ਸਿਰਫ ਵਿਕਾਸ ਦੇ ਨਾਮ ਤੇ ਵੋਟਾਂ ਮੰਗ ਰਿਹਾ ਹੈ ਆਜ਼ਾਦ ਗਰੁੱਪ : ਕੁਲਵੰਤ ਸਿੰਘ ਵਾਰਡ ਨੰਬਰ 31 ਤੋਂ ਆਜ਼ਾਦ ਗਰੁੱਪ ਦੀ ਉਮੀਦਵਾਰ ਰਜਨੀ ਗੋਇਲ ਦੇ ਚੋਣ ਦਫਤਰ ਦਾ ਉਦਘਾਟਨ ਕੀਤਾ
ਐਸ ਏ ਐਸ ਨਗਰ, 27 ਜਨਵਰੀ (ਸ.ਬ.) ਆਜ਼ਾਦ ਗਰੁੱਪ ਸਿਰਫ ਵਿਕਾਸ ਦੇ ਨਾਮ ਤੇ ਹੀ ਵੋਟਾਂ ਮੰਗ ਰਿਹਾ ਹੈ ਅਤੇ ਵਿਕਾਸ ਦੇ ਮੁੱਦੇ ਤੇ ਹੀ ਚੋਣਾਂ ਲੜ ਰਿਹਾ ਹੈ। ਇਹ ਗੱਲ ਨਗਰ ਨਿਗਮ ਮੁਹਾਲੀ ਦੇ ਸਾਬਕਾ ਮੇਅਰ ਅਤੇ ਆਜ਼ਾਦ ਗਰੁੱਪ ਦੇ ਮੁਖੀ ਸz. ਕੁਲਵੰਤ ਸਿੰਘ ਨੇ ਵਾਰਡ ਨੰਬਰ 31 ਤੋਂ ਆਜ਼ਾਦ ਗਰੁੱਪ ਦੀ ਉਮੀਦਵਾਰ ਰਜਨੀ ਗੋਇਲ ਦੇ ਚੋਣ ਦਫਤਰ ਦੇ ਉਦਘਾਟਨ ਕਰਦਿਆਂ ਆਖੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੀਆਂ ਚੋਣਾਂ ਦੌਰਾਨ ਉਹਨਾਂ ਨੇ ਮੁਹਾਲੀ ਸ਼ਹਿਰ ਦੇ ਵਿਚ ਵਿਕਾਸ ਦੇ ਅਨੇਕਾਂ ਕੰਮ ਕਰਵਾਏ ਹਨ ਜਦ ਕਿ ਕਾਂਗਰਸ ਪਾਰਟੀ ਦੇ ਲੀਡਰ ਨੀਂਹ ਪੱਥਰ ਰੱਖ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ।
ਸ. ਕੁਲਵੰਤ ਸਿੰਘ ਨੇ ਇਹ ਵੀ ਕਿਹਾ ਕਿ ਮੁਹਾਲੀ ਦੇ ਲੋਕ ਪੜ੍ਹੇ ਲਿਖੇ ਹਨ ਇਸ ਲਈ ਉਹ ਪਾਰਟੀ ਦੇਖ ਕੇ ਨਹੀਂ ਸਗੋਂ ਕਿਰਦਾਰ ਦੇਖ ਕੇ ਵੋਟਾਂ ਪਾਉਣਗੇ। ਉਹਨਾਂ ਮੁਹਾਲੀ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਚੋਣ ਜਿੱਤਣ ਉਪਰੰਤ ਵਿਕਾਸ ਦੀ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਮੁਹਾਲੀ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ।