ਸਿਲੇਬਸ ਦੇ ਵੱਧ ਰਹੇ ਬੋਝ ਕਾਰਨ ਬੱਚਿਆਂ ਨੂੰ ਪ੍ਰੇਸ਼ਾਨੀ

ਸਰਕਾਰ ਨੇ ਸਕੂਲੀ ਬੱਚਿਆਂ ਦੇ ਸਿਲੇਬਸ ਦਾ ਬੋਝ ਘੱਟ ਕਰਨ ਦਾ ਜੋ ਫੈਸਲਾ ਕੀਤਾ ਹੈ, ਉਸਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ| ਕੇਂਦਰੀ ਮਨੁੱਖੀ ਸੰਸਾਧਨ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਬੀਤੇ ਦਿਨੀਂ ਕਿਹਾ ਕਿ ਐਨਸੀਈਆਰਟੀ ਦਾ ਕੋਰਸ ਮੁਸ਼ਕਿਲ ਹੈ ਅਤੇ ਸਰਕਾਰ ਇਸ ਨੂੰ ਘਟਾ ਕੇ ਅੱਧਾ ਕਰਨ ਵਾਲੀ ਹੈ| ਉਨ੍ਹਾਂ ਨੇ ਇਹ ਵੀ ਕਿਹਾ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਮਸੌਦੇ ਨੂੰ ਕੈਬਨਿਟ ਦੇ ਸਾਹਮਣੇ ਇਸ ਮਹੀਨੇ ਦੇ ਅੰਤ ਵਿੱਚ ਪੇਸ਼ ਕੀਤਾ ਜਾਵੇਗਾ, ਨਾਲ ਹੀ ਜੁਲਾਈ ਵਿੱਚ ਸਿੱਖਿਆ ਦਾ ਅਧਿਕਾਰ ਕਾਨੂੰਨ (ਆਰਟੀਈ) ਵਿੱਚ ਸੰਸ਼ੋਧਨ ਸਬੰਧੀ ਬਿਲ ਵੀ ਸੰਸਦ ਦੇ ਸਾਹਮਣੇ ਰੱਖਿਆ ਜਾਵੇਗਾ|
ਇਸ ਸੰਸ਼ੋਧਨ ਵਿੱਚ ਬੱਚਿਆਂ ਨੂੰ 5ਵੀਂ ਅਤੇ 8ਵੀਂ ਵਿੱਚ ਫੇਲ੍ਹ ਨਾ ਕਰਨ ਦਾ ਫੈਸਲਾ ਬਦਲਣ ਦੀ ਗੱਲ ਹੈ| ਇਸਦੇ ਤਹਿਤ ਰਾਜਾਂ ਨੂੰ ਇਹਨਾਂ ਜਮਾਤਾਂ ਦੀ ਪ੍ਰੀਖਿਆ ਆਪਣੇ ਤਰੀਕੇ ਨਾਲ ਲੈਣ ਦਾ ਅਧਿਕਾਰ ਦਿੱਤਾ ਜਾਵੇਗਾ| ਜਾਵੜੇਕਰ ਦੇ ਅਨੁਸਾਰ , ਸਰਕਾਰ ਛੋਟੇ ਬੱਚਿਆਂ ਦੇ ਬਸਤੇ ਦਾ ਬੋਝ ਘੱਟ ਕਰਨ ਲਈ ਵੀ ਇੱਕ ਬਿਲ ਪੇਸ਼ ਕਰ ਰਹੀ ਹੈ, ਜਿਸ ਵਿੱਚ ਸਕੂਲਾਂ ਵੱਲੋਂ ਬੱਚਿਆਂ ਨੂੰ ਹੋਮਵਰਕ ਨਾ ਦੇਣ ਦਾ ਨਿਯਮ ਵੀ ਹੋਵੇਗਾ| ਮਦਰਾਸ ਹਾਈਕੋਰਟ ਨੇ 30 ਮਈ ਨੂੰ ਇੱਕ ਮੱਧਵਰਤੀ ਆਦੇਸ਼ ਵਿੱਚ ਕੇਂਦਰ ਨੂੰ ਕਿਹਾ ਸੀ ਕਿ ਉਹ ਰਾਜ ਸਰਕਾਰਾਂ ਨੂੰ ਨਿਰਦੇਸ਼ ਜਾਰੀ ਕਰੇ ਕਿ ਉਹ ਸਕੂਲੀ ਬੱਚਿਆਂ ਦੇ ਬਸਤੇ ਦਾ ਭਾਰ ਘਟਾਉਣ ਅਤੇ ਪਹਿਲੀ – ਦੂਜੀ ਜਮਾਤ ਦੇ ਬੱਚਿਆਂ ਨੂੰ ਹੋਮਵਰਕ ਤੋਂ ਛੁਟਕਾਰਾ ਦਿਵਾਉਣ|
ਸਰਕਾਰ ਨੇ ਸ਼ਾਇਦ ਪਹਿਲੀ ਵਾਰ ਇਹ ਸਵੀਕਾਰ ਕੀਤਾ ਹੈ ਕਿ ਐਨਸੀਆਰਟੀਈ ਦਾ ਸਿਲੇਬਸ ਮੁਸ਼ਕਿਲ ਹੈ| ਦੇਸ਼ ਦੇ ਜਿਆਦਾਤਰ ਸਕੂਲਾਂ ਵਿੱਚ ਇਹੀ ਸਿਲੇਬਸ ਪੜਾਇਆ ਜਾਂਦਾ ਹੈ| ਪਿਛਲੇ ਕੁੱਝ ਸਮੇਂ ਤੋਂ ਵੱਖ ਵੱਖ ਸਰਕਾਰਾਂ ਦੀ ਇਹ ਪ੍ਰਵ੍ਰਿਤੀ ਹੋ ਗਈ ਹੈ ਕਿ ਉਹ ਸਿੱਖਿਆ ਵਿੱਚ ਬਦਲਾਉ ਦੇ ਨਾਮ ਤੇ ਸਿਲੇਬਸ ਵਿੱਚ ਕੁੱਝ ਨਵਾਂ ਜੋੜ ਦਿੰਦੀਆਂ ਹਨ| ਇਸ ਤਰ੍ਹਾਂ ਸਿਲੇਬਸ ਵਧਦਾ ਚਲਾ ਗਿਆ| ਕਈ ਸਿੱਖਿਆ ਮਾਹਿਰਾਂ ਨੇ ਇਸ ਤੇ ਸਵਾਲ ਚੁੱਕਿਆ ਅਤੇ ਕਿਹਾ ਕਿ ਘੱਟ ਉਮਰ ਵਿੱਚ ਬਹੁਤ ਜ਼ਿਆਦਾ ਚੀਜਾਂ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਵਿੱਚ ਬੱਚੇ ਕੁੱਝ ਨਵਾਂ ਨਹੀਂ ਸਿੱਖ ਪਾ ਰਹੇ| ਉਲਟਾ ਸਿਲੇਬਸ ਦਾ ਬੋਝ ਉਨ੍ਹਾਂ ਨੂੰ ਰੱਟੂ ਬਣਾ ਰਿਹਾ ਹੈ| ਇਹੀ ਨਹੀਂ, ਇਸ ਦਬਾਅ ਨੇ ਬੱਚਿਆਂ ਵਿੱਚ ਕਈ ਤਰ੍ਹਾਂ ਦੀਆਂ ਮਨੋਵਿਗਿਆਨਕ ਸਮੱਸਿਆਵਾਂ ਪੈਦਾ ਕੀਤੀਆਂ ਹਨ| ਇੱਕਦਮ ਛੋਟੇ ਬੱਚਿਆਂ ਨੂੰ ਹੋਮਵਰਕ ਦੇ ਭਾਰ ਤੋਂ ਮੁਕਤ ਕਰਨਾ ਜਰੂਰੀ ਹੈ|
