ਸਿਟੀਜਨ ਵੈਲਫੇਅਰ ਫੋਰਮ ਵੱਲੋਂ ਗਮਾਡਾ ਵੱਲੋਂ ਜਾਰੀ ਕੀਤੀ ਗਈ ਨੀਡ ਬੇਸ ਪਾਲਿਸੀ ਰੱਦ

ਐਸ ਏ ਐਸ ਨਗਰ, 25 ਜੁਲਾਈ (ਸ.ਬ.) ਸ਼ਹਿਰ ਦੇ ਵੱਖ ਵੱਖ ਫੇਜ਼ਾਂ ਦੀਆਂ ਨਾਗਰਿਕ ਭਲਾਈ ਜੱਥੇਬੰਦੀਆਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਸਿਟੀਜਨ ਵੈਲਫੇਅਰ ਐਂਡ ਡਿਵੈਲਪਮੈਂਟ ਫੋਰਮ ਐਸ ਏ ਐਸ ਨਗਰ ਨੇ ਗਮਾਡਾ ਵੱਲੋਂ ਪਿਛਲੇ ਦਿਨੀਂ ਜਾਰੀ ਕੀਤੀ ਗਈ ਨੀਡ ਬੇਸਡ ਪਾਲਸੀ ਨੂੰ ਮੂਲੋਂ ਰੱਦ ਕਰਦਿਆਂ ਇਸ ਵਿੱਚ ਲੋੜੀਂਦੀਆਂ ਸੋਧਾਂ ਕਰਨ ਦੀ ਮੰਗ ਕੀਤੀ ਹੈ| ਫੋਰਮ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਹੈਪੀ ਦੀ ਅਗਵਾਈ ਵਿੱਚ ਸੰਸਥਾ ਦੇ ਇੱਕ ਵਫਦ ਨੇ ਅੱਜ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਦੇ ਸ੍ਰੀ ਰਵੀ ਭਗਤ ਨੂੰ ਮਿਲ ਕੇ ਇਸ ਪਾਲਸੀ ਬਾਰੇ ਆਪਣਾ ਰੋਸ ਜਾਹਿਰ ਕੀਤਾ ਅਤੇ ਇਸ ਵਿੱਚ ਲੋੜੀਂਦੀਆਂ ਸੋਧਾਂ ਕਰਨ ਦੀ ਮੰਗ ਕੀਤੀ|
ਫੋਰਮ ਦੇ ਜਨਰਲ ਸਕੱਤਰ ਸ੍ਰੀ ਕੇ ਐਲ ਸ਼ਰਮਾ ਨੇ ਦਸਿਆ ਕਿ ਇਸ ਮੌਕੇ ਸੰਸਥਾ ਵੱਲੋਂ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨੂੰ ਮੰਗ ਪੱਤਰ ਵੀ ਦਿਤਾ ਗਿਆ| ਜਿਸ ਵਿੱਚ ਕਿਹਾ ਗਿਆ ਹੈ ਕਿ ਫੋਰਮ ਵੱਲੋਂ ਪਿਛਲੇ 2 ਸਾਲਾਂ ਤੋਂ ਗਮਾਡਾ ਅਧਿਕਾਰੀਆਂ ਨੂੰ ਮਿਲ ਕੇ ਲਿਖਤੀ ਅਤੇ ਜਬਾਨੀ ਮੰਗ ਕਰਕੇ ਨੀਡ ਬੇਸ ਪਾਲਸੀ ਲਾਗੂ ਕਰਨ ਦੀ ਮੰਗ ਕੀਤੀ  ਜਾਂਦੀ ਰਹੀ ਹੈ ਤਾਂ ਜੋ ਸ਼ਹਿਰ ਦੇ ਵੱਖੋ ਵੱਖਰੇ ਫੇਜ਼ਾਂ ਦੇ ਵਸਨੀਕਾਂ ਵੱਲੋਂ ਆਪਣੇ ਘਰਾਂ ਵਿੱਚ ਲੋੜ ਅਨੁਸਾਰ ਕੀਤੀਆਂ ਗਈਆਂ ਉਸਾਰੀਆਂ ਨੂੰ ਰੈਗੁਲਾਈਜ ਕੀਤਾ ਜਾਵੇ|
ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਗਮਾਡਾ ਵੱਲੋਂ ਬੀਤੀ 4 ਜੁਲਾਈ ਨੂੰ ਨੋਟੀਫਿਕੇਸ਼ਨ ਕਰਕੇ ਨਵੀਂ ਪਾਲਸੀ ਜਾਰੀ ਕੀਤੀ ਗਈ ਹੈ| ਜਿਸ ਵਿੱਚ ਐਲ ਆਈ ਜੀ, ਐਚ ਈ ਅਤੇ ਈ ਡਬਲਿਊ ਐਸ ਮਕਾਨਾਂ ਲਈ ਸ਼ਰਤਾਂ ਤੈਅ ਕੀਤੀਆਂ ਗਈਆਂ ਹਨ| ਮੰਗ ਪੱਤਰ ਵਿਚ ਕਿਹਾ ਗਿਆ ਹੈ ਕਿ ਸ਼ਹਿਰ ਦੀਆਂ 42 ਨਾਗਰਿਕ ਭਲਾਈ ਜੱਥੇਬੰਦੀਆਂ ਨੇ ਇੱਕ ਮਤ ਹੋ ਕੇ ਗਮਾਡਾ ਦੀ ਇਸ ਨਵੀਂ ਪਾਲਸੀ ਨੂੰ ਨਾਮੰਜੂਰ ਕਰਦਿਆਂ ਇਸ ਸਬੰਧੀ ਆਪਣਾ ਰੋਸ ਜਾਹਿਰ ਕੀਤਾ ਹੈ ਕਿਉਂਕਿ  ਗਮਾਡਾ ਵੱਲੋਂ ਤਿਆਰ ਕੀਤੀ ਗਈ ਇਹ ਅੱਧੀ ਅਧੂਰੀ ਪਾਲਸੀ ਉਲਟਾ ਲੋਕਾਂ ਤੇ ਭਾਰ ਪਾਉਣ ਵਾਲੀ ਹੈ|
ਇਸ ਮੌਕੇ ਵਫਦ ਨੇ ਮੁੱਖ ਪ੍ਰਸ਼ਾਸ਼ਕ ਦੇ ਧਿਆਨ ਵਿੱਚ ਲਿਆਂਦਾ ਕਿ ਗਮਾਡਾ ਦੀ ਨਵੀਂ ਪਾਲਸੀ ਵਿੱਚ ਐਚ ਈ ਦੇ ਮਕਾਨਾਂ ਲਈ ਵਿਹੜੇ ਦੀ ਥਾਂ ਤੇ ਕਮਰਾ ਅਤੇ ਲੋਹੇ ਦੀ ਪੌੜੀ (ਹਟਾਉਣਯੋਗ) ਲਗਾਉਣ ਦੀ ਇਜਾਜਤ ਦਿਤੀ ਹੈ ਜਦੋਂਕਿ ਇਹਨਾਂ ਮਕਾਨਾਂ ਵਿੱਚ ਵਾਧੂ ਕਮਰਾ ਅਤੇ ਪੱਕੀ ਪੌੜੀ ਬਣਾਉਣ ਦੀ ਗਮਾਡਾ ਵੱਲੋਂ ਪਹਿਲਾਂ ਹੀ ਇਜਾਜਤ ਦਿਤੀ ਹੋਈ ਹੈ ਜਿਸਦੇ ਗਮਾਡਾ ਵੱਲੋਂ ਬਾਕਾਇਦਾ ਨਕਸ਼ੇ ਵੀ ਪਾਸ ਕੀਤੇ ਗਏ ਹਨ|
ਵਫਦ ਨੇ ਕਿਹਾ ਕਿ ਐਚ ਈ, ਐਲ ਆਈ ਜੀ ਅਤੇ ਈ ਡਬਲਿਊ ਐਸ ਮਕਾਨਾਂ ਦੇ ਵਸਨੀਕਾਂ ਵਿੱਚ 99 ਫੀਸਦੀ ਨੇ ਪਹਿਲਾਂ ਹੀ ਲੋੜ ਅਨੁਸਾਰ ਉਸਾਰੀਆਂ ਕੀਤੀਆਂ ਹੋਈਆਂ ਹਨ ਅਤੇ ਨਵੀਂ ਪਾਲਸੀ ਲਾਗੂ ਕਰਕੇ ਗਮਾਡਾ ਨੇ ਇਹਨਾਂ ਗਰੀਬ ਲੋਕਾਂ ਤੇ ਜੁਰਮਾਨਾ ਲਗਾਉਣ ਦੀ ਗੱਲ ਕੀਤੀ ਹੈ ਜੋ ਕਿਸੇ ਵੀ ਪੱਖੋਂ ਬਰਦਾਸ਼ਤਯੋਗ ਨਹੀਂ ਹੈ| ਵਫਦ ਨੇ ਮੰਗ ਕੀਤੀ ਕਿ ਗਮਾਡਾ ਵੱਲੋਂ ਇਹਨਾਂ ਮਕਾਨਾਂ ਨੂੰ ਇੰਨ ਬਿੰਨ ਰੈਗੁਲਾਈਜ ਕੀਤਾ            ਜਾਵੇ|
ਸ੍ਰੀ ਸ਼ਰਮਾ ਨੇ ਦਸਿਆਂ ਕਿ ਮੁੱਖ ਪ੍ਰਸ਼ਾਸ਼ਕ ਨੇ ਵਫਦ ਦੀਆਂ ਦਲੀਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਇਸ ਸਬੰਧੀ ਲੋੜੀਂਦੀ ਕਾਰਵਾਈ ਦਾ ਭਰੋਸਾ ਦਿਤਾ| ਵਫਦ ਵਿੱਚ ਹੋਰਨਾਂ ਤੋਂ ਇਲਾਵਾ ਸ੍ਰ. ਸਤਵੀਰ ਸਿੰਘ ਧਨੋਆ ਅਤੇ ਸ੍ਰ. ਕਮਲਜੀਤ ਸਿੰਘ ਰੂਬੀ          (ਦੋਵੇਂ ਕੌਂਸਲਰ), ਸ੍ਰ. ਬਲਜੀਤ ਸਿੰਘ ਕੁੰਭੜਾ, ਸ੍ਰੀ ਰਮੇਸ਼ ਵਰਮਾ, ਡਾ. ਯਾਦਵਿੰਦਰ ਸਿੰਘ, ਸ੍ਰ. ਮੋਹਣ ਸਿੰਘ, ਸ੍ਰ. ਡੀ ਐਸ ਸ਼ਰਮਾ, ਸ੍ਰ. ਸ਼ੇਰ ਸਿੰਘ, ਸ੍ਰੀ ਖੇਮ ਚੰਦ, ਸ੍ਰੀ ਦੀਪਕ ਮਲਹੋਤਰਾ, ਸ੍ਰੀ ਪੀ ਡੀ ਵਧਵਾ, ਸ੍ਰ. ਜੈ ਸਿੰਘ ਸੈਂਭੀ, ਸ੍ਰੀ ਉ ਪੀ ਰੁੱਟਾਨੀ, ਸ੍ਰ. ਮਨਮੋਹਨ ਸਿੰਘ ਅਤੇ ਸ੍ਰ. ਰਜਿੰਦਰ ਸਿੰਘ ਵੀ ਸ਼ਾਮਿਲ ਹਨ|

Leave a Reply

Your email address will not be published. Required fields are marked *