ਸਿਆਸੀ ਸਰਪਰਸਤੀ ਹੇਠ ਕੰਮ ਕਰਦੇ ਰੇਤ ਮਾਫੀਆ ਤੇ ਸਖਤੀ ਨਾਲ ਕਾਬੂ ਕਰੇ ਸਰਕਾਰ

ਚਾਰ ਮਹੀਨੇ ਪਹਿਲਾਂ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਸਭਤੋਂ ਵੱਡੇ ਚੋਣ ਮੁੱਦੇ ਦੇ ਰੂਪ ਵਿੱਚ ਉਭਰਿਆ ਰੇਤਾ ਬਜਰੀ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕਰਕੇ ਅਰਬਾਂ ਖਰਬਾਂ ਰੁਪਏ ਕਮਾਉਣ ਵਾਲੇ ਰੇਤ ਮਾਫੀਏ ਦਾ ਮੁੱਦਾ ਪੰਜਾਬ ਵਿੱਚ ਸੱਤਾ ਤਬਦੀਲੀ ਦੇ ਪ੍ਰਮੁਖ ਕਾਰਨਾਂ ਵਿੱਚ ਇੱਕ ਸੀ ਅਤੇ ਰੇਤੇ ਬਜਰੀ ਦੀਆਂ ਲਗਾਤਾਰ ਵੱਧਦੀਆਂ ਕੀਮਤਾਂ ਤੋਂ ਬੁਰੀ ਤਰ੍ਹਾਂ ਤੰਗ ਆਈ ਪੰਜਾਬ ਦੀ ਜਨਤਾ ਵਲੋਂ ਸੂਬੇ ਦੀ ਸੱਤਾ ਤੇ ਕਾਬਿਜ ਅਕਾਲੀ ਭਾਜਪਾ ਸਰਕਾਰ ਨੂੰ ਇਸ ਦਾ ਜਿੰਮੇਵਾਰ ਮੰਨਦਿਆਂ ਉਸ ਨੂੰ ਪੰਜਾਬ ਦੀ ਸੱਤਾ ਤੋਂ ਲਾਂਭੇ ਕਰ ਦਿੱਤਾ ਗਿਆ ਸੀ| ਪਰੰਤੂ ਪੰਜਾਬ ਦੀ ਸੱਤਾ ਵਿੱਚ ਹੋਈ ਤਬਦੀਲੀ ਵੀ ਇਸ ਮੁੱਦੇ ਨੂੰ ਹਲ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ ਅਤੇ ਸਿਆਸੀ ਸਰਪਰਸਤੀ ਹੇਠ ਚਲਦਾ ਰੇਤ ਮਾਫੀਏ ਦਾ ਕਾਰੋਬਾਰ ਪਹਿਲਾਂ ਵਾਂਗ ਹੀ ਵੱਧ ਫੁੱਲ ਰਿਹਾ ਹੈ|
ਪੰਜਾਬ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਆਮ ਲੋਕਾਂ ਵਿੱਚ ਇਹ ਆਸ ਜਾਗੀ ਸੀ ਕਿ ਨਵੀਂ ਸਰਕਾਰ ਵਲੋਂ ਉਹਨਾਂ ਨੂੰ ਰੇਤਾ ਅਤੇ ਬਜਰੀ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਤੋਂ ਨਿਜਾਤ ਦਿਵਾਈ ਜਾਵੇਗੀ ਪਰੰਤੂ ਅਜਿਹਾ ਕੁੱਝ ਵੀ ਨਹੀਂ ਹੋਇਆ ਬਲਕਿ ਰੇਤ ਅਤੇ ਬਜਰੀ ਦੀਆਂ ਕੀਮਤਾਂ ਪਹਿਲਾਂ ਤੋਂ ਵੀ ਵੱਧ ਗਈਆਂ ਹਨ| ਇਸ ਦੌਰਾਨ ਫਰਕ ਸਿਰਫ ਇੰਨਾ ਪਿਆ ਹੈ ਕਿ ਰੇਤ ਮਾਫੀਏ ਨੂੰ ਸਰਪਰਸਤੀ ਦੇਣ ਵਾਲੇ ਚਿਹਰੇ ਬਦਲ ਗਏ ਹਨ| ਪੰਜਾਬ ਦੀ ਸੱਤਾ ਤੇ ਕਾਬਿਜ ਹੋਈ ਕਾਂਗਰਸ ਪਾਰਟੀ ਦੇ ਨੇਤਾਵਾਂ ਵਲੋਂ ਵਿਰੋਧੀ ਧਿਰ ਵਿੱਚ ਹੁੰਦਿਆਂ ਰੇਤਾ ਬਜਰੀ ਦੀ ਸਪਲਾਈ ਕਰਨ ਵਾਲੇ ਟਰੱਕਾਂ ਤੋਂ ਗੁੰਡਾ ਟੈਕਸ ਦੀ ਵਸੂਲੀ ਦਾ ਮਾਮਲਾ ਪੂਰੇ ਜੋਰ ਸ਼ੋਰ ਨਾਲ ਚੁੱਕਿਆ ਜਾਂਦਾ ਰਿਹਾ ਹੈ ਅਤੇ ਇਹਨਾਂ ਨੇਤਾਵਾਂ ਵਲੋਂ ਖੁੱਲੇਆਮ ਇਹ ਇਲਜਾਮ ਵੀ ਲਗਾਇਆ ਜਾਂਦਾ ਸੀ ਕਿ ਅਕਾਲੀ ਦਲ ਦੇ ਕੁੱਝ ਵੱਡੇ ਆਗੂਆਂ ਦੀ ਸਰਪਰਸਤੀ ਵਿੱਚ ਰੇਤ ਮਾਫੀਏ ਵਲੋਂ ਇਸ ਗੁੰਡਾ ਟੈਕਸ ਦੀ ਵਸੂਲੀ ਕੀਤੀ ਜਾਂਦੀ ਹੈ ਪਰੰਤੂ ਹੁਣ ਜਦੋਂ ਸੂਬੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ ਤਾਂ ਕੋਈ ਵੀ ਇਸ ਬਾਰੇ ਗੱਲ ਕਰਨ ਲਈ ਤਿਆਰ ਨਹੀਂ ਹੈ| ਰੇਤਾ ਬਜਰੀ ਦੀ ਢੋਆ ਢੁਆਈ ਕਰਨ ਵਾਲੇ ਟਰੱਕਾਂ ਤੋਂ ਗੁੰਡਾ ਟੈਕਸ ਦੀ ਵਸੂਲੀ ਪਹਿਲਾਂ ਵਾਂਗ ਹੀ ਜਾਰੀ ਹੈ ਬਸ ਇਸਦੀ  ਵਸੂਲੀ ਕਰਨ ਅਤੇ ਇਸਨੂੰ ਸਰਪਰਸਤੀ ਦੇਣ ਵਾਲੇ ਚਿਹਰੇ ਜਰੂਰ ਬਦਲ ਗਏ ਹਨ|
ਪਿਛਲੇ ਸਮੇਂ ਦੌਰਾਨ ਸੂਬੇ ਵਿੱਚ ਰੇਤਾ ਅਤੇ ਬਜਰੀ ਦੀ ਕੀਮਤ ਵਿੱਚ ਹੋਏ ਭਾਰੀ ਵਾਧੇ ਤੋਂ ਆਮ ਜਨਤਾ ਬੁਰੀ ਤਰ੍ਹਾਂ ਤ੍ਰਸਤ ਹੈ ਅਤੇ ਸੂਬਾ ਸਰਕਾਰ ਜਨਤਾ ਨੂੰ ਰਾਹਤ ਦੇਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ ਜਿਸ ਕਾਰਨ  ਆਮ ਲੋਕਾਂ ਨੂੰ ਭਾਰੀ ਰਕਮ ਖਰਚ ਕੇ ਆਪਣੇ ਮਕਾਨਾਂ ਆਦਿ ਦੀ ਉਸਾਰੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ| ਇਸ ਦੌਰਾਨ ਭਾਵੇਂ ਨਵੀਂ ਸਰਕਾਰ ਵਲੋਂ ਸੂਬੇ ਦੀ ਨਵੀਂ ਮਾਇਨਿੰਗ ਨੀਤੀ ਵੀ ਬਣਾਈ ਗਈ ਹੈ ਅਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਛੇਤੀ ਹੀ ਰੇਤ ਅਤੇ ਬਜਰੀ ਦੀ ਕੀਮਤ ਘੱਟ ਹੋ  ਜਾਵੇਗੀ ਪਰੰਤੂ ਸਰਕਾਰ ਦੇ ਇਹ ਦਾਅਵੇ ਪੂਰੀ ਤਰ੍ਹਾਂ ਹਵਾ ਹਵਾਈ ਹੀ ਸਾਬਿਤ ਹੋਏ ਹਨ|
ਅਸਲੀਅਤ ਇਹੀ ਹੈ ਕਿ ਨਵੀਂ  ਸਰਕਾਰ ਸੂਬੇ ਵਿੱਚ ਆਪਣੀਆਂ ਜੜ੍ਹਾਂ ਜਮਾਂ ਚੁੱਕੇ ਰੇਤ ਮਾਫੀਆ ਤੇ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ| ਵੈਸੇ ਵੀ ਹੁਣ ਇਸ ਕਾਰੋਬਾਰ ਵਿੱਚ ਸੱਤਾ ਤੇ ਕਾਬਿਜ ਹੋਏ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ (ਜਿਹਨਾਂ ਵਿੱਚ ਇੱਕ ਕੈਬਿਨਟ ਮੰਤਰੀ ਦਾ ਨਾਮ ਵੀ ਸ਼ਾਮਿਲ ਹੈ) ਦੀ ਸ਼ਮੂਲੀਅਤ ਦੇ ਇਲਜਾਮ ਲੱਗ ਰਹੇ ਹਨ ਅਤੇ ਜਿਸ ਤਰੀਕੇ ਨਾਲ ਰੇਤ ਮਾਫੀਆ ਵਲੋਂ ਖੁੱਲੀ ਖੇਡ ਖੇਡੀ ਜਾ ਰਹੀ ਹੈ ਉਸਨੂੰ ਮੁੱਖ ਰੱਖਦਿਆਂ ਅਜਿਹਾ ਕਿਹਾ ਜਾ ਸਕਦਾ ਹੈ ਕਿ ਦਾਲ ਵਿੱਚ ਕੁੱਝ ਨਾ ਕੁੱਝ ਕਾਲਾ ਤਾਂ ਜਰੂਰ ਹੈ| ਜਮੀਨੀ ਹਾਲਾਤ ਇਹ ਹਨ ਕਿ ਸੂਬੇ ਵਿੱਚ ਰੇਤ ਮਾਫੀਆ ਵਲੋਂ ਧੜੱਲੇ ਨਾਲ ਆਪਣਾ ਕਾਲਾ ਕਾਰੋਬਾਰ ਚਲਾਇਆ ਜਾ ਰਿਹਾ ਹੈ| ਰੇਤ ਮਾਫੀਆ ਵਲੋਂ ਆਪਣੀ ਆਮਦਨੀ ਵਧਾਉਣ ਲਈ ਲੋਕਾਂ ਤੋਂ ਰੇਤਾ ਅਤੇ ਬਜਰੀ ਦੇ ਮਨਮਰਜੀ ਦੇ ਦਾਮ ਵਸੂਲੇ ਜਾਂਦੇ ਹਨ ਅਤੇ ਸੂਬੇ ਵਿੱਚ ਰੇਤ ਅਤੇ ਬਜਰੀ ਦੇ ਦਾਮ ਅਸਮਾਨ ਛੂਹ ਰਹੇ ਹਨ|
ਸੂਬੇ ਦੀ ਜਨਤਾ ਦਾ ਇਹ ਇਲਜਾਮ ਵੀ ਕਾਫੀ ਵਜਨ ਰੱਖਦਾ ਹੈ ਕਿ ਵੱਡੇ ਪੱਧਰ ਤੇ ਚਲਾਇਆ ਜਾਣ ਵਾਲਾ ਇਹ ਪੂਰਾ ਤਾਮਝਾਮ ਵੱਡੇ ਰਾਜਨੀਤਿਕ ਆਗੂਆਂ ਅਤੇ ਉੱਚ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਅਤੇ ਸਰਪਰਸਤੀ ਦੇ ਬਿਨਾ ਨਹੀਂ ਚਲਾਇਆ ਜਾ ਸਕਦਾ| ਜਾਹਿਰ ਤੌਰ ਤੇ ਇਸ ਮੁੱਦੇ ਨੇ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀਆਂ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਦੌਰਾਨ ਵੀ ਜੋਰ ਫੜਣਾ ਹੈ ਅਤੇ ਇਹ ਸੱਤਾਧਾਰੀ ਧਿਰ ਲਈ ਵੱਡੇ ਨੁਕਸਾਨ ਦਾ ਕਾਰਨ ਬਣ ਸਕਦਾ ਹੈ| ਕਾਂਗਰਸ ਪਾਰਟੀ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਸ ਮੁੱਦੇ ਦੇ ਸਹਾਰੇ ਉਹ ਸੱਤਾ ਤੇ ਕਾਬਿਜ ਹੋਣ ਵਿੱਚ ਕਾਮਯਾਬ ਹੋਈ ਹੈ ਜੇਕਰ ਉਸ ਵਲੋਂ ਉਸਨੂੰ ਹਲ ਨਾ ਕੀਤਾ ਗਿਆ ਤਾਂ ਉਸਨੂੰ ਇਸਦਾ ਹੋਰ ਵੀ ਵੱਧ ਨੁਕਸਾਨ ਸਹਿਣਾ ਪੈ ਸਕਦਾ ਹੈ ਇਸ ਲਈ ਸਰਕਾਰ ਨੂੰ ਇਸ ਸੰਬੰਧੀ ਤੁਰੰਤ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ|

Leave a Reply

Your email address will not be published. Required fields are marked *