ਆਮ ਤੌਰ ਤੇ ਬੱਚੇ ਸਕੂਲ ਤੋਂ ਆਉਣ ਤੋਂ ਬਾਅਦ ਥੱਕ ਜਾਂਦੇ ਹਨ ਅਤੇ ਉਨ੍ਹਾਂ ਦਾ ਦਿਮਾਗ ਇੱਕ ਸੀਮਾ ਤੋਂ ਬਾਅਦ ਪੜਾਈ ਵਿੱਚ ਨਹੀਂ ਲੱਗਦਾ| ਨਤੀਜਾ ਇਹ ਹੁੰਦਾ ਹੈ ਕਿ ਬੱਚਿਆਂ ਦਾ ਹੋਮਵਰਕ ਉਨ੍ਹਾਂ ਦੇ ਮਾਪੇ ਕਰਦੇ ਹਨ| ਇਸ ਤਰ੍ਹਾਂ ਹੋਮਵਰਕ ਕੁਲ ਮਿਲਾ ਕੇ ਇੱਕ ਦਿਖਾਵੇ ਦਾ ਰੂਪ ਲੈ ਚੁੱਕਿਆ ਹੈ, ਜਿਸ ਦਾ ਬਦਲ ਲੱਭਣਾ ਜਰੂਰੀ ਹੈ| ਵਰਤਮਾਨ ਸਰਕਾਰ 5ਵੀਂ ਅਤੇ 8ਵੀਂ ਵਿੱਚ ਫੇਲ ਕਰਨ ਦੇ ਸਿਸਟਮ ਨੂੰ ਫਿਰ ਤੋਂ ਲਿਆਉਣ ਦੇ ਪੱਖ ਵਿੱਚ ਹੈ, ਪਰੰਤੂ ਇਸ ਤੇ ਰਾਏ ਵੰਡੀ ਹੋਈ ਹੈ| ਕੱਚੀ ਉਮਰ ਵਿੱਚ ਪੜਾਈ ਦਾ ਦਬਾਅ ਵੱਖ ਰੁਚੀਆਂ ਵਾਲੇ ਬੱਚਿਆਂ ਨੂੰ ਕੁੰਠਿਤ ਬਣਾਉਂਦਾ ਹੈ| ਉਨ੍ਹਾਂ ਨੂੰ ਫੇਲ ਕਰਨ ਦੀ ਵਿਵਸਥਾ ਵਾਪਸ ਲਿਆਉਣੀ ਹੈ, ਤਾਂ ਉਨ੍ਹਾਂ ਨੂੰ ਦਬਾਅ ਤੋਂ ਬਚਾਉਣ ਦੇ ਰਸਤੇ ਵੀ ਲੱਭਣੇ ਪੈਣਗੇ| ਜਿਵੇਂ, 14 ਸਾਲਾਂ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਨੂੰ ਕੰਮਕਾਜੀ ਕੌਸ਼ਲ ਸਿਖਾਉਣ ਦੇ ਪ੍ਰਸਤਾਵ ਨੂੰ ਜ਼ਿਆਦਾ ਗੰਭੀਰਤਾ ਨਾਲ ਲਿਆ ਜਾਵੇ| ਤੋਤੇ ਵਾਂਗ ਰਟਾਉਣ ਦੀ ਬਜਾਏ ਬੱਚਿਆਂ ਵਿੱਚ ਕੁੱਝ ਸਿੱਖਣ ਦੀ ਰੁਚੀ ਪੈਦਾ ਹੋਵੇ, ਇਸ ਵਿੱਚ ਉਨ੍ਹਾਂ ਦੇ ਨਾਲ-ਨਾਲ ਦੇਸ਼ ਦੀ ਵੀ ਭਲਾਈ ਹੈ|
ਮੋਹਨ ਲਾਲ

Leave a Reply

Your email address will not be published. Required fields are marked *