ਸਿਡਨੀ ਟੈਸਟ: ਭਾਰਤ ਵਲੋਂ 622 ਤੇ ਪਾਰੀ ਸਮਾਪਤੀ ਦਾ ਐਲਾਨ,ਆਸਟ੍ਰੇਲੀਆ ਨੇ ਬਣਾਏ 24 ਰਨ

ਸਿਡਨੀ, 4 ਜਨਵਰੀ (ਸ.ਬ.) ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਜਾ ਰਹੇ ਚੌਥੇ ਤੇ ਅੰਤਿਮ ਟੈਸਟ ਦੇ ਦੂਜੇ ਦਿਨ ਭਾਰਤ ਵੱਲੋਂ ਪਹਿਲੀ ਪਾਰੀ ਵਿੱਚ 7 ਵਿਕਟਾਂ ਦੇ ਨੁਕਸਾਨ ਤੇ 622 ਦੌੜਾਂ ਬਣਾਉਣ ਦੇ ਜਵਾਬ ਵਿੱਚ ਆਸਟਰੇਲੀਆ ਨੇ ਬਿਨਾ ਵਿਕਟ ਗੁਆਏ 24 ਦੌੜਾਂ ਬਣਾ ਲਈਆਂ ਹਨ| ਮਾਰਕਸ ਹੈਰਿਸ 19 ਅਤੇ ਉਸਮਾਨ ਖਵਾਜਾ 5 ਦੌੜਾਂ ਬਣਾ ਕੇ ਕ੍ਰੀਜ਼ ਤੇ ਹਨ| ਆਸਟਰੇਲੀਆ ਅਜੇ ਵੀ ਭਾਰਤ ਤੋਂ 599 ਦੌੜਾਂ ਪਿੱਛੇ ਹੈ| ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ਪੁਜਾਰਾ ਅਤੇ ਪੰਤ ਦੇ ਸੈਂਕੜਿਆਂ ਦੀ ਬਦੌਲਤ 622/7 ਦੌੜਾਂ ਤੇ ਐਲਾਨ ਦਿੱਤੀ| ਰਿਸ਼ਭ ਪੰਤ 159 ਦੌੜਾਂ ਤੇ ਅਜੇਤੂ ਰਹੇ| ਇਸ ਤੋਂ ਪਹਿਲਾਂ ਟੀਮ ਇੰਡੀਆ ਨੂੰ ਸਿਡਨੀ ਟੈਸਟ ਦੇ ਦੂਜੇ ਦਿਨ ਭਾਵ ਅੱਜ ਹਨੁਮਾ ਵਿਹਾਰੀ ਦੇ ਰੂਪ ਵਿੱਚ ਪਹਿਲਾ ਝਟਕਾ ਲੱਗਾ| ਹਨੁਮਾ ਵਿਹਾਰੀ 42 ਦੌੜਾਂ ਦੇ ਨਿੱਜੀ ਸਕੋਰ ਤੇ ਨਾਥਨ ਲਿਓਨ ਦੀ ਗੇਂਦ ਤੇ ਮਾਰਨਸ ਲੈਬੁਸ਼ੇਨ ਹੱਥੋਂ ਕੈਚ ਹੋ ਕੇ ਆਊਟ ਹੋਏ| ਇਸ ਤੋਂ ਬਾਅਦ ਚੇਤੇਸ਼ਵਰ ਪੁਜਾਰਾ ਨੇ ਰਿਸ਼ਭ ਪੰਤ ਦੇ ਨਾਲ ਛੇਵੇਂ ਵਿਕਟ ਲਈ 89 ਦੌੜਾਂ ਦੀ ਸਾਂਝੇਦਾਰੀ ਕਰਦੇ ਹੋਏ ਟੀਮ ਇੰਡੀਆ ਨੂੰ 400 ਦੌੜਾਂ ਦੇ ਪਾਰ ਪਹੁੰਚਾਇਆ| ਪੁਜਾਰਾ ਦੋਹਰੇ ਸੈਂਕੜੇ ਦੇ ਬੇਹੱਦ ਕਰੀਬ ਸਨ ਪਰ ਨਾਥਨ ਲੀਓਨ ਦੀ ਇਕ ਗੇਂਦ ਨੇ ਉਨ੍ਹਾਂ ਦੇ ਅਰਮਾਨਾਂ ਤੇ ਪਾਣੀ ਫੇਰ ਦਿੱਤਾ| ਪੁਜਾਰਾ ਨੇ 22 ਚੌਕਿਆਂ ਦੀ ਮਦਦ ਨਾਲ 193 ਦੌੜਾਂ ਬਣਾਈਆਂ| ਪੁਜਾਰਾ ਨੇ 9 ਘੰਟੇ 7 ਮਿੰਟ ਕ੍ਰੀਜ਼ ਤੇ ਬਿਤਾਉਂਦੇ ਹੋਏ ਇਹ ਪਾਰੀ ਖੇਡੀ| ਲਿਓਨ ਨੇ ਆਪਣੀ ਹੀ ਗੇਂਦ ਤੇ ਪੁਜਾਰਾ ਦਾ ਕੈਚ ਫੜਿਆ| ਜਦਕਿ ਰਵਿੰਦਰ ਜਡੇਜਾ 81 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਆਊਟ ਹੋਏ|

Leave a Reply

Your email address will not be published. Required fields are marked *