ਸਿਰਫ ਏਜੰਟਾਂ ਦੀ ਹੀ ਨਹੀਂ ਬਲਕਿ ਪ੍ਰਾਈਵੇਟ ਫਾਈਨਾਂਸਰਾਂ ਦੀ ਲੁੱਟ ਦਾ ਵੀ ਸ਼ਿਕਾਰ ਹੁੰਦੇ ਹਨ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਮੋਟੇ ਵਿਆਜ ਤੇ ਲਈ ਰਕਮ ਮੋੜਣ ਵਿੱਚ ਸਾਲਾਂ ਬੱਧੀ ਘਿਸਾਉਂਦੇ ਹਨ ਅੱਡੀਆਂ, ਕਈ ਤਰ੍ਹਾਂ ਦੇ ਦਬਾਓ ਵਿੱਚ ਸਮਾਂ ਲੰਘਾਉਂਦੇ ਹਨ ਨੌਜਵਾਨ ਅੱਡੀਆਂ

ਐਸ ਏ ਐਸ ਨਗਰ, 25 ਮਾਰਚ (ਸ.ਬ.) ਅੱਜ ਕੱਲ ਜਿਸਨੂੰ ਵੀ ਵੇਖੋ ਉਹ ਵਿਦੇਸ਼ ਜਾਣ ਦੀਆਂ ਤਿਆਰੀਆਂ ਵਿੱਚ ਨਜਰ ਆਉਂਦਾ ਹੈ ਅਤੇ ਇਹੀ ਕਾਰਨ ਹੈ ਕਿ ਪੰਜਾਬ ਵਿੱਚ ਆਈਲੈਟਸ ਕਰਵਾਉਣ ਅਤੇ ਵਿਦੇਸ਼ ਭੇਜਣ ਦਾ ਕੰਮ ਕਰਨ ਵਾਲੇ ਏਜੰਟਾਂ ਦਾ ਧੰਦਾ ਸਭਤੋਂ ਵੱਧ ਫਲ ਫੁੱਲ ਰਿਹਾ ਹੈ| ਇਸ ਧੰਦੇ ਵਿੱਚ ਜਿੱਥੇ ਅਜਿਹੇ ਵਿਅਕਤੀ ਵੀ ਹਨ ਜਿਹੜੇ ਸਾਫ ਸੁਥਰੇ ਤਰੀਕੇ ਨਾਲ ਕੰਮ ਕਰਦੇ ਹਨ ਉੱਥੇ ਅਜਿਹੇ ਏਜੰਟਾਂ ਦੀ ਵੀ ਭਰਮਾਰ ਹੈ ਜਿਹੜੇ ਆਪਣੇ ਕੋਲ ਆਉਣ ਵਾਲੇ ਲੋਕਾਂ ਨਾਲ ਠੱਗੀ ਕਰਦੇ ਹਨ|
ਵਿਦੇਸ਼ ਜਾ ਕੇ ਸਿਖਿਆ ਹਾਸਿਲ ਕਰਨ ਅਤੇ ਬਾਅਦ ਵਿੱਚ ਉੱਥੇ ਹੀ ਵਸ ਜਾਣ ਦਾ ਤਰੀਕਾ ਇਸ ਵੇਲੇ ਸਭਤੋਂ ਵੱਧ ਚਲਣ ਵਿੱਚ ਹੈ| ਪੰਜਾਬ ਵਿੱਚ ਵੱਡੀ ਗਿਣਤੀ ਨੌਜਵਾਨ ਵਿਦੇਸ਼ ਜਾਣ ਲਈ ਉੱਥੋਂ ਦੇ ਕਾਲਜਾਂ ਵਿੱਚ ਦਾਖਲਾ ਲੈ ਕੇ ਉੱਥੇ ਰਹਿਣ ਪਹੁੰਚਦੇ ਹਨ ਅਤੇ ਇੱਕ ਮੋਟੇ ਅਨੁਮਾਨ ਅਨੁਸਾਰ ਹਰ ਸਾਲ 70 ਹਜਾਰ ਦੇ ਕਰੀਬ ਪੰਜਾਬੀ ਨੌਜਵਾਨ ਸਿਖਿਆ ਹਾਸਿਲ ਕਰਨ ਲਈ ਕਨੇਡਾ, ਆਸਟ੍ਰੇਲੀਆ, ਨਿਊਜੀਲੈਂਡ ਅਤੇ ਹੋਰਨਾਂ ਮੁਲਕਾਂ ਵੱਲ ਜਾ ਰਹੇ ਹਨ| ਇਹ ਅਮਲ ਕਾਫੀ ਖਰਚੀਲਾ ਹੈ ਕਿਉਂਕਿ ਇਸ ਵਾਸਤੇ ਜਿੱਥੇ ਨੌਜਵਾਨਾਂ ਨੂੰ ਵਿਦੇਸ਼ੀ ਕਾਲਜਾਂ ਦੀਆਂ ਮੋਟੀਆਂ ਫੀਸਾਂ ਅਦਾ ਕਰਨੀਆਂ ਪੈਂਦੀਆਂ ਹਨ ਉੱਥੇ ਉਹਨਾਂ ਨੂੰ ਉੱਥੇ ਇੱਕ ਮੋਟੀ ਰਕਮ (ਇੱਕ ਸਾਲ ਦੇ ਖਰਚੇ ਬਰਾਬਰ) ਇੱਕ ਵਿਸ਼ੇਸ਼ ਖਾਤੇ (ਜੀ ਆਈ ਸੀ) ਵਿੱਚ ਜਮਾਂ ਕਰਵਾਉਣੀ ਪੈਂਦੀ ਹੈ ਜਿਹੜੀ ਬਾਅਦ ਵਿੱਚ ਉਹਨਾਂ ਦੇ ਜਰੂਰੀ ਖਰਚਿਆਂ ਲਈ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਮਿਲਦੀ ਹੈ| ਜਦੋਂ ਕੋਈ ਵਿਦਿਆਰਥੀ ਵਿਦੇਸ਼ ਸੱਟਡੀ ਬੇਸ ਤੇ ਜਾਂਦਾ ਹੈ, ਤਾਂ ਉਸ ਨੂੰ 25 ਤੋਂ 30 ਹਜਾਰ ਡਾਲਰ ਦੀ ਲੋੜ ਪੈਂਦੀ ਹੈ, ਜਿਸ ਵਿਚੋਂ 15-18 ਹਜਾਰ ਡਾਲਰ ਤਾਂ ਫੀਸ ਹੀ ਹੁੰਦੀ ਹੈ, ਜਦੋਂਕਿ 10 ਹਜਾਰ ਡਾਲਰ (ਜੀ ਆਈ ਸੀ) ਖਾਤੇ ਵਿਚ ਰਖਣੇ ਪੈਂਦੇ ਹਨ| ਭਾਰਤੀ ਕਰੰਸੀ ਵਿੱਚ ਇਹ ਰਕਮ 15 ਲੱਖ ਦੇ ਕਰੀਬ ਬਣਦੀ ਹੈ|
ਹਾਲਾਂਕਿ ਲਗਭਗ ਸਾਰੇ ਹੀ ਬੈਂਕ ਵਿਦੇਸ਼ ਵਿੱਚ ਪੜ੍ਹਾਈ ਕਰਨ ਜਾਣ ਵਾਲੇ ਨੌਜਵਾਨਾਂ ਨੂੰ ਕਰਜਾ ਦਿੰਦੇ ਹਨ ਪਰੰਤੂ ਬੈਂਕਾ ਦੀ ਪ੍ਰਕਿਆ ਥੋੜ੍ਹੀ ਗੁੰਝਲਦਾਰ ਹੋਣ ਕਾਰਨ ਜਿਆਦਾਤਰ ਪੰਜਾਬੀ ਨੌਜਵਾਨ ਵਿਦੇਸ਼ ਜਾਣ ਲਈ ਲੋੜੀਂਦੀ ਰਕਮ ਦਾ ਪ੍ਰਬੰਧ ਕਰਨ ਲਈ ਪ੍ਰਾਈਵੇਟ ਫਾਈਨਂੈਸਰਾਂ ਦੇ ਚੁੰਗਲ ਵਿਚ ਫਸਦੇ ਹਨ| ਇਹ ਪ੍ਰਾਈਵੇਟ ਫਾਇਨੈਂਸਰ ਟ੍ਰੈਵਲ ਏਜੰਟਾਂ ਦੇ ਜਾਣਕਾਰ ਹੁੰਦੇ ਹਨ ਅਤੇ ਏਜੰਟਾਂ ਵਲੋਂ ਹੀ ਨੌਜਵਾਨਾਂ ਨੂੰ ਇਹਨਾਂ ਫਾਈਨਾਂਸਰਾਂ ਨਾਲ ਮਿਲਵਾਇਆ ਜਾਂਦਾ ਹੈ| ਇਹ ਫਾਈਨਾਂਸਰ ਪੈਸੇ ਦੇਣ ਦੇ ਬਦਲੇ ਮੋਟਾ ਵਿਆਜ (5 ਤੋਂ 10 ਫੀਸਦੀ ਮਹੀਨਾਂ ਤਕ) ਲੈਂਦੇ ਹਨ ਅਤੇ ਇਹਨਾਂ ਨੌਜਵਾਨਾਂ ਤੋਂ ਅਜਿਹੇ ਕਈ ਕਾਗਜਾਂ ਤੇ ਦਸਤਖਤ ਕਰਵਾ ਲੈਂਦੇ ਹਨ ਤਾਂ ਜੋ ਇਹ ਨੌਜਵਾਨ ਲੰਮਾ ਸਮਾਂ ਇਹਨਾਂ ਦੇ ਚੁੰਗਲ ਵਿਚ ਫਸੇ ਰਹਿਣ| ਚਰਚਾ ਤਾਂ ਇਹ ਵੀ ਹੈ ਕਿ ਇਹ ਫਾਇਨੈਂਸਰ ਇਹਨਾਂ ਨੌਜਵਾਨਾਂ ਨੂੰ ਵਿਦੇਸ਼ਾਂ ਵਿਚਲੇ ਆਪਣੇ ਸੰਪਰਕਾਂ ਦੇ ਤਹਿਤ ਡਰਾਉਂਦੇ ਰਹਿੰਦੇ ਹਨ ਅਤੇ ਉਹਨਾਂ ਨੂੰ ਕਈ ਵਾਰ ਕਈ ਤਰ੍ਹਾਂ ਦੇ ਜਾਇਜ ਨਾਜਾਇਜ ਕੰਮ ਕਰਨ ਲਈ ਵੀ ਮਜਬੂਰ ਕੀਤਾ ਜਾਂਦਾ ਹੈ| ਵਿਦੇਸ਼ਾਂ ਵਿੱਚ ਪਹੁੰਚੇ ਪੰਜਾਬੀ ਨੌਜਵਾਨ ਇਹਨਾਂ ਦੇ ਕਹੇ ਅਨੁਸਾਰ ਕੰਮ ਕਰਨ ਲਈ ਮਜਬੂਰ ਹੁੰਦੇ ਹਨ ਅਤੇ ਉਹਨਾਂ ਨੂੰ ਨਾ ਚਾਹੁੰਦਿਆਂ ਹੋਇਆ ਵੀ ਇਹਨਾਂ ਫਾਇਨਾਂਸਰਾਂ ਦੀਆਂ ਗੱਲਾਂ ਮੰਨਣ ਲਈ ਮਜਬੂਰ ਹੋਣਾ ਪੈਂਦਾ ਹੈ|
ਵਿਦੇਸ਼ ਵਿੱਚ ਪੜਾਈ ਕਰਨ ਜਾਣ ਵਾਲੇ ਵਿਦਿਆਰਥੀ ਕਾਨੂੰਨੀ ਤੌਰ ਤੇ ਹਫਤੇ ਵਿੱਚ 20 ਘੰਟੇ ਤਕ ਕੰਮ ਕਰ ਸਕਦੇ ਹਨ ਜਿਸਦੇ ਉਹਨਾਂ ਨੂੰ 12-14 ਡਾਲਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਮਿਲਦੇ ਹਨ ਪਰੰਤੂ ਇਸ ਰਕਮ ਨਾਲ ਤਾਂ ਉਹਨਾਂ ਦਾ ਆਪਣਾ (ਰਹਿਣ -ਖਾਣ ਦਾ) ਖਰਚਾ ਵੀ ਪੂਰਾ ਨਹੀਂ ਹੁੰਦਾ| ਫਾਈਨਾਂਸਰਾਂ ਦਾ ਮੋਟਾ ਵਿਆਜ ਅਦਾ ਕਰਨ ਲਈ ਇਹ ਨੌਜਵਾਨ ਪ੍ਰਵਾਨਿਤ ਸਮੇਂ ਤੋਂ ਕਿਤੇ ਵੱਧ ਕੰਮ ਕਰਦੇ ਹਨ ਅਤੇ ਨੰਬਰ ਦੋ ਵਿੱਚ ਕੰਮ ਕਰਕੇ ਇਹਨਾਂ ਦਾ ਵਿਆਜ ਭਰਦੇ ਹਨ| ਅਜਿਹੀਆਂ ਵੀ ਸ਼ਿਕਾਇਤਾਂ ਹਨ ਕਿ ਅਜਿਹੇ ਕੁੱਝ ਫਾਇਨੈਂਸਰਾਂ ਵਲੋਂ ਨੌਜਵਾਨਾਂ ਨੂੰ ਡਰਾ ਧਮਕਾ ਕੇ ਇਹਨਾਂ ਤੋਂ ਦੋ ਨੰਬਰ ਦਾ ਸਾਮਾਨ ਇੱਕ ਥਾਂ ਤੋਂ ਦੂਜੀ ਥਾਂ ਤਕ ਪਹੁੰਚਾਉਣ ਦਾ ਕੰਮ ਵੀ ਲਿਆ ਜਾਂਦਾ ਹੈ|
ਜਿਹੜੇ ਵਿਦਿਆਰਥੀ ਅਤੇ ਨੌਜਵਾਨ ਇਹਨਾਂ ਫਾਇਨਾਂਸਰਾਂ ਤੋਂ ਕਰਜਾ ਲੈਂਦੇ ਹਨ ਉਹ ਸਾਲਾਂ ਬੱਧੀ ਇਹਨਾਂ ਦੇ ਮਕੜਜਾਲ ਵਿੱਚ ਫਸੇ ਰਹਿੰਦੇ ਹਨ| ਜਿੰਨੀ ਕੁ ਰਕਮ ਉਹ ਮੋੜਦੇ ਹਨ ਉਸ ਨਾਲ ਤਾਂ ਰਕਮ ਦਾ ਵਿਆਜ ਵੀ ਪੂਰਾ ਨਹੀਂ ਪੈਂਦਾ ਅਤੇ ਮੂਲ ਪੈਸਾ ਉਸੇ ਤਰਾਂ ਖੜਾ ਰਹਿੰਦਾ ਹੈ| ਜਿਹੜੇ ਵਿਦਿਆਰਥੀ ਵਿਦੇਸ਼ ਜਾ ਕੇ ਇਹਨਾਂ ਫਾਇਨਾਂਸਰਾਂ ਦਾ ਪੈਸਾ ਅਤੇ ਵਿਆਜ ਨਹੀਂ ਮੋੜ ਪਾਉਂਦੇ, ਉਹਨਾਂ ਵਿਦਿਆਰਥੀਆਂ ਨੂੰ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਇਹਨਾਂ ਫਾਇਨਂੈਸਰਾਂ ਵਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ| ਇਹਨਾਂ ਫਾਇਨੈਂਸਰਾਂ ਦੇ ਵਿਦੇਸ਼ਾਂ ਵਿਚ ਵੀ ਸੰਪਰਕ ਹੁੰਦੇ ਹਨ, ਜਿਸ ਕਾਰਨ ਇਹ ਵਿਦੇਸ਼ ਵਿੱਚ ਪੈਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਤੰਗ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਉਹਨਾਂ ਨੂੰ ਡਰਾਉਂਦੇ ਧਮਕਾਉਂਦੇ ਹਨ|
