ਸਿਡਨੀ : ਤੀਜੇ ਦਿਨ ਦੀ ਖੇਡ ਖਤਮ ਹੋਣ ਵੇਲੇ ਭਾਰਤ ਦੀ ਸਥਿਤੀ ਮਜਬੂਤ

ਸਿਡਨੀ, 5 ਜਨਵਰੀ (ਸ.ਬ.) ਆਸਟਰੇਲੀਆ ਅਤੇ ਭਾਰਤ ਵਿਚਾਲੇ ਚੌਥੇ ਅਤੇ ਆਖਰੀ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਖਰਾਬ ਰੌਸ਼ਨੀ ਕਾਰਨ ਰੋਕ ਦਿੱਤੀ ਗਈ ਹੈ| ਆਸਟਰੇਲੀਆ ਨੇ 6 ਵਿਕਟਾਂ ਗੁਵਾ ਕੇ 236 ਦੌੜਾਂ ਬਣਾ ਲਈਆਂ ਸੀ| ਪੀਟਰ ਹੈਂਡਸਕਾਂਬ (28 ਦੌੜਾਂ) ਅਤੇ ਪੈਟ ਕਮਿੰਸ (25ਦੌੜ) ਕ੍ਰੀਜ਼ ਤੇ ਮੌਜੂਦ ਸੀ| ਆਸਟਰੇਲੀਆ ਅਜੇ ਵੀ ਭਾਰਤ ਤੋਂ 386 ਦੌੜਾਂ ਪਿੱਛੇ ਹੈ|
ਭਾਰਤ ਨੇ ਆਪਣੀ ਪਹਿਲੀ ਪਾਰੀ 622 ਦੌੜਾਂ ਤੇ ਐਲਾਨੀ| ਤੀਜੇ ਦਿਨ ਦੀ ਖੇਡ ਵਿੱਚ ਟੀਮ ਇੰਡੀਆ ਨੂੰ ਪਹਿਲੀ ਸਫਲਤਾ ਕੁਲਦੀਪ ਯਾਦਵ ਨੇ ਦਿਵਾਈ| ਕੁਲਦੀਪ ਨੇ ਉਸਮਾਨ ਖਵਾਜਾ ਨੂੰ ਮਿਡਵਿਕਟ ਤੇ ਚੇਤੇਸ਼ਵਰ ਪੁਜਾਰਾ ਦੇ ਹੱਥੋਂ ਕੈਚ ਕਰਾ ਕੇ ਪਵੇਲੀਅਨ ਵਾਪਸ ਭੇਜ ਦਿੱਤਾ| ਖਵਾਜਾ ਨੇ 71 ਗੇਂਦਾਂ ਤੇ ਤਿੰਨ ਚੌਕਿਆਂ ਦੇ ਨਾਲ 27 ਦੌੜਾਂ ਦੀ ਪਾਰੀ ਖੇਡੀ| ਇਸ ਤੋਂ ਬਾਅਦ ਬਲੁਸ਼ਾਨ ਅਤੇ ਮਾਰਕਸ ਹੈਰਿਸ ਦੀ ਸਾਂਝੇਦਾਰੀ ਨੂੰ ਤੋੜਨ ਵਿੱਚ ਕਾਮਯਾਬ ਹੋਏ ਸਪਿਨ ਗੇਂਦਬਾਜ਼ ਰਵਿੰਦਰ ਜਡੇਜਾ| ਜਡੇਜਾ ਨੇ ਲੰਚ ਤੋਂ ਬਾਅਦ ਆਪਣੇ ਦੂਜੇ ਹੀ ਓਵਰ ਵਿੱਚ ਮਾਰਕਸ ਹੈਰਿਸ (79) ਨੂੰ ਬੋਲਡ ਕਰਕੇ ਕ੍ਰੀਜ਼ ਤੋਂ ਚਲਦਾ ਕੀਤਾ| ਸੈਂਕੜੇ ਤੋਂ ਖੁੰਝੇ ਹੈਰਿਸ ਨੇ ਇਸ ਪਾਰੀ ਵਿੱਚ ਕੁਲ 8 ਚੌਕੇ ਲਗਾਏ| ਟੀਮ ਇੰਡੀਆ ਨੂੰ ਤੀਜੀ ਸਫਲਤਾ ਸਪਿਨਰ ਰਵਿੰਦਰ ਜਡੇਜਾ ਨੇ ਦਿਵਾਈ| ਜਡੇਜਾ ਨੇ ਬੱਲੇਬਾਜ਼ ਸ਼ਾਨ ਮਾਰਸ਼ ਨੂੰ ਸਿਰਫ 8 ਦੌੜਾਂ ਦੇ ਨਿੱਜੀ ਸਕੋਰ ਤੇ ਸਲਿਪ ਤੇ ਖੜ੍ਹੇ ਉਪ ਕਪਤਾਨ ਅਜਿੰਕਯ ਰਹਾਨੇ ਦੇ ਹੱਥੋਂ ਕੈਚ ਆਊਟ ਕਰਾਇਆ ਅਤੇ ਆਸਟਰੇਲੀਆ ਨੂੰ ਤੀਜਾ ਝਟਕਾ ਦਿੱਤਾ| ਇਸ ਤੋਂ ਬਾਅਦ ਮਰਨਸ ਲਬੁਸ਼ਾਨ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ ਮੁਹੰਮਦ ਸ਼ਮੀ ਨੇ| ਸ਼ਮੀ ਨੇ ਲਬੁਸ਼ਾਨ (38) ਨੂੰ ਸ਼ਾਰਟ ਮਿਡ ਵਿਕਟ ਤੇ ਖੜ੍ਹੇ ਅਜਿੰਕਯ ਰਹਾਨੇ ਦੇ ਹੱਥੋਂ ਕੈਚ ਆਊਟ ਕਰਵਾਇਆ| ਸ਼ਾਨਦਾਰ ਫਾਰਮ ਵਿੱਚ ਨਜ਼ਰ ਆਏ ਲਬੁਸ਼ਾਨ ਨੇ ਪਾਰੀ ਵਿੱਚ 7 ਚੌਕੇ ਲਗਾਏ| ਆਸਟਰੇਲੀਆ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਟ੍ਰੇਵਿਸ ਹੇਡ 20 ਦੌੜਾਂ ਦੇ ਨਿੱਜੀ ਸਕੋਰ ਤੇ ਆਊਟ ਹੋ ਗਏ| ਆਸਟਰੇਲੀਆ ਨੂੰ ਛੇਵਾਂ ਝਟਕਾ ਉਦੋਂ ਲੱਗਾ ਜਦੋਂ ਆਸਟਰੇਲੀਆਈ ਕਪਤਾਨ ਟਿਮ ਪੇਨ 5 ਦੌੜਾਂ ਦੇ ਨਿੱਜੀ ਸਕੋਰ ਤੇ ਆਊਟ ਹੋ ਗਿਆ| ਪੇਨ ਨੂੰ ਕੁਲਦੀਪ ਯਾਦਵ ਨੇ ਬੋਲਡ ਕੀਤਾ|

Leave a Reply

Your email address will not be published. Required fields are marked *