ਸਿਡਨੀ ਵਿੱਚ ਨਵੇਂ ਸਾਲ ਮੌਕੇ ਹਮਲੇ ਦੀਆਂ ਧਮਕੀਆਂ ਦੇਣ ਦੇ ਦੋਸ਼ ਵਿੱਚ ਇੱਕ ਗ੍ਰਿਫ਼ਤਾਰ

ਸਿਡਨੀ, 30 ਦਸੰਬਰ (ਸ.ਬ.) ਆਸਟਰੇਲੀਆ ਸਮੇਤ ਪੂਰੀ ਦੁਨੀਆ ਵਿੱਚ ਇਸ ਸਮੇਂ ਨਵੇਂ ਸਾਲ ਦੀਆਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ| ਨਵੇਂ ਸਾਲ ਦੀ ਸ਼ੁਰੂਆਤ ਹਰ ਸਾਲ ਸਿਡਨੀ ਹਾਰਬਰ ਤੇ ਹੋਣ ਵਾਲੀ ਆਤਿਸ਼ਬਾਜ਼ੀ ਨਾਲ ਹੁੰਦੀ ਹੈ| ਇਸ ਪਿੱਛੋਂ ਪੂਰੀ ਦੁਨੀਆ ਵਿੱਚ ਨਵੇਂ ਸਾਲ ਦੇ ਸਮਾਰੋਹ ਸ਼ੁਰੂ ਹੋ ਜਾਂਦੇ ਹਨ| ਸਿਡਨੀ ਵਿੱਚ ਮਨਾਏ ਜਾਣ ਵਾਲੇ ਇਨ੍ਹਾਂ ਜਸ਼ਨਾਂ ਵਿੱਚ ਇੱਕ ਵਿਅਕਤੀ ਰੰਗ ਵਿੱਚ ਭੰਗ ਪਾਉਣ ਦੀ ਕੋਸ਼ਿਸ਼ ਵਿੱਚ ਸੀ, ਜਿਸ ਨੂੰ ਆਸਟਰੇਲੀਆ ਦੀ ਅੱਤਵਾਦ ਰੋਕੂ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ| ਪੁਲਸ ਅਧਿਕਾਰੀਆਂ ਨੇ ਦੱਸਿਆ ਕਿ 40 ਸਾਲਾ ਡੈਮੀਅਨ ਓਨੀਲ ਨਾਮੀ ਉਕਤ ਵਿਅਕਤੀ ਨੇ ਨਵੇਂ ਸਾਲ ਮੌਕੇ ਸਿਡਨੀ ਵਿੱਚ ਹਮਲਾ ਕਰਨ ਦੀ ਧਮਕੀ ਦਿੱਤੀ ਸੀ| ਉਨ੍ਹਾਂ ਦੱਸਿਆ ਕਿ ਓਨੀਲ ਨੇ ਇਹ ਧਮਕੀ ਆਨਲਾਈਨ ਦਿੱਤੀ ਸੀ, ਜਿਸ ਵਿੱਚ ਉਸ ਨਵੇਂ ਸਾਲ ਦੇ ਜਸ਼ਨਾਂ ਮੌਕੇ ਲੋਕਾਂ ਨੂੰ ਮਾਰਨ ਅਤੇ ਜ਼ਖ਼ਮੀ ਕਰਨ ਦੀ ਗੱਲ ਕਹੀ ਸੀ| ਅਧਿਕਾਰੀਆਂ ਮੁਤਾਬਕ ਵੀਰਵਾਰ ਨੂੰ ਓਨੀਲ ਨੂੰ ਸਿਡਨੀ ਦੇ ਹਵਾਈ ਅੱਡੇ ਤੋਂ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਲੰਡਨ ਤੋਂ ਆਏ ਜਹਾਜ਼ ਵਿੱਚੋਂ ਉਤਰ ਰਿਹਾ ਸੀ| ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਹੀ ਪਿਛਲੇ ਹਫ਼ਤੇ ਮੈਲਬੌਰਨ ਵਿੱਚ ਪੁਲੀਸ ਨੇ ਛਾਪੇ ਮਾਰੇ ਸਨ ਅਤੇ ਸ਼ਹਿਰ ਦੀਆਂ ਮਹੱਤਵਰਪੂਨ ਥਾਂਵਾਂ ਤੇ ਕ੍ਰਿਸਮਸ ਦੀ ਪੂਰਵਲੀ ਸ਼ਾਮ ਨੂੰ ਹਮਲਿਆਂ ਦੀਆਂ ਯੋਜਨਾਵਾਂ ਨੂੰ ਅਸਫਲ ਕੀਤਾ ਸੀ| ਨਿਊ ਸਾਊਥ ਵੇਲਜ਼ ਸੂਬੇ ਦੀ ਕਾਰਜਕਾਰੀ ਡਿਪਟੀ ਕਮਿਸ਼ਨਰ ਨੇ ਫਰੈਂਕ ਮੇਨਿਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਓਨੀਲ ਦਾ ਕਿਸੇ ਵੀ ਅੱਤਵਾਦੀ ਸੰਗਠਨ ਨਾਲ ਸੰਬੰਧ ਨਹੀਂ ਹੈ| ਪੁਲੀਸ ਨੇ ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਉਸ ਦੀ ਜ਼ਮਾਨਤ ਦੀ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਗਿਆ|

Leave a Reply

Your email address will not be published. Required fields are marked *