ਸਿਡਨੀ : ਬਲੈਕਟਾਊਨ ਹਸਪਤਾਲ ਵਿੱਚ ਮਰੀਜ਼ ਨੇ ਭਾਰਤੀ ਮੂਲ ਦੀ ਨਰਸ ਉਤੇ ਕੀਤਾ ਹਮਲਾ

ਸਿਡਨੀ, 29 ਅਗਸਤ (ਸ.ਬ.) ਸਿਡਨੀ ਦੇ ਬਲੈਕਟਾਊਨ ਹਸਪਤਾਲ ਵਿੱਚ ਇਕ ਭਾਰਤੀ ਮੂਲ ਦੀ ਨਰਸ ਉਤੇ ਚਾਕੂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ| ਇਹ ਘਟਨਾ ਬੀਤੇ ਦਿਨ ਦੀ ਹੈ| ਨਰਸ ਉਤੇ ਹਮਲਾ ਹਸਪਤਾਲ ਵਿੱਚ ਭਰਤੀ ਮਰੀਜ਼ ਵਲੋਂ ਹੀ ਕੀਤਾ ਗਿਆ| ਨਰਸ ਮਰੀਜ਼ ਦੀ ਦੇਖ-ਰੇਖ ਕਰਨ ਦੀ ਡਿਊਟੀ ਲੱਗੀ ਸੀ| 35 ਸਾਲਾ ਨਰਸ ਨੇ ਮੈਡੀਕਲ ਵਾਰਡ ਵਿੱਚ ਬੀਤੇ ਦਿਨੀਂ ਕੰਮ ਸ਼ੁਰੂ ਕੀਤਾ ਅਤੇ ਮਰੀਜ਼ ਨੂੰ ਦੇਖਣ ਲੱਗੀ, ਇਸ ਦੌਰਾਨ ਮਰੀਜ਼ ਨੇ ਉਸ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ| ਨਰਸ ਨੇ ਉਸ ਨੂੰ ਅਜਿਹਾ ਨਾ ਕਰਨ ਲਈ ਕਿਹਾ| ਮਰੀਜ਼ ਆਪਣੇ ਮੋਬਾਇਲ ਫੋਨ ਤੋਂ ਮਰੀਜ਼ਾਂ ਦੇ ਕਮਰੇ ਵਿਚ ਜਾ ਕੇ ਤਸਵੀਰਾਂ ਖਿੱਚਣ ਲੱਗ ਪਿਆ|
ਇਸ ਮਗਰੋਂ ਉਹ ਸਟਾਫ ਰੂਮ ਵਿਚ ਗਿਆ ਅਤੇ ਉਥੋਂ ਦੋ ਚਾਕੂ ਚੁੱਕ ਲਏ| ਇਸ ਗੱਲ ਤੋਂ ਅਣਜਾਣ ਡਿਊਟੀ ਕਰ ਰਹੀ ਨਰਸ ਉਸ ਦੇ ਪਿੱਛੇ ਸਟਾਫ ਰੂਮ ਵਿਚ ਚਲੀ ਗਈ ਅਤੇ ਉਸ ਨੂੰ ਵਾਪਸ ਮਰੀਜ਼ਾਂ ਦੇ ਕਮਰੇ ਵਿਚ ਲਿਜਾਉਣ ਦੀ ਕੋਸ਼ਿਸ਼ ਕੀਤੀ ਤਾਂ ਮਰੀਜ਼ ਨੇ ਨਰਸ ਦੇ ਗੁੱਟ ਉਤੇ ਚਾਕੂ ਨਾਲ ਹਮਲਾ ਕਰ ਦਿੱਤਾ| ਇਸ ਹਮਲੇ ਦੌਰਾਨ ਉਸ ਦੀ ਬਾਂਹ ਜ਼ਖਮੀ ਹੋ ਗਈ| ਇਕ ਬਜ਼ੁਰਗ ਮਰੀਜ਼ ਨੇ ਨਰਸ ਦੀ ਮਦਦ ਕੀਤੀ ਅਤੇ ਹਮਲਾਵਰ ਮਰੀਜ਼ ਨੂੰ ਕਿਸੇ ਤਰ੍ਹਾਂ ਸਟਾਫ ਰੂਮ ਅੰਦਰ ਬੰਦ ਕਰ ਦਿੱਤਾ ਗਿਆ| ਇਸ ਤੋਂ ਬਾਅਦ ਸਕਿਓਰਿਟੀ ਅਤੇ ਪੁਲੀਸ ਨੂੰ ਸੂਚਨਾ ਦਿੱਤੀ ਗਈ| ਮੌਕੇ ਉਤੇ ਪੁੱਜੀ ਪੁਲੀਸ ਨੇ 47 ਸਾਲਾ ਮਰੀਜ਼ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ ਵੈਸਟਮੀਡ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ| ਪੁਲੀਸ ਨੇ ਮਰੀਜ਼ ਉਤੇ ਨਰਸ ਨੂੰ ਸਰੀਰਕ ਰੂਪ ਨਾਲ ਜ਼ਖਮੀ ਕਰਨ ਦੇ ਦੋਸ਼ ਲਾਏ ਹਨ| ਦੋਸ਼ੀ ਮਰੀਜ਼ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ| ਇਸ ਹਮਲੇ ਮਗਰੋਂ ਨਿਊ ਸਾਊਥ ਵੇਲਜ਼ ਵਿਚ ਸਿਹਤ ਕਰਮੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ| ਹਸਪਤਾਲ ਵਿੱਚ ਕਰਮਚਾਰੀਆਂ ਦੀ ਸੁਰੱਖਿਆ ਕਈ ਸਾਲਾਂ ਤੋਂ ਇਕ ਵਿਵਾਦਿਤ ਮੁੱਦਾ ਰਿਹਾ ਹੈ| ਸਾਲ 2011 ਵਿਚ ਮਹਿਲਾ ਸਟਾਫ ਮੈਂਬਰ ਉਤੇ ਬੇਰਹਿਮੀ ਭਰੇ ਹਮਲੇ ਮਗਰੋਂ ਪ੍ਰਦਰਸ਼ਨ ਤੋਂ ਬਾਅਦ ਨਰਸਾਂ ਨੌਕਰੀ ਛੱਡ ਰਹੀਆਂ ਹਨ|

Leave a Reply

Your email address will not be published. Required fields are marked *