਂ ਕਦੇ ਕਦਾਰ ਕਿਸੇ ਮਸਲੇ ਤੇ ਡਿਪਟੀ ਕਮਿਸ਼ਨਰ ਜਾਂ ਐਸ ਐਸ ਪੀ ਨੂੰ ਮੰਗ ਪੱਤਰ ਦੇਣ ਦੀ ਕਾਰਵਾਈ ਜਰੂਰ ਵੇਖਣ ਵਿੱਚ ਆਉਂਦੀ ਹੈ ਪਰੰਤੂ ਅਜਿਹੇ ਮੌਕਿਆਂ ਤੇ ਪਾਰਟੀ ਦੇ ਸਥਾਨਕ ਆਗੂ ਅਤੇ ਵਰਕਰ ਪੂਰੀ ਤਰ੍ਹਾਂ ਨਦਾਰਦ ਰਹਿੰਦੇ ਹਨ| ਸ੍ਰੀ ਨਰਿੰਦਰ ਸਿੰਘ ਸ਼ੇਰਗਿਲ ਬਾਰੇ ਪਹਿਲਾਂ ਤਾਂ ਕਈ ਮਹੀਨਿਆਂ ਤਕ ਇਹ ਕਿਹਾ ਜਾਂਦਾ ਰਿਹਾ ਕਿ ਉਹ ਵਿਦੇਸ਼ ਗਏ ਹੋਏ ਹਨ ਅਤੇ ਹੁਣ ਜਦੋਂ ਉਹਨਾਂ ਨੂੰ ਵਿਦੇਸ਼ ਤੋਂ ਪਰਤੇ ਨੂੰ ਵੀ ਕਾਫੀ ਸਮਾਂ ਲੰਘ ਗਿਆ ਹੈ ਉਹਨਾਂ ਵਲੋਂ ਕੋਈ ਸਰਗਰਮੀ ਨਹੀਂ ਕੀਤੀ ਗਈ ਹੈ| ਇਸਦਾ ਅਸਰ ਇਹ ਹੋਇਆ ਹੈ ਕਿ ਆਮ ਲੋਕ ਤਾਂ ਇੱਕ ਪਾਸੇ ਪਿਛਲੇ ਸਮੇਂ ਦੌਰਾਨ ਪਾਰਟੀ ਵਿੱਚ ਸ਼ਾਮਿਲ ਹੋਏ ਵਰਕਰਾਂ ਦਾ ਵੀ ਪਾਰਟੀ ਤੋਂ ਮੋਹਭੰਗ ਹੋਣ ਲੱਗ ਪਿਆ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਪਾਰਟੀ ਦੇ ਵਰਕਰ ਇਸਨੂੰ ਛੱਡਣ ਦਾ ਵੀ ਮਨ ਬਣਾਉਣ ਲੱਗ ਪਏ ਹਨ|
ਆਮ ਆਦਮੀ ਪਾਰਟੀ ਦੀਆਂ ਸਰਗਰਮੀਆਂ ਦੇ ਠੱਪ ਹੋਣ ਕਾਰਨ ਪਾਰਟੀ ਨੂੰ ਅਗਲੇ ਸਾਲ ਹੋਣ ਵਾਲੀਆਂ ਲੋਕਸਭਾ ਚੋਣਾਂ ਅਤੇ ਦੋ ਸਾਲ ਬਾਅਦ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਨਾਂ ਪੱਖੀ ਅਸਰ ਪੈਣਾ ਤੈਅ ਹੈ| ਇਸਦਾ ਕਾਰਨ ਇਹ ਹੈ ਕਿ ਨਗਰ ਨਿਗਮ ਚੋਣਾਂ ਲੜਣ ਦੇ ਚਾਹਵਾਨ ਉਮੀਦਵਾਰ ਜਿੱਥੇ ਇੱਕ ਸਾਲ ਪਹਿਲਾਂ ਹੀ ਨਿੱਜੀ ਤੌਰ ਤੇ ਤਿਆਰੀ ਕਰਨੀ ਸ਼ੁਰੂ ਕਰ ਦਿੰਦੇ ਹਨ ਉੱਥੇ ਲੋਕਾਂ ਨੇ ਵੀ ਚੋਣ ਲੜਣ ਵਾਲੇ ਉਮੀਦਵਾਰ ਦੇ ਨਿੱਜੀ ਕਿਰਦਾਰ ਦੇ ਨਾਲ ਨਾਲ ਉਸਦੀ ਪਾਰਟੀ ਦੀ ਕਾਰਗੁਜਾਰੀ ਨੂੰ ਵੇਖ ਕੇ ਹੀ ਵੋਟ ਪਾਉਣੀ ਹੁੰਦੀ ਹੈ| ਆਮ ਆਦਮੀ ਪਾਰਟੀ ਤਾਂ ਵੈਸੇ ਵੀ ਨਵੀਂ ਹੈ ਅਤੇ ਉਸਦੀ ਕਾਰਗੁਜਾਰੀ ਦੇ ਨਾਮ ਤੇ ਉਸ ਕੋਲ ਜਨਤਾ ਕੋਲ ਦੱਸਣ ਵਾਸਤੇ ਕੁੱਝ ਵੀ ਨਹੀਂ ਹੈ| 2014 ਵਿੱਚ ਪਾਰਟੀ ਵਲੋਂ ਲੋਕਸਭਾ ਚੋਣਾਂ ਲੜਣ ਵਾਲੇ ਸ੍ਰ. ਹਿੰਮਤ ਸਿੰਘ ਸ਼ੇਰਗਿਲ ਹੋਣ ਜਾਂ ਵਿਧਾਨਸਭਾ ਚੋਣਾਂ ਲੜਣ ਵਾਲੇ ਸ੍ਰ. ਨਰਿੰਦਰ ਸਿੰਘ ਸ਼ੇਰਗਿਲ, ਇਹਨਾਂ ਦੋਵਾਂ ਦਾ ਸ਼ਹਿਰ ਦੇ ਲੋਕਾਂ ਨਾਲ ਕੋਈ ਰਾਬਤਾ ਨਹੀਂ ਰਿਹਾ ਹੈ ਅਤੇ ਇਹ ਦੋਵੇਂ ਹੀ ਚੋਣ ਹਾਰਨ ਤੋਂ ਬਾਅਦ ਲੋਕਾਂ ਵਿੱਚ ਬਿਲਕੁਲ ਵੀ ਸਰਗਰਮ ਨਹੀਂ ਰਹੇ ਹਨ|
ਹਾਲਾਤ ਇਹ ਹਨ ਕਿ ਜੇਕਰ ਪਾਰਟੀ ਵਲੋਂ ਇੱਥੇ ਛੇਤੀ ਹੀ ਆਪਣਾ ਸਥਾਨਕ ਪੱਧਰ ਦਾ ਜੱਥੇਬੰਧਕ ਢਾਂਚਾ ਤਿਆਰ ਕਰਕੇ ਪਾਰਟੀ ਦੀਆਂ ਸਰਗਰਮੀਆਂ ਤੇਜ ਨਾ ਕੀਤੀਆਂ ਗਈਆਂ ਤਾਂ ਨਗਰ ਨਿਗਮ ਚੋਣਾਂ ਵਿੱਚ ਇਸਨੂੰ ਵੱਡਾ ਨੁਕਸਾਨ ਸਹਿਣਾ ਪੈਣਾ ਹੈ ਅਤੇ ਵੇਖਣਾ ਇਹ ਹੈ ਕਿ ਪਾਰਟੀ ਦੀ ਸੂਬਾ ਇਕਾਈ ਇਸ ਸੰਬੰਧੀ ਕੀ ਕਦਮ ਚੁੱਕਦੀ ਹੈ|

Leave a Reply

Your email address will not be published. Required fields are marked *