ਵੱਖ ਵੱਖ ਮੁਲਕਾਂ ਕਨੇਡਾ, ਆਸਟ੍ਰੇਲੀਆ ਨਿਊਜੀਲੈਂਡ ਆਦਿ ਵਿੱਚ ਪੜ੍ਹਣ ਗਏ ਅਜਿਹੇ ਕਈ ਵਿਦਿਆਰਥੀ ਦੱਸਦੇ ਹਨ ਕਿ ਉਹ ਵਿਦੇਸ਼ ਵਿਚ ਵਸਣ ਦਾ ਸੁਪਨਾ ਲੈ ਕੇ ਇੱਥੇ ਪੜ੍ਹਣ ਆਏ ਸੀ ਅਤੇ ਬੈਂਕਾਂ ਦੀ ਗੁੰਝਲਦਾਰ ਪ੍ਰਕ੍ਰਿਆ ਤੋਂ ਬਚਣ ਲਈ ਉਹਨਾਂ ਨੇ ਏਜੰਟਾਂ ਦੇ ਕਹਿਣ ਤੇ ਪ੍ਰਾਈਵੇਟ ਫਾਇਨੈਂਸਰਾਂ ਤੋਂ ਪੈਸਾ ਉਧਾਰ ਲਿਆ ਪਰ ਹੁਣ ਉਹ ਖੁਦ ਨੂੰ ਬੁਰੀ ਤਰ੍ਹਾਂ ਫਸਿਆ ਮਹਿਸੂਸ ਕਰਦੇ ਹਨ| ਜੇਕਰ ਉਹਨਾਂ ਵਲੋਂ ਫਾਇਨਂੈਸਰਾਂ ਤੋਂ ਲਏ ਪੈਸੇ ਦਾ ਵਿਆਜ ਮੋੜਨ ਵਿਚ ਕੁਝ ਦੇਰੀ ਹੋ ਜਾਂਦੀ ਹੈ ਤਾਂ ਇਹ ਫਾਇਨਂੈਸਰ ਉਹਨਾਂ ਦੇ ਪਰਿਵਾਰਾਂ ਨੂੰ ਡਰਾਉਣ ਧਮਕਾਉਣ ਲੱਗ ਜਾਂਦੇ ਹਨ ਅਤੇ ਇਹਨਾਂ ਦੇ ਵਿਦੇਸ਼ਾਂ ਵਿਚ ਸਥਿਤ ਏਜੰਟ ਵਿਦਿਆਰਥੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਜਾਂਦੇ ਹਨ| ਇਹ ਵਿਦਿਆਰਥੀ ਭਾਰੀ ਮਾਨਸਿਕ ਪੀੜਾ ਵਿੱਚ ਰਹਿੰਦੇ ਹਨ ਅਤੇ ਉੱਪਰੋਂ ਕੰਮ ਦਾ ਬੋਝ ਇਹਨਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ| ਵਿਦੇਸ਼ ਪੜਦੇ ਇਹ ਵਿਦਿਆਰਥੀ ਕਹਿੰਦੇ ਹਨ ਕਿ ਵਿਦੇਸ਼ ਵਿੱਚ ਜਿੰਦਗੀ ਇੰਨੀ ਸੁਖਾਲੀ ਨਹੀਂ ਜਿੰਨੀ ਆਮ ਲੋਕ ਸਮਝਦੇ ਹਨ ਅਤੇ ਇੱਥੇ ਰਹਿਣ ਲਈ ਉਹਨਾਂ ਨੂੰ ਦਿਨ ਵਿੱਚ 12 ਤੋਂ 16 ਘੰਟੇ ਤਕ ਕੰਮ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ| ਵਿਦੇਸ਼ ਵਿੱਚ ਰਹਿਣ ਦੇ ਖਰਚੇ, ਕਾਲੇਜ ਦੀਆਂ ਫੀਸਾਂ ਅਤੇ ਫਾਈਨਾਂਸਰਾਂ ਦਾ ਵਿਆਜ ਮੋੜਣ ਵਿੱਚ ਉਹਨਾਂ ਦੀਆਂ ਅੱਡੀਆਂ ਘਿਸ ਜਾਂਦੀਆਂ ਹਨ ਅਤੇ ਉਹਨਾਂ ਨੂੰ ਫਾਈਨਾਂਸਰਾਂ ਦੀ ਰਕਮ (ਵਿਆਜ ਸਮੇਤ) ਮੋੜਣ ਵਿੱਚ ਕਈ ਕਈ ਸਾਲ ਲੱਗ ਜਾਂਦੇ ਹਨ|
ਇਹ ਵਿਦਿਆਰਥੀ ਕਹਿੰਦੇ ਹਨ ਕਿ ਜਿਆਦਾਤਰ ਭਾਰਤੀ ਬੈਂਕ ਵਿਦੇਸ਼ ਵਿੱਚ ਪੜਾਈ ਲਈ ਜਾਣ ਵਾਲਿਆਂ ਨੂੰ ਲੋਨ ਦਿੰਦੇ ਹਨ| ਬੈਂਕਾ ਤੋਂ ਕਰਜਾ ਹਾਸਿਲ ਕਰਨ ਦੀ ਇਹ ਪ੍ਰਕਿਆ ਥੋੜ੍ਹੀ ਗੁੰਝਲਦਾਰ ਜਰੂਰ ਹੈ ਪਰੰਤੂ ਵਿਦੇਸ਼ ਪੜ੍ਹਣ ਦੇ ਚਾਹਵਾਨਾਂ ਨੂੰ ਬੈਂਕ ਤੋਂ ਹੀ ਕਰਜਾ ਲੈਣਾ ਚਾਹੀਦਾ ਹੈ ਕਿਉਂਕਿ ਪ੍ਰਾਈਵੇਟ ਫਾਈਨਾਂਸਰਾਂ ਤੋਂ ਕਰਜਾ ਭਾਵੇਂ ਆਸਾਨੀ ਨਾਲ ਮਿਲ ਜਾਂਦਾ ਹੈ ਪਰੰਤੂ ਇੱਕ ਤਾਂ ਇਹ ਬਹੁਤ ਮਹਿੰਗਾ ਪੈਂਦਾ ਹੈ ਅਤੇ ਇਸ ਕਾਰਨ ਵਿਦੇਸ਼ ਪੜ੍ਹਣ ਗਏ ਨੌਜਵਾਨਾਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪੈਂਦੀ ਹੈ| ਇਸ ਲਈ ਉਹਨਾਂ ਨੂੰ ਬੈਂਕਾਂ ਤੋਂ ਹੀ ਕਰਜਾ ਲੈਣਾ ਚਾਹੀਦਾ ਹੈ ਤਾਂ ਜੋ ਬਾਅਦ ਵਿੱਚ ਉਹਨਾਂ ਨੂੰ ਪ੍ਰਾਈਵੇਟ ਫਾਈਨਾਂਸਰਾਂ ਦੀ ਲੁੱਟ ਦਾ ਸ਼ਿਕਾਰ ਨਾ ਹੋਣਾ ਪਵੇ|

Leave a Reply

Your email address will not be published. Required fields are marked *