ਸਿਡਨੀ ਵਿੱਚ ਮਿੰਨੀ ਵੈਨ ਤੇ ਕਾਰ ਵਿਚਾਲੇ ਭਿਆਨਕ ਟੱਕਰ, ਔਰਤ ਸਮੇਤ 3 ਬੱਚੇ ਜ਼ਖਮੀ

ਸਿਡਨੀ, 5 ਸਤੰਬਰ (ਸ.ਬ.) ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿੱਚ ਅੱਜ ਸਵੇਰ ਨੂੰ ਇਕ ਮਿੰਨੀ ਵੈਨ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ| ਇਸ ਹਾਦਸੇ ਵਿਚ ਦੋਹਾਂ ਵਾਹਨਾਂ ਵਿੱਚ ਸਵਾਰ ਲੋਕ ਜ਼ਖਮੀ ਹੋ ਗਏ| ਐਮਰਜੈਂਸੀ ਸੇਵਾ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 8.30 ਵਜੇ ਹਾਦਸੇ ਦੀ ਸੂਚਨਾ ਮਿਲੀ| ਇਹ ਹਾਦਸਾ ਦੱਖਣੀ ਸਿਡਨੀ ਦੇ ਪੀਕਹਸਟ ਵਿੱਚ ਵਾਪਰਿਆ| ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਵਾਹਨਾਂ ਦੀ ਟੱਕਰ ਕਾਰਨ ਹੋਰ ਵਾਹਨਾਂ ਦੀ ਵੀ ਆਪਸ ਵਿੱਚ ਟੱਕਰ ਹੋ ਗਈ| ਅਧਿਕਾਰੀਆਂ ਮੁਤਾਬਕ ਮਿੰਨੀ ਵੈਨ ਨੂੰ ਔਰਤ ਡਰਾਈਵ ਕਰ ਰਹੀ ਸੀ, ਜਿਸ ਵਿੱਚ 3 ਬੱਚੇ ਸਵਾਰ ਸਨ|
ਟੱਕਰ ਇੰਨੀ ਭਿਆਨਕ ਸੀ ਕਿ ਮਿੰਨੀ ਵੈਨ ਵਿੱਚ ਔਰਤ ਫਸ ਗਈ, ਜਿਸ ਨੂੰ ਐਮਰਜੈਂਸੀ ਅਧਿਕਾਰੀਆਂ ਨੇ ਬਾਹਰ ਕੱਢਿਆ| ਇਸੇ ਵਾਹਨ ਵਿੱਚ ਸਵਾਰ 3 ਬੱਚੇ ਵੀ ਜ਼ਖਮੀ ਹੋ ਗਏ, ਜਿਨ੍ਹਾਂ ਦੇ ਹੱਥ ਮਾਮੂਲੀ ਰੂਪ ਨਾਲ ਕੱਟੇ ਗਏ| ਅਧਿਕਾਰੀਆਂ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਦੋ ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ, ਜਿਨ੍ਹਾਂ ਦਾ ਹਾਦਸੇ ਵਾਲੀ ਥਾਂ ਉਤੇ ਇਲਾਜ ਕੀਤਾ ਗਿਆ ਅਤੇ ਫਿਰ ਹਸਪਤਾਲ ਪਹੁੰਚਾਇਆ ਗਿਆ| ਹਾਦਸੇ ਵਾਲੀ ਥਾਂ ਉਤੇ 6 ਐਂਬੂਲੈਂਸ ਪੁੱਜੀਆਂ| ਐਂਬੂਲੈਂਸ ਬੁਲਾਰੇ ਨੇ ਕਿਹਾ ਕਿ ਵੈਨ ਸਵਾਰ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ| ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ 9.40 ਵਜੇ ਦੋਹਾਂ ਵਾਹਨਾਂ ਨੂੰ ਸੜਕ ਤੋਂ ਹਟਾ ਦਿੱਤਾ ਗਿਆ| ਐਮਰਜੈਂਸੀ ਸੇਵਾ ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਮਿੰਨੀ ਵੈਨ ਸਕੂਲ ਦੀ ਸੀ, ਜਿਸ ਵਿੱਚ ਬੱਚੇ ਸਵਾਰ ਸਨ|

Leave a Reply

Your email address will not be published. Required fields are marked *