ਸਿਵਲ ਸਰਜਨ ਦੀ ਚਿਤਾਵਨੀ, ‘ਕੋਰੋਨਾ ਵਾਇਰਸ’ ਹਾਲੇ ਖ਼ਤਮ ਨਹੀਂ ਹੋਇਆ, ਸਾਵਧਾਨੀਆਂ ਜ਼ਰੂਰੀ

ਸਿਵਲ ਸਰਜਨ ਦੀ ਚਿਤਾਵਨੀ, ‘ਕੋਰੋਨਾ ਵਾਇਰਸ’ ਹਾਲੇ ਖ਼ਤਮ ਨਹੀਂ ਹੋਇਆ, ਸਾਵਧਾਨੀਆਂ ਜ਼ਰੂਰੀ
ਬੀਮਾਰੀ ਦੇ ਖ਼ਾਤਮੇ ਲਈ ਸਿਹਤ ਵਿਭਾਗ ਪੂਰਾ ਟਿੱਲ ਲਾ ਰਿਹੈ ਪਰ ਲੋਕ ਸਹਿਯੋਗ ਦੇਣ
ਐਸ ਏ ਐਸ ਨਗਰ, 4 ਜੂਨ (ਸ.ਬ.) ‘ਕੋਰੋਨਾ ਵਾਇਰਸ’ ਮਹਾਮਾਰੀ ਤੋਂ ਬਚਾਅ ਲਈ ਲੋਕਾਂ ਨੂੰ ਮੁੜ ਚੌਕਸ ਅਤੇ ਅਪੀਲ ਕਰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਹੈ ਕਿ ਇਸ ਮਾਰੂ ਬੀਮਾਰੀ ਦਾ ਖ਼ਤਰਾ ਹਾਲੇ ਵੀ ਪਹਿਲਾਂ ਵਾਂਗ ਹੀ ਬਰਕਰਾਰ ਹੈ ਅਤੇ ਜ਼ਿਲ੍ਹੇ ਵਿਚ ਇਸ ਬੀਮਾਰੀ ਦੇ ਕੇਸ ਮੁੜ ਆਉਣ ਕਾਰਨ ਲੋਕਾਂ ਨੂੰ ਹੋਰ ਵੀ ਜ਼ਿਆਦਾ ਮੁਸਤੈਦ ਅਤੇ ਸਾਵਧਾਨ ਹੋਣ ਦੀ ਲੋੜ ਹੈ|
ਇੱਥੇ ਜਾਰੀ ਇੱਕ ਬਿਆਨ ਵਿੱਚ ਉਹਨਾਂ ਕਿਹਾ ਕਿ ਵੇਖਣ ਵਿਚ ਆਇਆ ਹੈ ਕਿ ਤਾਲਾਬੰਦੀ ਵਿਚ ਢਿੱਲ ਦਿਤੇ ਜਾਣ ਮਗਰੋਂ ਭਾਰੀ ਗਿਣਤੀ ਵਿਚ ਲੋਕ ਸਰਕਾਰੀ ਦਿਸ਼ਾ-ਨਿਰਦੇਸ਼ਾਂ ਨੂੰ ਅਣਡਿੱਠ ਕਰਦਿਆਂ ਜ਼ਰੂਰੀ ਸਾਵਧਾਨੀਆਂ ਨਹੀਂ ਵਰਤ ਰਹੇ| ਕੁੱਝ ਲੋਕਾਂ ਨੂੰ ਲੱਗ ਰਿਹਾ ਹੈ ਕਿ ਇਹ ਬੀਮਾਰੀ ਹੁਣ ਸ਼ਾਇਦ ਖ਼ਤਮ ਹੋ ਗਈ ਹੈ ਅਤੇ ਲੋਕ ਬੇਖ਼ੌਫ਼ ਹੋ ਕੇ ਮੂੰਹ ਢਕੇ ਬਿਨਾਂ ਘੁੰਮ-ਫਿਰ ਰਹੇ ਹਨ|
ਡਾ. ਮਨਜੀਤ ਸਿੰਘ ਨੇ ਕਿਹਾ ਕਿ ਕਰਫ਼ਿਊ ਜਾਂ ਤਾਲਾਬੰਦੀ ਹਟਾ ਲਏ ਜਾਣ ਜਾਂ ਢਿੱਲਾਂ ਦਿਤੇ ਜਾਣ ਦਾ ਮਤਲਬ ਇਹ ਨਹੀਂ ਕਿ ਇਹ ਬੀਮਾਰੀ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ| ਉਹਨਾਂ ਕਿਹਾ ਕਿ ਜੇ ਅਸੀਂ ਥੋੜੇ ਜਿਹੇ ਵੀ ਲਾਪਰਵਾਹ ਜਾਂ ਅਵੇਸਲੇ ਹੋਏ ਤਾਂ ਇਹ ਬੀਮਾਰੀ ਮੁੜ ਗੰਭੀਰ ਰੂਪ ਧਾਰ ਸਕਦੀ ਹੈ|
ਉਨ੍ਹਾਂ ਕਿਹਾ ਕਿ ਪਾਣੀ ਅਤੇ ਬਿਜਲੀ ਦਾ ਬਿੱਲ ਭਰਨ, ਰਸੋਈ ਗੈਸ ਸਲੰਡਰ ਭਰਵਾਉਣ ਲਈ ਅਦਾਇਗੀ ਕਰਨ, ਮੋਬਾਈਲ ਫ਼ੋਨ ਰੀਚਾਰਜ ਕਰਵਾਉਣ ਜਾਂ ਅਜਿਹੇ ਹੋਰ ਕਈ ਕੰਮ ਘਰ ਵਿਚ ਹੀ ਮੋਬਾਈਲ ਜਾਂ ਕੰਪਿਊਟਰ ਤੇ ਆਨਲਾਈਨ ਕੀਤੇ ਜਾ ਸਕਦੇ ਹਨ ਜਿਨ੍ਹਾਂ ਵਾਸਤੇ ਬਾਹਰ ਬਾਜ਼ਾਰ ਵਿਚ ਜਾਣ ਦੀ ਕੋਈ ਲੋੜ ਨਹੀਂ| ਉਨ੍ਹਾਂ ਕਿਹਾ ਕਿ ਦੁਕਾਨਾਂ ਵਿਚ ਗਾਹਕਾਂ ਦੀ ਭੀੜ ਨਹੀਂ ਹੋਣੀ ਚਾਹੀਦੀ ਅਤੇ ਸਮਾਜਕ ਦੂਰੀ ਹਰ ਹਾਲਤ ਵਿਚ ਕਾਇਮ ਰੱਖੀ ਜਾਣੀ ਚਾਹੀਦੀ ਹੈ| ਦੁਕਾਨ ਵਿਚ ਦਾਖ਼ਲ ਹੋਣ ਵੇਲੇ ਅਤੇ ਬਾਹਰ ਆਉਣ ਸਮੇਂ ਵੀ ਹੱਥ ਧੋਣੇ ਚਾਹੀਦੇ ਹਨ|
ਉਨ੍ਹਾਂ ਕਿਹਾ ਕਿ ‘ਕੋਰੋਨਾਵਾਇਰਸ’ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਨੇ ਜਨਤਕ ਥਾਵਾਂ ਤੇ ਲੋਕਾਂ ਲਈ ਮਾਸਕ ਪਾਉਣਾ ਲਾਜ਼ਮੀ ਕੀਤਾ ਹੋਇਆ ਹੈ| ਜਿਹੜੇ ਵਿਅਕਤੀ ਜਨਤਕ ਸਥਾਨਾਂ ਉਤੇ ਬਿਨਾਂ ਮਾਸਕ ਨਜ਼ਰ ਆ ਰਹੇ ਹਨ, ਉਨ੍ਹਾਂ ਦਾ ਮਹਾਮਾਰੀ ਰੋਕਥਾਮ ਕਾਨੂੰਨ ਦੀਆਂ ਧਾਰਾਵਾਂ ਅਨੁਸਾਰ ਚਲਾਨ ਕਟਿਆ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਸਕੂਟਰ, ਮੋਟਰਸਾਈਕਲ, ਕਾਰ, ਜੀਪ, ਬੱਸ ਆਦਿ ਵਿਚ ਸਫ਼ਰ ਕਰਦੇ ਸਮੇਂ ਮੂੰਹ ਢਕਿਆ ਹੋਣਾ ਚਾਹੀਦਾ ਹੈ|

Leave a Reply

Your email address will not be published. Required fields are marked *